ਅਸ਼ੋਕ ਵਰਮਾ, ਸ੍ਰੀ ਮੁਕਤਸਰ ਸਾਹਿਬ ,2 ਨਵੰਬਰ 2023
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀ ਪੁਲਿਸ ਨੇ ਪੰਜਾਬ ’ਚ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਨਸ਼ਾ ਖਤਮ ਕਰਨ ਦਾ ਨਿਸ਼ਾਨਾ ਮਿਥਿਆ ਹੈ। ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਆਪਣੇ ਅਧਿਕਾਰੀਆਂ ਨੂੰ ਦੋ ਟੁੱਕ ਲਫ਼ਜਾਂ ’ਚ ਆਖਿਆ ਹੈ ਕਿ ਉਹ ਨਸ਼ਾ ਤਸਕਰੀ ਦੇ ਮਾਮਲੇ ’ਚ ਕੋਈ ਢਿੱਲ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਜਿਲ੍ਹਾ ਪੁਲਿਸ ਨੂੰ ਤਾਕੀਦ ਕੀਤੀ ਹੈ ਕਿ ਉਹ ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਪਿਆਰ ਨਾਲ ਪ੍ਰੇਰਿਤ ਕਰਕੇ ਇਸ ਪਾਸਿਓਂ ਮੋੜਾ ਕੱਟਣ ਲਈ ਕਹਿਣ। ਐਸਐਸਪੀ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਨਸ਼ੇ ਵੇਚਣ ਦੇ ਮਾਮਲੇ ’ਚ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਮੁਕਤਸਰ ਪੁਲਿਸ ਇਸ ਲਾਅਨਤ ਦੇ ਖਾਤਮੇ ਲਈ ਪੁਲਿਸ ਆਪਰੇਸ਼ਨ ਚਲਾਉਣ ਦੇ ਨਾਲ ਨਾਲ ਜਾਗਰੂਕਤਾ ਸੈੈਮੀਨਾਰਾਂ ਦੇ ਰਾਹ ਵੀ ਪਈ ਹੈ ਜਿੰਨ੍ਹਾਂ ਦੇ ਚੰਗੇ ਨਤੀਜ਼ਿਆਂ ਪ੍ਰਤੀ ਵੀ ਅਧਿਕਾਰੀ ਆਸਵੰਦ ਹਨ। ਹਾਲ ਹੀ ਵਿੱਚ ਕਰਵਾਏ ਇੱਕ ਸੈਮੀਨਾਰ ਦੌਰਾਨ ਐਸਐਸਪੀ ਨੇ ਨਸ਼ਿਆਂ ਖਿਲਾਫ ਯੁੱਧ ਪੱਧਰ ਤੇ ਜੁਟਣ ਦੀ ਸੌਂਹ ਵੀ ਚੁਕਾਈ। ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਦੇ ਨਾਲ ਨਾਲ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸੰਬੋਧਨ ਕਰਦਿਆਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੀ ਸਫਲਤਾ ਲਈ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਉਨ੍ਹਾਂ ਲੋਕਾਂ ਨੂੰ ਆਪਣੇ ਆਲੇ ਦੁਆਲੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਦਾ ਇਕੱਠੇ ਹੋਕੇ ਇਲਾਜ਼ ਕਰਵਾਉਣ ਅਤੇ ਨਸ਼ਾ ਤਸਕਰਾਂ ਦੀ ਉਨ੍ਹਾਂ ਨਾਲ ਜਾਂ ਫਿਰ ਪੁਲਿਸ ਵਿਭਾਗ ਨਾਲ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਵਿੱਚ ਇੱਕ ਜੁੱਟ ਹੋ ਕੇ ਆਪਣੀ ਡਿਊਟੀ ਨਿਭਾਉਣ ਦਾ ਸੱਦਾ ਵੀ ਦਿੱਤਾ। ਜਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਰਾਜ ਕੁਮਾਰ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਜੋ ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਫਸ ਚੁੱਕੇ ਹਨ ਉਨ੍ਹਾਂ ਦਾ ਮੁਫਤ ਇਲਾਜ਼ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨਸ਼ਿਆਂ ਖਿਲਾਫ ਲੜਾਈ ਲਈ ਸਭਨਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਡਾ.