ਅਸ਼ੋਕ ਵਰਮਾ, ਰਾਮਪੁਰਾ 29 ਅਕਤੂਬਰ 2023
ਭਾਰਤੀ ਕਿਸਾਨ ਯੂਨੀਅਨ (ਏਕਤਾ)ਡਕੌਂਦਾ ਨੇ ਕੁਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਦਵਾਉਣ ਲਈ ਡੀਐਸਪੀ ਬੁਢਲਾਡਾ ਦੇ ਦਫਤਰ ਅੱਗੇ ਤਿੰਨ ਨਵੰਬਰ ਨੂੰ ਸੂਬਾ ਪੱਧਰੀ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਰਾਮਪੁਰਾ ਵਿਖੇ ਹੋਈ ਮੀਟਿੰਗ ਦੌਰਾਨ ਸਾਹਮਣੇ ਆਇਆ ਕਿ ਸਰਕਾਰੀ ਧੱਕੇਸ਼ਾਹੀ ਕਾਰਨ ਕੁੱਲਰੀਆਂ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ ਪਰ ਆਬਾਦਕਾਰ ਕਿਸਾਨ ਹਰ ਕੁਰਬਾਨੀ ਦੇ ਕੇ ਵੀ ਆਪਣੀ ਜ਼ਮੀਨ ਤੇ ਕਬਜ਼ਾ ਬਰਕਰਾਰ ਰੱਖਣਗੇ ਜਿਸ ਲਈ ਹਰ ਤਰਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ।
ਜਥੇਬੰਦੀ ਨੇ ਇਸ ਇੱਕਪਾਸੜ ਅਤੇ ਪੱਖਪਾਤੀ ਕਾਰਵਾਈ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕੀਤੀ ਕਿ ਕਿਸਾਨਾਂ ਨਾਲ ਧੱਕੇਸ਼ਾਹੀ ਬੰਦ ਕਰ ਕੇ ਜ਼ਖ਼ਮੀ ਕਿਸਾਨ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਖਿਲਾਫ਼ ਇਰਾਦਾ ਕਤਲ, ਧਾਰਮਿਕ ਸਥਾਨ ਤੇ ਕਬਜ਼ਾ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਹੋਰ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਜਾਵੇ। ਜਥੇਬੰਦੀ ਦਾ ਐਲਾਨ ਹੈ ਕਿ ਇਹਨਾਂ ਮੰਗਾਂ ਤੇ ਜ਼ੋਰ ਦੇਣ ਲਈ ਤਿੰਨ ਨਵੰਬਰ ਨੂੰ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦੇਵੇਗੀ।
ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮੁਹਾਲੀ ਨੇ ਦੱਸਿਆ ਕਿ ਸੂਬਾਈ ਮੀਟਿੰਗ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਅਤੇ ਇੱਕ ਧਾਰਮਿਕ ਡੇਰੇ ਤੇ ਕਬਜ਼ਾ ਕਰਨ ਲਈ, ਅਬਾਦਕਾਰ ਕਿਸਾਨਾਂ ਤੇ ਜਾਨਲੇਵਾ ਹਮਲਾ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ। ਇਹ ਹਮਲਾ ਪੰਜਾਬ ਸਰਕਾਰ ਦੀ ਸ਼ਹਿ ਤੇ ਸਰਪੰਚ ਧਿਰ ਨੇ ਹੋਰ ਪਿੰਡਾਂ ਤੋਂ ਗੁੰਡੇ ਇਕੱਠੇ ਕਰ ਕੇ ਕਰਵਾਇਆ। ਇਸ ਹਮਲੇ ਵਿੱਚ ਲਖੀਮਪੁਰ ਖੀਰੀ ਵਾਂਗੂੰ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਬਜ਼ੁਰਗ ਕਿਸਾਨ ਸੀਤਾ ਸਿੰਘ ਦੀ ਲੱਤ ਅਤੇ ਬਾਂਹ ਤੋੜ ਦਿੱਤੀ ਅਤੇ ਪੈਰ ਪਾੜ ਦਿੱਤਾ ਗਿਆ।
