ਰਘਬੀਰ ਹੈਪੀ , ਬਰਨਾਲਾ 30 ਅਕਤੂਬਰ 2023
ਅੱਠ ਦਿਨ ਪਹਿਲਾਂ ਇੱਕ ਇਨੋਵਾ ਸਵਾਰ ਵਪਾਰੀ ਨੂੰ ਬੜੇ ਹੀ ਨਾਟਕੀ ਅੰਦਾਜ਼ ਵਿੱਚ ਅਗਵਾ ਕਰਕੇ, ਉਸ ਤੋਂ ਸੱਤ ਲੱਖ ਰੁਪਏ ਦੀ ਫਿਰੌਤੀ ਲੈ ਲੈਣ ਦੀ ਵਾਰਦਾਤ ਤੋਂ ਪੁਲਿਸ ਨੇ ਅੱਜ ਪਰਦਾ ਚੁੱਕ ਦਿੱਤਾ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਪਾਰੀ ਦੇ ਮਾਸਟਰ ਮਾਈੰਡ ਡਰਾਇਵਰ ਸਣੇ , ਪੁਲਿਸ ਨੇ ਪੰਜ ਜਣਿਆਂ ਨੂੰ ਦੋਸ਼ੀ ਨਾਮਜਦ ਕਰਕੇ,ਚਾਰ ਜਣਿਆਂ ਨੂੰ ਗਿਰਫਤਾਰ ਵੀ ਕਰ ਲਿਆ ਹੈ। ਗ੍ਰਿਫਤਾਰ ਦੋਸ਼ੀਆਂ ਦੇ ਕਬਜੇ ਵਿੱਚੋਂ ਵਸੂਲੀ ਗਈ ਫਿਰੌਤੀ ਦੀ ਰਾਸ਼ੀ ‘ਚੋਂ ਚਾਰ ਲੱਖ ਰੁਪਏ ਅਤੇ ਵਾਰਦਾਤ ਸਮੇਂ ਵਰਤੀ ਗਈ ਇੱਕ ਕਾਰ ਵੀ ਬਰਾਮਦ ਹੋ ਗਈ ਹੈ। ਇਹ ਸਾਰੀ ਜਾਣਕਾਰੀ ਐਸ.ਐਸ.ਪੀ. ਸੰਦੀਪ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਸੰਦੀਪ ਮਲਿਕ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਦੱਸਿਆ ਕਿ ਮਿਤੀ 23/10/2023 ਨੂੰ ਵਿਕਰਮ ਗਰਗ (ਵਪਾਰੀ) ਪੁੱਤਰ ਸਤਪਾਲ ਗਰਗ ਵਾਸੀ ਮਾਲ ਕਲੋਨੀ, ਸੰਗਰੂਰ ਜੋ ਰੋਜਾਨਾ ਦੀ ਤਰਾਂ ਆਪਣੀ ਪਲੇਟ ਮੋਟਰਸਾਈਕਲ ਦੀ ਏਜੰਸੀ ਬਠਿੰਡਾ ਤੋਂ ਆਪਣੀ ਕਾਰ ਪਰ ਸਵਾਰ ਹੋ ਕੇ ਸਮੇਤ ਆਪਣੇ ਡਰਾਇਵਰ ਬਲਜੀਤ ਸਿੰਘ ਦੇ ਨੈਸ਼ਨਲ ਹਾਈਵੇ ਰਾਹੀਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਵਕਤ ਸ਼ਾਮ ਕਰੀਬ 7.15 ਵਜੇ ਸ਼ਾਮ ਪੁਲ ਨਹਿਰ ਹਰੀਗੜ੍ਹ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਿਕਰਮ ਗਰਗ ਨੂੰ ਅਗਵਾ ਕਰਕੇ ਉਸ ਪਾਸੋਂ ਸੱਤ ਲੱਖ ਰੁਪਏ ਦੀ ਫਿਰੌਤੀ ਵਸੂਲਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਪਰ ਨਾ-ਮਾਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 175 ਮਿਤੀ 24/10/2023 ਅੱਪ 341, 379-ਬੀ, 323, 386, 364-ਏ, 365, 506,427, 120-ਬੀ ਹਿੰ.ਦੰ. ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਗਿਆ।
ਕਿਵੇਂ ਸੁਲਝਾਈ ਵਾਰਦਾਤ ਦੀ ਗੁੱਥੀ,,!