ਰੁਹੀ ਦੁੱਗ ਨੇ ਸੰਬੋਧਨ ਕਰਦਿਆਂ ਕਿ ਨਸ਼ਿਆਂ ਖਿਲਾਫ ਮੁਹਿੰਮ ਆਮ ਲੋਕਾਂ ਨੂੰ ਲਗਾਤਾਰ ਸੈਮੀਨਰਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲ਼ ਦਲ ਵਿੱਚੋਂ ਬਚਾਇਆ ਜਾ ਸਕੇ। ਇਸ ਤੋਂ ਪਹਿਲਾਂ ਸੈਮੀਨਾਰ ਦੌਰਾਨ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਹਾਜ਼ਰੀਨ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਪੁਲਿਸ ਵਿਭਾਗ ਅਤੇ ਸਿਵਲ ਪ੍ਰਸ਼ਾਸ਼ਨ ਦਿਨ-ਰਾਤ ਨਸ਼ਿਆਂ ਦੇ ਖਾਤਮੇ ਲਈ ਮਿਹਨਤ ਕਰ ਰਹੇ ਹਨ, ਪਰ ਇਸ ਵਿੱਚ ਆਮ ਲੋਕਾਂ ਦੇ ਸਹਿਯੋਗ ਦੀ ਜਰੂਰਤ ਹੈ।ਉਨ੍ਹਾਂ ਨੌਜਵਾਨਾਂ ਨੂੰ ਮਾੜ੍ਹੀ ਸੰਗਤ ਤੋਂ ਦੂਰ ਰਹਿਕੇ ਖੇਡਾਂ ਨਾਲ ਜੁੜਨ ਅਤੇ ਚੰਗੇ ਖਿਡਾਰੀ ਬਣਨ ਦੀ ਅਪੀਲ ਕੀਤੀ। ਉਂਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਸੰਗਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ।
ਉਨ੍ਹਾਂ ਕਿਹਾ ਕਿ ਜੇਕਰ ਲੱਗਦਾ ਹੈ ਕਿ ਬੱਚਾ ਮਾੜੀ ਸੰਗਤ ਵਿੱਚ ਪੈ ਗਿਆ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾ ਕੇ ਉਸ ਦਾ ਇਲਾਜ਼ ਕਰਵਾਇਆ ਜਾਏ। ਉਨ੍ਹਾਂ ਕਿਹਾ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਾ ਤਾਂ ਨਸ਼ਾ ਕਿਸੇ ਨੂੰ ਕਰਨ ਅਤੇ ਨਾ ਹੀ ਨਸ਼ਾ ਕਿਸੇ ਨੂੰ ਵੇਚਣ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨਾਲ ਹੈਲਪ ਲਾਇਨ ਨੰਬਰ 80549-42100 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਪੰਜਾਬੀ ਯੁਨੀਵਰਸਟੀ ਪਟਿਆਲਾ ਤੋਂ ਜਤਿੰਦਰ ਈਨਾ, ਮੰਗਲ ਮੱਤਾ, ਪੱਮਾ ਸ਼ਾਇਰ, ਹਰਵੀਰ ਕੌਰ ਸਰੋਤਾ ਵੱਲੋਂ ਨਸ਼ਿਆਂ ਖਿਲਾਫ ਨਾਟਕ ਫਸਲਾਂ ਅਤੇ ਨਸਲਾਂ ਤੋਂ ਇਲਾਵਾ ਬੰਬੀਹਾ ਬੋਲ ਖੇਡ੍ਹੇ ਗਏ।
ਇਸ ਮੌਕੇ ਸਟੇਜ ਸੰਚਾਲਨ ਏ.ਐਸ.ਆਈ ਗੁਰਦੇਵ ਸਿੰਘ ਨੇ ਕੀਤਾ।ਇਸ ਪ੍ਰੋਗਰਾਮ ਵਿੱਚ ਐਸ ਪੀ ਹੈਡਕੁਆਟਰ ਕੁਲਵੰਤ ਰਾਏ, ਡਾ.ਪਰਵਿੰਦਰ ਸਿੰਘ ਕੌਸਲਰ(ਮੋਨੋਰੋਗ ਵਿਭਾਗ), ਡਾ ਨੈਟਲੀ ਮੈਡੀਕਲ ਅਫਸਰ, ਡਾ. ਭਗਵਾਨ ਦਾਸ ਹੈਲਥ ਇੰਸਪੈਕਟਰ, ਜਿਲ੍ਹਾ ਸਿੱਖਿਆ ਅਫਸਰ ਰਾਜੀਵ ਛਾਬੜਾ ,ਡੀਐਸਪੀ ਸੰਜੀਵ ਗੋਇਲ, ਡੀ.ਐਸ.ਪੀ ਜਸਬੀਰ ਸਿੰਘ ਗਿਦੜਬਾਹਾ, ਡੀ.ਐਸ.ਪੀ (ਮਲੋਟ), ਫਤਿਹ ਸਿੰਘ ਬਰਾੜ ਡੀ.ਐਸ.ਪੀ (ਲੰਬੀ) ਜਸਪਾਲ ਸਿੰਘ ਅਤੇ ਸਮੂਹ ਥਾਣਿਆਂ ਦੇ ਐਸਐਚਓ ਵੀ ਹਾਜ਼ਰ ਸਨ।