ਪੰਘੂੜੇ ਵਾਲੀ ਘੰਟੀ ਬੰਦ, ਸੀਸੀਟੀਵੀ ਕੈਮਰੇ ਦਾ ਡੀਵੀਆਰ ਹੋਇਆ ਖਰਾਬ
ਹਰਿੰਦਰ ਨਿੱਕਾ ਬਰਨਾਲਾ 11 ਜੂਨ 2020
ਨਵਜੰਮੀ ਬੱਚੀ ਨੂੰ ਨਾ ਜਨਮ ਦੇਣ ਵਾਲੇ ਮਾਪਿਆਂ ਨੇ ਰੱਖਿਆ ਅਤੇ ਨਾ ਹੀ ਸਿਵਲ ਹਸਪਤਾਲ ਚ, ਬਣਿਆ ਪੰਘੂੜਾ ਬੱਚੀ ਨੂੰ ਜਿੰਦਗੀ ਦੇ ਸਕਿਆ। ਵਿਚਾਰੀ ਲਾਵਾਰਿਸ ਬੱਚੀ ਨੇ ਲੋਹੜੇ ਦੀ ਗਰਮੀ ਤੇ ਹੁੰਮਸ ਭਰੇ ਪੰਘੂੜੇ ਚ, ਹੀ ਤੜਫ ਤੜਫ ਤੇ ਪ੍ਰਾਣ ਤਿਆਗ ਦਿੱਤੇ। ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੇ ਮੁੱਖ ਗੇਟ ਤੇ ਲਾਵਾਰਿਸ ਬੱਚੀਆਂ ਨੂੰ ਸੰਭਾਲਣ ਲਈ ਬਣਾਏ ਪੰਘੂੜੇ ਚ, ਬੱਚੀ ਦਾ ਮਰ ਜਾਣਾ, ਤੇ ਘੰਟਿਆਂ ਬੱਧੀ ਕਿਸੇ ਦਾ ਰੋ ਰਹੀ ਬੱਚੀ ਕੋਲ ਨਾ ਪਹੁੰਚਣਾ ਇਨਸਾਨੀਅਤ ਅਤੇ ਹਸਪਤਾਲ ਦੇ ਡਿਊਟੀ ਤੇ ਤਾਇਨਾਤ ਸਟਾਫ ਦੇ ਮੱਥੇ ਤੇ ਬਦਨੁਮਾ ਦਾਗ ਹੋ ਨਿਬੜਿਆ।
ਪੰਘੂੜੇ ਵਾਲੇ ਕਮਰੇ ਦੇ ਬਾਹਰ ਸੂਚਨਾ ਦੇਣ ਲਈ ਲਗਾਈ ਘੰਟੀ ਬੰਦ ਸੀ, ਪੰਘੂੜੇ ਤੇ ਹਰ ਪਲ ਨਜ਼ਰ ਰੱਖਣ ਲਈ ਲਾਇਆ ਸੀਸੀਟੀਵੀ ਕੈਮਰਾ ਦੀ ਅੱਖ ਵੀ ਤੜਫ ਤੜਫ ਕੇ ਜਾਨ ਤੋੜ ਦੀ ਬੱਚੀ ਦਾ ਮੰਜਰ ਕੈਦ ਨਹੀਂ ਕਰ ਸਕੀ। ਨਤੀਜੇ ਵੱਜੋਂ ਇਸ ਪੰਘੂੜੇ ਦੇ ਇਤਹਾਸ ਚ, ਪਹਿਲੀ ਵਾਰ ਪੰਘੂੜੇ ਵਿੱਚੋ ਨਵਜੰਮੀ ਦੀ ਲਾਸ਼ ਬਰਾਮਦ ਹੋਈ। ਸਿਹਤ ਮੁਲਾਜਿਮਾਂ ਨੇ ਬੱਚੀ ਨੂੰ ਕਬਜੇ ਚ, ਲੈ ਲਿਆ ਹੈ। ਸ਼ੁਕਰਵਾਰ ਨੂੰ ਬੱਚੀ ਦਾ ਪੋਸਟਮਾਰਟਮ ਕਰਵਾਉਣ ਸਬੰਧੀ ਨਿਰਣਾ ਲਿਆ ਜਾਵੇਗਾ। ਇਸ ਸਬੰਧੀ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਸਵੇਰੇ ਕਰੀਬ 8:10 ਵਜੇ ਜਦੋਂ ਸਫਾਈ ਕਰਮਚਾਰੀ ਰੋਜਾਨਾ ਦੀ ਤਰਾਂ ਪੰਘੂੜੇ ਵਾਲੇ ਕਮਰੇ ਦੀ ਸਫਾਈ ਕਰਨ ਪਹੁੰਚੀ ਤਾਂ ਉਸਨੇ ਪੰਘੂੜੇ ਵਿੱਚ ਪਈ ਬੱਚੀ ਬਾਰੇ ਆਲ੍ਹਾ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਾਂਚ ਕਰਨ ਤੇ ਪਾਇਆ ਕਿ ਬੱਚੀ ਚੋਂ ਭੋਰ ਉੱਡ ਚੁੱਕਿਆ ਹੈ। ।
ਬੱਚੀ ਨੂੰ ਮੁਰਦਾ ਘਰ ਚ, ਸੰਭਾਲਿਆ ਗਿਆ ਹੈ। ਐਸਐਮਉ ਨੇ ਕਿਹਾ ਕਿ ਬੱਚੀ ਦਾ ਪੋਸਟਮਾਰਟਮ ਕਰਵਾਉਣ ਦਾ ਨਿਰਣਾ ਸ਼ੁਕਰਵਾਰ ਨੂੰ ਸਿਹਤ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰੇ ਉਪਰੰਤ ਲਿਆ ਜਾਵੇਗਾ। ਕਿਉਂਕਿ ਨਵਜੰਮੀ ਬੱਚੀ ਦਾ ਪੋਸਟਮਾਰਟਮ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਹੀ ਸੰਭਵ ਹੈ।
-ਸਿਹਤ ਮੁਲਾਜਿਮਾਂ ਦੀ ਲਾਪਰਵਾਹੀ ਦਰਸਾਉਂਦੇ ਕੁਝ ਸਵਾਲ
-ਪੰਘੂੜੇ ਵਾਲੇ ਕਮਰੇ ਨਾਲ ਬੱਚਾ ਰੱਖਣ ਸਮੇਂ ਸੂਚਿਤ ਕਰਨ ਵਾਲੀ ਘੰਟੀ ਬੰਦ ਸੀ ?
-ਕਮਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਨਹੀਂ ਚੱਲ ਰਿਹਾ ਸੀ ?
-ਕਮਰਾ ਹਵਾਦਾਰ ਨਹੀਂ ਹੈ, ਨਾ ਹੀ ਉਸ ਵਿੱਚ ਛੱਤ ਪੱਖਾ ਚਾਲੂ ਸੀ ?
-ਬੱਚੀ ਨੂੰ ਕੌਣ ਕਦੋਂ ਰੱਖ ਕੇ ਗਿਆ, ਕਿੰਨ੍ਹਾਂ ਸਮਾਂ ਬੱਚੀ ਪੰਘੂੜੇ ਚ, ਜਿੰਦਾ ਰਹੀ ?
