ਅਸ਼ੋਕ ਵਰਮਾ, ਬਠਿੰਡਾ 2 ਨਵੰਬਰ 2023
ਹੁਣੇ ਹੁਣੇ ਭਾਜਪਾ ਛੱਡਕੇ ਆਪਣੇ ਕਾਂਗਰਸੀ ਘਰ ’ਚ ਵਾਪਿਸ ਕਰਨ ਵਾਲੇ ਸਾਬਕਾ ਮਾਲ ਮੰਤਰੀ ਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਜੁਆਈ ਗੁਰਸ਼ੇਰ ਸਿੰਘ ਨੂੰ ਪਿਛਲੀ ਕਾਂਗਰਸ ਸਰਕਾਰ ਦੇ ਰਾਜ ’ਚ ਸਰਕਾਰੀ ਨੌਕਰੀ ਦੇਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪੁੱਜ ਗਿਆ ਹੈ। ਪਟੀਸ਼ਨਕਰਤਾ ਪਰਮਜੀਤ ਸਿੰਘ ਸੰਧੂ ਨੇ ਆਪਣੇ ਵਕੀਲ ਰਾਹੀਂ ਪਟੀਸ਼ਨ ਦਾਇਰ ਕਰਕੇ ਇਸ ਨਿਯੁਕਤੀ ਨੂੰ ਨਿਯਮਾਂ ਖਿਲਾਫ ਕਰਾਰ ਦਿੰਦਿਆਂ ਹਾਈਕੋਰਟ ’ਚ ਚੁਣੌਤੀ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ’ਚ ਪੰਜਾਬ ਸਰਕਾਰ ਅਤੇ ਗੁਰਸ਼ੇਰ ਸਿੰਘ ਨੂੰ 9 ਜਨਵਰੀ 2024 ਨੂੰ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ। ਮਾਮਲੇ ਦੇ ਹਾਈਕੋਰਟ ਜਾਣ ਨਾਲ ਸਾਬਕਾ ਮੰਤਰੀ ਦੇ ਜੁਆਈ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਾਂਗਰਸ ਦਾ ਰਾਜ ਭਾਗ ਜਾਣ ਤੋਂ ਬਾਅਦ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮਾਲ ਮੰਤਰੀ ਲਈ ਮੁੜ ਤੋਂ ਕਾਂਗਰਸੀ ਹੱਥ ਫੜਦਿਆਂ ਸਾਰ ਹੀ ਇਹ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਜਦੋਂ ਇਹ ਨੌਕਰੀ ਦਿੱਤੀ ਗਈ ਸੀ ਤਾਂ ਉਦੋਂ ਵੀ ਕੈਪਟਨ ਸਰਕਾਰ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਸਨ। ਪਿਛਲੀ ਕਾਂਗਰਸ ਸਰਕਾਰ ਦੀ ਹਕੂਮਤ ਦੌਰਾਨ ਸਤੰਬਰ 2021’ਚ ਗੁਰਸ਼ੇਰ ਸਿੰਘ ਨੂੰ ਤਰਸ ਦੇ ਅਧਾਰ ’ਤੇ ਟੈਕਸੇਸ਼ਨ ਵਿਭਾਗ ’ਚ ਇੰਸਪੈਕਟਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਸੀ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਹੈ ਕਿ ਗੁਰਸ਼ੇਰ ਸਿੰਘ ਦੀ ਨਿਯੁਕਤੀ ਉਨ੍ਹਾਂ ਦੇ ਸਰਕਾਰੀ ਅਧਿਕਾਰੀ ਪਿਤਾ ਦੀ ਮੌਤ ਤੋਂ ਨੌਂ ਸਾਲਾਂ ਬਾਅਦ ਕੀਤੀ ਗਈ ਹੈ।
ਪਟੀਸ਼ਨਰ ਨੇ ਹਾਈ ਕੋਰਟ ‘ਚ ਦਲੀਲ ਦਿੱਤੀ ਹੈ ਕਿ ਗੁਰਸ਼ੇਰ ਸਿੰਘ ਨੂੰ ਪੰਜਾਬ ਸਰਕਾਰ ਦੀ ਨੀਤੀ ਦੀ ਉਲੰਘਣਾ ਕਰ ਕੇ ਨਿਯੁਕਤ ਕੀਤਾ ਗਿਆ ਹੈ। ਪਟੀਸ਼ਨਰ ਮੁਤਾਬਕ ਇਸ ਨੀਤੀ ਤਹਿਤ ਤਰਸ ਦੇ ਆਧਾਰ ‘ਤੇ ਨਿਯੁਕਤੀ ਤਾਂ ਕੀਤੀ ਜਾ ਸਕਦੀ ਹੈ ਪਰ ਪਰਿਵਾਰ ਗ਼ਰੀਬ ਤੇ ਮ੍ਰਿਤਕ ਵਿਅਕਤੀ ਪਰਿਵਾਰ ‘ਚ ਕਮਾਉਣ ਵਾਲਾ ਇੱਕੋ ਇੱਕ ਜੀਅ ਹੋਣਾ ਚਾਹੀਦਾ ਹੈ। ਇਸੇ ਤਹਿਤ ਮ੍ਰਿਤਕ ਸਰਕਾਰੀ ਮੁਲਾਜਮ ਜਾਂ ਅਧਿਕਾਰੀ ਦੇ ਵਾਰਿਸਾਂ ਨੂੰ ਮੌਤ ਦੀ ਮਿਤੀ ਤੋਂ ਇੱਕ ਸਾਲ ਦੇ ਅੰਦਰ ਨੌਕਰੀ ਲਈ ਅਰਜ਼ੀ ਦੇਣੀ ਲਾਜ਼ਮੀ ਹੁੰਦੀ ਹੈ। ਇਸ ਨੀਤੀ ਵਿੱਚ ਇਹ ਵੀ ਸਪਸ਼ਟ ਹੈ ਕਿ ਜੇਕਰ ਦੇਰੀ ਦਾ ਕੋਈ ਵਾਜਿਬ ਕਾਰਨ ਹੋਵੇ, ਤਾਂ ਉਮੀਦਵਾਰ ਦੀ ਅਰਜੀ 5 ਸਾਲ ਦੇਰ ਕਰਨ ਦੀ ਹੱਦ ਤੱਕ ਵੀ ਪ੍ਰਵਾਨ ਕੀਤੀ ਜਾ ਸਕਦੀ ਹੈ। ਇਹ ਵੀ ਸਾਫ ਹੈ ਬਸ਼ਰਤੇ ਕਾਰਨ ਜਾਇਜ਼ ਹੋਣ ਅਤੇ ਪ੍ਰਸੋਨਲ ਵਿਭਾਗ ਤੋਂ ਵਿਸ਼ੇਸ਼ ਪ੍ਰਵਾਨਗੀ ਲਈ ਜਾਣੀ ਹੁੰਦੀ ਹੈ।
ਇਨ੍ਹਾਂ ਹਾਲਤ ਵਿੱਚ ਪੰਜ ਸਾਲ ਦੇ ਅੰਦਰ ਵੀ ਮ੍ਰਿਤਕ ਮੁਲਾਜਮ ਦੇ ਵਾਰਿਸ ਨੂੰ ਨੌਕਰੀ ਤੇ ਨਿਯੁਕਤ ਕੀਤਾ ਜਾ ਸਕਦਾ ਹੈ। ਗੁਰਸ਼ੇਰ ਸਿੰਘ ਦੇ ਪਿਤਾ ਦੀ ਮੌਤ 28 ਸਤੰਬਰ 2011 ਨੂੰ ਹੋਈ ਸੀ ਜਦੋਂਕਿ ਨੌ ਸਾਲ ਬਾਅਦ 19 ਅਕਤੂਬਰ 2020 ਨੂੰ ਤਰਸ ਦੇ ਅਧਾਰ ਤੇ ਨੌਕਰੀ ਲਈ ਅਰਜੀ ਦਿੱਤੀ ਗਈ ਸੀ। ਪਟੀਸ਼ਨਕਰਤਾ ਨੇ ਦਲੀਲ ਦਿੱਤੀ ਹੈ ਕਿ ਗੁਰਸ਼ੇਰ ਸਿੰਘ ਦੇ ਮਾਮਲੇ ’ਚ ਨਿਯਮਾਂ ਨੂੰ ਇਸ ਕਰਕੇ ਦਰਕਿਨਾਰ ਕੀਤਾ ਗਿਆ ਕਿ ਉਹ ਤੱਤਕਾਲੀ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਜੁਆਈ ਹੈ। ਪਟੀਸ਼ਨ ’ਚ ਦੱਸਿਆ ਗਿਆ ਹੈ ਕਿ ਗੁਰਸ਼ੇਰ ਸਿੰਘ ਆਰਥਿਕ ਤੌਰ ਤੇ ਵੀ ਮਜ਼ਬੂਤ ਹੈ ਇਸ ਕਰਕੇ ਇਹ ਮਾਮਲਾ ਗਰੀਬੀ ਦਾ ਵੀ ਨਹੀਂ ਬਣਦਾ ਹੈ। ਸੂਤਰ ਦੱਸਦੇ ਹਨ ਕਿ ਸੁਣਵਾਈ ਦੌਰਾਨ ਹੋਰ ਵੀ ਕਾਫੀ ਤੱਥ ਸਾਹਮਣੇ ਆਉਣ ਦੀ ਉਮੀਦ ਹੈ ਜਿੰਨ੍ਹਾਂ ਦੇ ਬੇਪਰਦ ਹੋਣ ਨਾਲ ਕਾਂਗੜ ਦੇ ਜੁਆਈ ਦੀ ਨੌਕਰੀ ਨੂੰ ਖਤਰਾ ਬਣ ਸਕਦਾ ਹੈ।