ਇਸ ਦੇ ਬਾਵਜੂਦ ਪੁਲਿਸ ਨੇ ਸਰਪੰਚ ਰਾਜਵੀਰ ਸਿੰਘ ਦੇ ਬਿਆਨ ਤੇ ਅਬਾਦਕਾਰ ਕਿਸਾਨਾਂ ਖਿਲਾਫ਼ ਐਫ਼.ਆਈ. ਆਰ. ਦਰਜ ਕੀਤੀ ਅਤੇ ਸਖ਼ਤ ਜ਼ਖ਼ਮੀ ਕਿਸਾਨ ਸੀਤਾ ਸਿੰਘ ਦੇ ਹਾਲੇ ਤੱਕ ਬਿਆਨ ਵੀ ਨਹੀਂ ਲਏ ਗਏ। ਇਸ ਮੌਕੇ ਮੋਗਾ ਜ਼ਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਪਿੰਡ ਧੂਰਕੋਟ ਰਣਸੀਂਹ ਇਕਾਈ ਦੇ ਪ੍ਰਧਾਨ ਇੰਦਰਪਾਲ ਸਿੰਘ ਉਰਫ ਸੋਹਣਾ ਨੂੰ ਥਾਣੇ ਅੰਦਰ ਕੁੱਟਮਾਰ ਅਤੇ ਜ਼ਲੀਲ ਕਰ ਕੇ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਨ ਵਾਲੇ ਥਾਣੇਦਾਰ ਅਤੇ ਹੋਰ ਦੋਸ਼ੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਗਈ।ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰ ਪਿੰਡਾਂ ਦੀ ਜ਼ਮੀਨ ਤੇ ,ਫੌਜ ਵੱਲੋਂ ਕਿਸੇ ਕਾਨੂੰਨੀ ਕਾਰਵਾਈ ਤੋਂ ਬਿਨਾਂ , ਕਿਸਾਨਾਂ ਦੀ ਸਹਿਮਤੀ ਅਤੇ ਕੋਈ ਵੀ ਮੁਆਵਜ਼ਾ ਦਿੱਤੇ ਬਿਨਾਂ ਕਬਜ਼ਾ ਕਰਨ ਦੀ ਕੋਸ਼ਿਸ਼ ਜਥੇਬੰਦੀ ਵਲੋਂ ਅਸਫਲ ਬਣਾਈ ਗਈ ਹੈ।
ਇਸ ਮੌਕੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਫੈਸਲਾ ਵੀ ਲਿਆ ਗਿਆ।ਸੰਯੁਕਤ ਕਿਸਾਨ ਮੋਰਚੇ ਦ ਇੱਕ ਤੋਂ ਪੰਜ ਨਵੰਬਰ ਤੱਕ ਪਿੰਡਾਂ ਵਿੱਚ ਮੁਹਿੰਮ, ਛੇ ਨਵੰਬਰ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰੇ ਅਰਥੀ ਫੂਕ ਪ੍ਰਦਰਸ਼ਨ ਅਤੇ 26 ਤੋਂ 28 ਨਵੰਬਰ ਤੱਕ ਚੰਡੀਗੜ੍ਹ ਕੂਚ ਦੀ ਵਿਉਂਤਬੰਦੀ ਕੀਤੀ ਗਈ। ਇਸ ਮੌਕੇ ਹੋਰ ਵੀ ਵੱਖ-ਵੱਖ ਮੁੱਦੇ ਵਿਚਾਰੇ ਗਏ।ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮਹਿੰਦਰ ਸਿੰਘ ਦਿਆਲਪੁਰਾ, ਮੱਖਣ ਸਿੰਘ ਭੈਣੀਬਾਘਾ,ਔਰਤ ਵਿੰਗ ਦੀ ਆਗੂ ਬੀਬੀ ਅੰਮ੍ਰਿਤ ਪਾਲ ਕੌਰ ਤੋਂ ਇਲਾਵਾ ਪੰਜਾਬ ਦੇ 13 ਜ਼ਿਲ੍ਹਿਆਂ ਦੇ ