12 ਜੂਨ ਨੂੰ ਪੇਸ਼ ਹੋਣ ਲਈ ਸਿੱਧੂ ਮੂਸੇਵਾਲਾ ਨੂੰ ਜਾਰੀ ਕੀਤਾ ਹੋਇਆ ਨੌਟਿਸ
ਹਰਿੰਦਰ ਨਿੱਕਾ ਬਰਨਾਲਾ 12 ਜੂਨ 2020
ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਅੱਜ ਐਸਪੀ ਪੀਬੀਆਈ ਬਰਨਾਲਾ ਦੇ ਦਫਤਰ ਚ, ਪਹੁੰਚੇਗਾ, ਇਹ ਸਵਾਲ ਸ਼ੁਕਰਵਾਰ ਸ਼ਾਮ ਤੱਕ ਲੋਕਾਂ ਲਈ ਬੁਝਾਰਤ ਹੀ ਬਣਿਆ ਰਹੇਗਾ। ਵਰਣਨਯੋਗ ਹੈ ਕਿ ਮੂਸੇਵਾਲਾ ਨੂੰ ਥਾਣਾ ਧਨੌਲਾ ਵਿਖੇ 4 ਮਈ ਨੂੰ ਦਰਜ਼ ਕੇਸ ਚ, ਪੇਸ਼ ਹੋਣ ਲਈ ਮਾਮਲੇ ਦੇ ਜਾਂਚ ਅਧਿਕਾਰੀ ਐਸਪੀ ਰੁਪਿੰਦਰ ਭਾਰਦਵਾਜ ਨੇ ਨੋਟਿਸ ਦੇ ਕੇ ਤਲਬ ਕੀਤਾ ਹੋਇਆ ਹੈ। ਸਿੱਧੂ ਨੂੰ ਇਹ ਦੂਜਾ ਨੋਟਿਸ ਭੇਜਿਆ ਗਿਆ ਹੈ, ਜਦੋਂ ਕਿ ਉਸਨੇ ਪਹਿਲਾਂ ਦਿੱਤੇ ਪੁਲਿਸ ਦੇ ਨੋਟਿਸ ਨੂੰ ਵੀ ਟਿੱਚ ਕਰਕੇ ਸਮਝਿਆ ਸੀ। ਅੱਜ ਦੇ ਨੋਟਿਸ ਦਾ ਹਸ਼ਰ ਵੀ ਪਹਿਲੇ ਨੋਟਿਸ ਦੇ ਹਸ਼ਰ ਤੋਂ ਵੱਖ ਹੋਣ ਦੇ ਅਸਾਰ ਘੱਟ ਹੀ ਨਜ਼ਰ ਆ ਰਹੇ ਹਨ, ਇਸ ਦਾ ਕਾਰਣ ਇਹ ਹੈ ਕਿ ਸਿੱਧੂ ਮੂਸੇਵਾਲਾ ਨੇ ਹਾਲੇ ਤੱਕ ਐਂਟੀਸਪੇਟਰੀ ਜਮਾਨਤ ਵੀ ਅਦਾਲਤ ਚ, ਨਹੀਂ ਲਾਈ। ਇਸ ਕੇਸ ਚ, ਨਾਮਜਦ ਨੈਸ਼ਨਲ ਸ਼ੂਟਰ ਜੰਗਸ਼ੇਰ ਸਿੰਘ ਹਾਈਕੋਟ ਦੇ ਹੁਕਮ ਅਨੁਸਾਰ ਜਾਂਚ ਅਧਿਕਾਰੀ ਦੇ ਪਾਸ ਪੜਤਾਲ ਚ, ਸ਼ਾਮਿਲ ਹੋ ਚੁੱਕਾ ਹੈ। ਜਿਕਰਯੋਗ ਹੈ ਕਿ ਸਿੱਧੂ ਦੁਆਰਾ ਪੁਲਿਸ ਮੁਲਾਜਮਾਂ ਨੂੰ ਨਾਲ ਲੈ ਕੇ ਪਿੰਡ ਬਡਬਰ ਚ, ਲੌਕਡਾਉਨ ਦੇ ਦੌਰਾਨ AK 47 ਰਾਈਫਲ ਨਾਲ ਕੀਤੀ ਫਾਇਰਿੰਗ ਦਾ ਕੇਸ ਧਨੌਲਾ ਥਾਂਣੇ ਚ, ਦਰਜ਼ ਕੀਤਾ ਗਿਆ ਸੀ। ਕੇਸ ਦਰਜ ਕਰਨ ਸਮੇਂ ਪੁਲਿਸ ਅਧਿਕਾਰੀਆਂ ਨੇ ਸਿੱਧੂ ਤੇ ਪੁਲਿਸ ਮੁਲਾਜਮਾਂ ਨੂੰ ਰਾਹਤ ਦੇਣ ਦੀ ਮੰਸ਼ਾ ਨਾਲ 188 ਆਈਪੀਸੀ ਅਤੇ ਡਿਜਾਸਟਰ ਮੈਨੇਜਮੈਂਟ ਦੀ ਧਾਰਾ ਅਧੀਨ ਕੇਸ ਦਰਜ਼ ਕਰਕੇ ਬੁੱਤਾ ਸਾਰ ਦਿੱਤਾ ਸੀ। ਪਰੰਤੂ ਹਾਈਕੋਰਟ ਦੇ ਪ੍ਰਸਿੱਧ ਵਕੀਲ ਰਵੀ ਜੋਸ਼ੀ ਨੇ ਹਾਈਕੋਰਟ ਚ, ਪੀਆਈਐਲ ਦਾਇਰ ਕਰ ਦਿੱਤੀ ਸੀ। ਜਿਸ ਤੋਂ ਬਾਅਦ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਅਸਲਾ ਐਕਟ ਅਤੇ 120 ਬੀ ਆਈਪੀਸੀ ਦੇ ਜੁਰਮ ਚ ਵਾਧਾ ਕਰ ਦਿੱਤਾ ਸੀ। ਹੁਣ ਇਸ ਕੇਸ ਦੀ ਪੜਤਾਲ ਭਾਵੇ ਐਸਪੀ ਭਾਰਦਵਾਜ ਕਰ ਰਹੇ ਹਨ। ਪਰੰਤੂ ਕੇਸ ਦੀ ਸੁਪਰਵੀਜਨ ਆਈਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਨੇ ਐਸਐਸਪੀ ਬਰਨਾਲਾ ਤੋਂ ਬਦਲ ਕੇ ਐਸਐਸਪੀ ਸੰਦੀਪ ਗਰਗ ਸੰਗਰੂਰ ਨੂੰ ਸੌਂਪ ਦਿੱਤੀ ਹੈ।