ਇੱਨ੍ਹਾਂ ਸਵਾਲਾਂ ਦੇ ਜਵਾਬ ਚ, ਐਸਐਮਉ ਜੋਤੀ ਕੌਸ਼ਲ ਨੇ ਕਿਹਾ ਕਿ ਪੰਘੂੜੇ ਵਾਲੇ ਕਮਰੇ ਦੀ ਐਮਸੀਲ ਬੰਦ ਹੋਣ ਕਾਰਣ ਨਾ ਬਿਜਲੀ ਦੀ ਅਣਹੋਂਦ ਚ, ਘੰਟੀ ਵੱਜੀ ਤੇ ਨਾ ਹੀ ਪੱਖਾ ਚੱਲ ਸਕਿਆ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਸਮੇਂ ਪਤਾ ਲੱਗਿਆ ਕਿ ਡੀਵੀਆਰ ਚੱਲ ਹੀ ਨਹੀਂ ਰਿਹਾ। ਉਨ੍ਹਾਂ ਮੰਨਿਆ ਕਿ ਕਿਸੇ ਵੀ ਕਰਮਚਾਰੀ ਨੇ ਉਨ੍ਹਾਂ ਨੂੰ ਡੀਵੀਆਰ ਖਰਾਬ ਹੋਣ ਦੀ ਜਾਣਕਾਰੀ ਨਹੀਂ ਸੀ ਦਿੱਤੀ। ਬੱਚੀ ਨੂੰ ਕੌਣ ਕਦੋਂ ਪੰਘੂੜੇ ਚ, ਰੱਖ ਕੇ ਗਿਆ, ਇਸ ਡੀਵੀਆਰ ਖਰਾਬ ਹੋਣ ਕਰਕੇ ਪਤਾ ਕਰਨਾ ਹੁਣ ਸੰਭਵ ਹੀ ਨਹੀਂ ਰਿਹਾ।
ਭਰੋਸਯੋਗ ਸੂਤਰਾਂ ਅਨੁਸਾਰ ਬੱਚੀ ਨੂੰ ਬੁੱਧਵਾਰ ਕਰੀਬ 4 ਵਜੇ ਪੰਘੂੜੇ ਚ, ਰੱਖਿਆ ਗਿਆ ਸੀਸ ਪਰੰਤੂ ਪੰਘੂੜੇ ਵਾਲੀ ਘੰਟੀ ਬੰਦ ਸੀ। ਜਿਸ ਕਾਰਣ ਹਸਪਤਾਲ ਦੇ ਸਟਾਫ ਨੂੰ ਬੱਚੀ ਦੇ ਪੰਘੂੜੇ ਚ, ਪਈ ਹੋਣ ਦਾ ਪਤਾ ਹੀ ਨਹੀਂ ਲੱਗ ਸਕਿਆ। ਸੀਸੀਟੀਵੀ ਕੈਮਰੇ ਦੀ ਅੱਖ ਨੇ ਪੂਰਾ ਮੰਜਰ ਕੈਦ ਜਰੂਰ ਕੀਤਾ। ਪਰੰਤੂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਲਾਪਰਵਾਹੀ ਦੇ ਸਬੂਤ ਮਿਟਾਉਣ ਲਈ, ਕੈਮਰੇ ਦਾ ਡੀਵੀਆਰ ਹੀ ਖਰਾਬ ਕਰਕੇ ਸਬੂਤ ਖੁਰਦ ਬੁਰਦ ਕਰ ਦਿੰਤੇ। ਜਥੇਦਾਰ ਅਮਰ ਸਿੰਘ ਅਤੇ ਪ੍ਰਸ਼ੋਤਮ ਸਿੰਘ ਮਠਾੜੂ ਨੇ ਕਿਹਾ ਕਿ ਬੱਚੀ ਦੀ ਜਾਨ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਾਰਣ ਗਈ ਹੈ। ਲਾਪਰਵਾਹੀ ਕਰਨ ਵਾਲੇ ਸਟਾਫ ਦੀ ਸ਼ਿਨਾਖਤ ਕਰਨ ਵਾਲੇ ਸਟਾਫ ਦੀ ਸ਼ਿਨਾਖਤ ਕਰਕੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਪ੍ਰਬੰਧਨ ਨੇ ਆਪਣੇ ਸਟਾਫ ਨੂੰ ਬਚਾਉਣ ਲਈ ਕੋਈ ਕਾਰਵਾਈ ਅਮਲ ਚ ਨਾ ਲਿਆਂਦੀ, ਤਾਂ ਉਹ ਹਾਈਕੋਰਟ ਚ, ਪੀਆਈਐਲ ਦਾਇਰ ਕਰਨਗੇ।