ਹਰਪ੍ਰੀਤ ਕੌਰ ਬਬਲੀ, ਸੰਗਰੂਰ, 30 ਅਕਤੂਬਰ 2023
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਵਿਸਥਾਰੀ ਮੀਟਿੰਗ ਸਥਾਨਕ ਵੇਰਕਾ ਚੌੰਕ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਵਣ ਵਿਭਾਗ ਵਿੱਚ ਕੰਮ ਕਰਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਬਿਨ੍ਹਾਂ ਸ਼ਰਤ ਪੱਕਾ ਕਰਵਾਉਣ ਅਤੇ ਹੋਰ ਮੰਗਾਂ ਲਈ ਜਲਦ ਹੀ ਪੰਜਾਬ ਦੇ ਕੱਚੇ ਮੁਲਾਜ਼ਮਾਂ ਤੇ ਮਾਣ ਭੱਤਾ ਵਰਕਰਾਂ ਦੀਆਂ ਜਥੇਬੰਦੀਆਂ ਨਾਲ ਮਿਲਕੇ ਪੰਜਾਬ ਸਰਕਾਰ ਖਿਲਾਫ਼ ਵਿਸ਼ਾਲ ਸਾਂਝੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਮੀਟਿੰਗ ਤੋਂ ਪ੍ਰੈੱਸ ਦੇ ਨਾਮ ਬਿਆਨ ਜਾਰੀ ਕੀਤਾ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾਨਗਰੀ ਅਤੇ ਜਰਨਲ ਸਕੱਤਰ ਬਲਵੀਰ ਸਿੰਘ ਸਿਵੀਆ ਨੇ ਆਖਿਆ ਕਿ ਜੰਗਲਾਤ ਵਿਭਾਗ ਵਿੱਚ 20-20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਜਿਥੇ ਪਿਛਲੀਆਂ ਸਰਕਾਰਾਂ ਨੇ ਪੱਕਾ ਨਹੀਂ ਕੀਤਾ ਓਥੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਵੀ ਪਿਛਲੇ ਡੇਢ ਸਾਲ ਤੋਂ ਸਿਰਫ਼ ਲਾਰੇ ਲੱਪੇ ਹੀ ਲਾਉਂਦੀ ਆ ਰਹੀ ਹੈ ਅਤੇ ਅਜੇ ਤੱਕ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ। ਉਹਨਾਂ ਆਖਿਆ ਕਿ ਅੱਜ ਦੀ ਮੀਟਿੰਗ ਦੌਰਾਨ ਸੰਗਰੂਰ ਪ੍ਰਸ਼ਾਸਨ ਰਾਹੀਂ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜਕੇ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਕੱਚੇ, ਠੇਕਾ ਅਤੇ ਦਿਹਾੜੀਦਾਰ ਵਰਕਰਾਂ ਨੂੰ ਪੱਕਾ ਕਰਨ ਲਈ ਬਣਾਈ ਗਈ 2023 ਦੀ ਨੀਤੀ ਵਿੱਚ ਵਣ ਵਿਭਾਗ ਦੇ ਵਰਕਰਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਲਈ ਗੈਪ ਅਤੇ ਅਨਪੜ ਦੀ ਸ਼ਰਤ ਹਟਾਈ ਜਾਵੇ, 2023 ਦੀ ਨੀਤੀ ਅਨੁਸਾਰ 16-05-2023 ਤੱਕ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਤੇ ਪ੍ਰਤੀ ਸਾਲ 240 ਦਿਨ ਕੰਮ ਕਰਨ ਵਾਲੇ ਸਾਰੇ ਵਰਕਰਾਂ ਨੂੰ ਪੱਕਾ ਕਰਨ ਲਈ 240 ਦਿਨਾਂ ਦੀ ਗਿਣਤੀ ਕਰਦੇ ਸਮੇਂ ਹਰੇਕ ਮਹੀਨੇ ਵਿੱਚ 26 ਦਿਨ ਦੀ ਬਜਾਏ 30 ਦਿਨਾਂ ਦੀ ਗਿਣਤੀ ਕੀਤੀ ਜਾਵੇ, ਵਿਭਾਗੀ ਅਣਗਹਿਲੀ ਕਾਰਨ ਸੀਨੀਆਰਤਾ ਸੂਚੀ ਤੋਂ ਬਾਹਰ ਰਹਿ ਗਏ ਉਹਨਾਂ ਸਾਰੇ ਵਰਕਰਾਂ ਨੂੰ ਸੂਚੀ ਵਿਚ ਸ਼ਾਮਿਲ ਕੀਤਾ ਜਾਵੇ ਜਿਹਨਾਂ ਨੇ ਵਿਭਾਗ ਵਿੱਚ 10 ਤੋਂ ਵੱਧ ਕੰਮ ਕੀਤਾ ਹੈ। ਮੁਲਾਜ਼ਮ ਆਗੂਆਂ ਨੇ ਆਖਿਆ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਗੂਆਂ ਦਾ ਘਿਰਾਓ ਕਰਕੇ ਉਹਨਾਂ ਨੂੰ ਵਾਅਦੇ ਪੂਰੇ ਨਾ ਕਰਨ ਬਾਰੇ ਸਵਾਲ ਪੁੱਛੇ ਜਾਣਗੇ ਤਾਂ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਵਿਚਲਾ ਫਰਕ ਲੋਕਾਂ ਦੇ ਸਾਹਮਣੇ ਨੰਗਾ ਕੀਤਾ ਜਾ ਸਕੇ।
ਇਸ ਮੌਕੇ ਡੇੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ ਤੋਂ ਇਲਾਵਾ ਡੇੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਦੇ ਪਰਮਜੀਤ ਸਿੰਘ ਫਰੀਦਕੋਟ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਸ਼ਿੰਦਾ ਸਿੰਘ ਮੁਕਤਸਰ, ਪ੍ਰਤਾਪ ਸਿੰਘ ਗੱਗੜਪਾਣਾ, ਕੁੰਨਣ ਸਿੰਘ ਜਲੂਪੁਰ, ਗੁਲਜ਼ਾਰ ਸਿੰਘ ਡੇਹਰੀਵਾਲ, ਮਹਿੰਦਰਪਾਲ ਮੰਡਲ ਦਸੂਹਾ, ਨਰਿੰਦਰ ਸਿੰਘ, ਜਗੀਰ ਸਿੰਘ, ਵਰਿੰਦਰ ਕੁਮਾਰ, ਅਮਨਦੀਪ ਕੁਮਾਰ, ਪਰਮਜੀਤ ਸਿੰਘ, ਲਵਪ੍ਰੀਤ ਸਿੰਘ, ਬਲਵੀਰ ਸਿੰਘ, ਸ਼ਿਵਮ ਬੱਡਲਾ, ਗੁਰਪ੍ਰੀਤ ਸਿੰਘ ਸੂਬਾ ਮੈਂਬਰ, ਰਾਮ ਸਿੰਘ ਮੋਗਾ, ਸੇਵ ਸਿੰਘ ਮਲਕੇ, ਰਾਮ ਸਿੰਘ ਸੇਖਾ ਕਲਾਂ ਆਦਿ ਆਗੂਆਂ ਨੇ ਵੀ ਮੀਟਿੰਗ ਵਿੱਚ ਭਾਗ ਲਿਆ।