3 ਮੈਂਬਰੀ ਮੈਡੀਕਲ ਬੋਰਡ ਨੇ ਕੀਤਾ ਨੰਨ੍ਹੀ ਪਰੀ ਦਾ ਪੋਸਟਮਾਰਟਮ
ਹਰਿੰਦਰ ਨਿੱਕਾ ਬਰਨਾਲਾ 12 ਜੂਨ 2020
ਸਿਵਲ ਹਸਪਤਾਲ ਦੇ ਪੰਘੂੜੇ ਚ, ਤੜਫ ਤੜਫ ਕੇ ਮਰੀ ਬੱਚੀ ਦੀਆਂ ਕਿਲਕਾਰੀਆਂ ਭਾਂਵੇ ਉਸ ਦੇ ਜਿੰਦਾ ਰਹਿਣ ਸਮੇਂ ਹਸਪਤਾਲ ਦੇ ਤਾਇਨਾਤ ਸਟਾਫ ਨੂੰ ਸੁਣਾਈ ਨਹੀਂ ਦਿੱਤੀਆਂ। ਪਰੰਤੂ ਉਸ ਦੇ ਸਦਾ ਲਈ ਖਾਮੋਸ਼ ਹੋ ਜਾਣ ਤੋਂ ਬਾਅਦ ਬਰਨਾਲਾ ਟੂਡੇ ਦੁਆਰਾ ਪੂਰੇ ਘਟਨਾਕ੍ਰਮ ਅਤੇ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਨੂੰ ਪ੍ਰਮੁੱਖਤਾ ਨਾਲ ਨਸ਼ਰ ਕਰਨ ਕਰਕੇ ਲਾਵਾਰਿਸ ਬੱਚੀ ਦੀ ਆਵਾਜ ਨੂੰ ਅਜਿਹਾ ਜੋਰਦਾਰ ਬੁਲੰਦ ਕੀਤਾ ਕਿ ਸਿਵਲ ਸਰਜ਼ਨ ਗੁਰਿੰਦਰਬੀਰ ਸਿੰਘ ਨੇ ਐਸਐਮਉ ਤੋਂ ਜੁਆਬ ਤਲਬ ਕਰਕੇ 3 ਦਿਨ ਦੇ ਅੰਦਰ ਅੰਦਰ ਪੂਰੇ ਨਵਜੰਮੀ ਬੱਚੀ ਦੀ ਮੌਤ ਦੇ ਕਾਰਣਾਂ ਅਤੇ ਕਥਿਤ ਲਾਪਰਵਾਹੀ ਦੇ ਸਬੰਧ ਚ, ਜੁਆਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ।
-ਮੈਡੀਕਲ ਬੋਰਡ ਨੇ ਕੀਤਾ ਪੋਸਟਮਾਰਟਮ
ਸਿਵਲ ਸਰਜਨ ਨੇ ਦੱਸਿਆ ਕਿ 3 ਮੈਂਬਰੀ ਮੈਡੀਕਲ ਬੋਰਡ ਚ, ਸੰਗਰੂਰ ਹਸਪਤਾਲ ਦੇ ਫੋਰੈਂਸਿਕ ਮੈਡੀਸਨ ਦੇ ਡਾਕਟਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਤਿੰਨ ਮੈਂਬਰੀ ਮੈਡੀਕਲ ਬੋਰਡ ਨੇ ਨਵਜੰਮੀ ਬੱਚੀ ਦਾ ਪੋਸਟਮਾਰਟਮ ਕਰ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਇਹ ਖੁਲਾਸਾ ਹੋ ਸਕੇਗਾ ਕਿ ਪੋਸਟਮਾਰਟਮ ਤੋਂ ਕਿੰਨਾਂ ਸਮਾਂ ਪਹਿਲਾਂ ਬੱਚੀ ਦੀ ਮੌਤ ਹੋ ਚੁੱਕੀ ਹੈ। ਵਰਨਣਯੋਗ ਹੈ ਕਿ ਵੀਰਵਾਰ ਦੀ ਸੁਭਾ ਹਸਪਤਾਲ ਦੇ ਸਟਾਫ ਨੂੰ ਪੰਘੂੜੇ ਚੋਂ ਮਰੀ ਹੋਈ ਬੱਚੀ ਮਿਲੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਬੱਚੀ ਨੂੰ ਅਣਪਛਾਤਾ ਵਿਅਕਤੀ ਮੰਗਲਵਾਰ ਨੂੰ 4 ਕੁ ਵਜੇ ਪੰਘੂੜੇ ਚ, ਰੱਖ ਕੇ ਗਿਆ ਸੀ। ਉਸ ਸਮੇਂ ਪੰਘੂੜੇ ਕੋਲ ਲੱਗੀ ਘੰਟੀ ਬੰਦ ਸੀ, ਸੀਸੀਟੀਵੀ ਦੀ ਫੁਟੇਜ ਦੇਖਣ ਸਮੇਂ ਡਾਕਟਰਾਂ ਨੂੰ ਪਤਾ ਲੱਗਿਆ ਕਿ ਕੈਮਰੇ ਦੀ ਡੀਵੀਆਰ ਹੀ ਖਰਾਬ ਪਈ ਹੈ। ਐਸਐਮਉ ਅਨੁਸਾਰ ਉਨਾਂ ਨੂੰ ਹਸਪਤਾਲ ਦੇ ਸਬੰਧਿਤ ਸਟਾਫ ਨੇ ਇਸ ਘਟਨਾਕ੍ਰਮ ਤੋਂ ਪਹਿਲਾਂ ਕਿਸੇ ਨੇ ਵੀ ਅਜਿਹੀ ਸੂਚਨਾ ਨਹੀਂ ਦਿੱਤੀ ਸੀ।