ਈਟੀਓ ਸਨ ਗੁਰਸ਼ੇਰ ਦੇ ਪਿਤਾ
ਜਾਣਕਾਰੀ ਅਨੁਸਾਰ ਗੁਰਸ਼ੇਰ ਸਿੰਘ ਕਾਮਰਸ ਗਰੈਜੂਏਟ ਹੈ ਅਤੇ ਉਨ੍ਹਾਂ ਦੇ ਪਿਤਾ ਭੂਪਜੀਤ ਸਿੰਘ ਆਬਕਾਰੀ ਤੇ ਕਰ ਵਿਭਾਗ ’ਚ ਐਕਸਾਈਜ਼ ਐਡ ਟੈਕਸੇਸ਼ਨ ਅਫਸਰ ਵਜੋਂ ਤਾਇਨਾਤ ਸਨ । ਉਦੋਂ ਭੂਪਜੀਤ ਸਿੰਘ ਦੀ 28 ਸਤੰਬਰ 2011 ’ਚ ਮੌਤ ਹੋ ਗਈ ਸੀ। ਇਹ ਉਹੀ ਭੂਪਜੀਤ ਸਿੰਘ ਹਨ ਜੋ ਸਾਲ 2002 ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤੱਤਕਾਲੀ ਚੇਅਰਮੈਨ ਰਵੀ ਸਿੱਧੂ ਖਿਲਾਫ ਸ਼ਿਕਾਇਤਕਰਤਾ ਸਨ। ਭੂਪਜੀਤ ਸਿੰਘ ਨੇ 25 ਮਾਰਚ 2002 ਨੂੰ ਰਵੀ ਸਿੱਧੂ ਨੂੰ ਪੰਜ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਾਇਆ ਸੀ । ਦੂਜੇ ਪਾਸੇ ਕਾਂਗੜ ਸ਼ੁਰੂ ਤੋਂ ਹੀ ਕੈਪਟਨ ਨਾਲ ਜੁੜੇ ਰਹੇ ਹਨ । ਸਤੰਬਰ 2021 ’ਚ ਮੁੱਖ ਮੰਤਰੀ ਕੈਪਟਨ ਦੀ ਕੁਰਸੀ ਡਿੱਕਡੋਲੇ ਖਾ ਰਹੀ ਸੀ। ਸੂਤਰਾਂ ਮੁਤਾਬਕ ਕਾਂਗੜ ਨਾਲ ਨੇੜਤਾ ਤੇ ਸਿਆਸੀ ਲੋੜਾਂ ਕਾਰਨ ਨੂੰ ਬਾਗੋਬਾਗ ਕਰਨ ਲਈ ਨੌਕਰੀ ਦਾ ਇਹ ਗੱਫਾ ਵਰਤਾਇਆ ਗਿਆ ਜਿਸ ਨੂੰ ਲੈਕੇ ਕਾਫੀ ਰੌਲਾ ਰੱਪਾ ਵੀ ਪਿਆ ਸੀ।
ਪ੍ਰੀਵਾਰ ਆਰਥਿਕ ਤੌਰ ਤੇ ਮਜ਼ਬੂਤ
ਸੂਤਰਾਂ ਅਨੁਸਾਰ ਨੌਕਰੀ ਦੇਣ ਵੇਲੇ ਇਹ ਵੀ ਅਧਾਰ ਦੇਖਿਆ ਜਾਂਦਾ ਹੈ ਕਿ ਅਗਰ ਮ੍ਰਿਤਕ ਦੇ ਪਰਿਵਾਰ ਕੋਲ ਗੁਜਾਰੇ ਲਾਇਕ ਸਾਧਨ ਨਹੀਂ ਹੈ ਤਾਂ ਉਸ ਨੂੰ ਤਰਸ ਦੇ ਅਧਾਰ ’ਤੇ ਨੌਕਰੀ ਦਿੱਤੀ ਜਾ ਸਕਦੀ ਹੈ ਜਦੋਂਕਿ ਗੁਰਸ਼ੇਰ ਸਿੰਘ ਦਾ ਸਬੰਧ ਪਿਛੋਕੜ ਤੋਂ ਹੀ ਆਰਥਿਕਤਾ ਦੇ ਮਾਮਲੇ ’ਚ ਕਾਫੀ ਸਮਰੱਥ ਪ੍ਰੀਵਾਰ ਨਾਲ ਰਿਹਾ ਹੈ। ਸੂਤਰ ਨੇ ਦੱਸਿਆ ਹੈ ਕਿ ਗੁਰਸ਼ੇਰ ਸਿੰਘ ਚੰਗੀ ਜ਼ਮੀਨ ਦਾ ਮਾਲਕ ਹੈ ਅਤੇ ਪ੍ਰੀਵਾਰ ਕੋਲ ਆਲੀਸ਼ਾਨ ਰਿਹਾਇਸ਼ੀ ਮਕਾਨ ਵੀ ਹੈ। ਇਸ ਤੋਂ ਇਲਾਵਾ ਗੁਰਸ਼ੇਰ ਸਿੰਘ ਕੋਲ ਹੋਰ ਵੀ ਬੇਸ਼ਕੀਮਤੀ ਸੰਪਤੀ ਦੱਸੀ ਜਾ ਰਹੀ ਹੈ।