ਐਸਐਸਪੀ ਮਲਿਕ ਨੇ ਇਸ ਵਾਰਦਾਤ ਦੀ ਗੁੱਥੀ ਸੁਲਝਾਉਣ ਲਈ ਰਮਨੀਸ਼ ਕੁਮਾਰ ਚੌਧਰੀ PPS, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਬਰਨਾਲਾ ਦੀ ਸੁਪਰਵੀਜਨ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਜਿੰਨ੍ਹਾਂ ਦੀ ਅਗਵਾਈ ਸਤਵੀਰ ਸਿੰਘ , ਗੁਰਬਚਨ ਸਿੰਘ ਉਪ ਕਪਤਾਨ ਪੁਲਿਸ PBI (NDS) ਬਰਨਾਲਾ ਅਤੇ ਥਾਣੇਦਾਰ ਲਖਵਿੰਦਰ ਸਿੰਘ, ਮੁੱਖ ਅਫਸਰ ਥਾਣਾ ਧਨੌਲਾ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਪਾਇਆ ਗਿਆ ਕਿ ਮੁੱਦਈ ਮੁਕੱਦਮਾ ਵਿਕਰਮ ਗਰਗ ਦੇ ਡਰਾਇਵਰ ਬਲਜੀਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਦੇ ਆਧਾਰ ਤੇ 5 ਦੋਸ਼ੀਆਂ ਨੂੰ ਨਾਮਜ਼ਦ ਕਰਕੇ ਚਾਰ ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਨਾਮਜਦ ਦੋਸ਼ੀਆਂ ਵਿੱਚ ਮਨਵੀਰ ਸਿੰਘ ਉਰਫ ਮਿੰਟ ਉਰਫ ਸਿਰਚ ਪੁੱਤਰ ਦਰਸਨ ਸਿੰਘ ਵਾਸੀ ਉਭਾਵਾਲ ਰੋਡ, ਬਡਰੁੱਖਾਂ, ਜ਼ਿਲਾ ਸੰਗਰੂਰ, ਜਗਸੀਰ ਸਿੰਘ ਉਰਫ ਅੰਮ੍ਰਿਤੀ ਪੁੱਤਰ ਸੁਖਪਾਲ ਸਿੰਘ ਉਰਫ ਬੱਠਲੀ ਵਾਸੀ, ਉਭਾਵਾਲ, ਜ਼ਿਲਾ ਸੰਗਰੂਰ , ਇੰਦਰਜੀਤ ਸਿੰਘ ਉਰਫ ਬਿੰਦਰ ਪੁੱਤਰ ਲੇਟ, ਗੁਰਮੇਲ ਸਿੰਘ ਵਾਸੀ ਸੇਰਪੁਰ ਸੋਢੀਆਂ, ਜ਼ਿਲ੍ਹਾ ਸੰਗਰੂਰ ,ਪ੍ਰਿੰਸਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਸਾਹਮਣੇ ਦਾਣਾ ਮੰਡੀ ਸੇਰਪੁਰ, ਜਿਲ੍ਹਾ ਸੰਗਰੂਰ ਅਤੇ ਬਲਜੀਤ ਸਿੰਘ ਪੁੱਤਰ ਪ੍ਰਿਥੀ ਰਾਮ ਵਾਸੀ ਬਡਰੁੱਖਾਂ, ਥਾਣਾ ਲੌਂਗੋਵਾਲ, ਜਿਲ੍ਹਾ ਸੰਗਰੂਰ ਸ਼ਾਮਿਲ ਹਨ। ਗਿਰਫਤਾਰ ਕੀਤੇ ਚਾਰ ਦੋਸ਼ੀਆਂ ਦੇ ਕਬਜ਼ੇ ਵਿਚੋਂ ਖੋਹ ਕੀਤੀ ਗਈ ਕਾਰ ਨੰਬਰੀ PB 03AY 0834 ਮਾਰਕਾ ਇਨੋਵਾ ,4 ਲੱਖ ਰੁਪਏ ਨਗਦੀ ਅਤੇ ਵਾਰਦਾਤ ਸਮੇਂ ਵਰਤੀ ਗਈ ਰਿਟਜ ਕਾਰ ਨੰਬਰੀ ਪੀਬੀ-13 ਬੀ ਐਮ-3330 ਬਰਾਮਦ ਕੀਤੀ ਗਈ ਹੈ। ਐਸ ਐਸ ਪੀ ਸੰਦੀਪ ਮਲਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਦੋਸ਼ੀ ਮਨਵੀਰ ਸਿੰਘ ਉਰਫ ਮਿੰਟ ਉਰਫ ਸਿਰਚ ਅਤੇ ਇੰਦਰਜੀਤ ਸਿੰਘ ਉਰਫ਼ ਇੰਦਰ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਵੱਖੋ ਵੱਖ ਜੁਰਮਾਂ ਤਹਿਤ ਮੁਕੱਦਮੇ ਦਰਜ ਹਨ। ਐਸ ਐਸ ਪੀ ਮਲਿਕ ਨੇ ਦਾਅਵਾ ਕੀਤਾ ਕਿ ਰਹਿੰਦੇ ਮੁੱਖ ਦੋਸ਼ੀ ਡਰਾਈਵਰ ਬਲਜੀਤ ਸਿੰਘ ਨੂੰ ਵੀ ਕਾਬੂ ਕਰ ਲਿਆ ਜਾਵੇਗਾ।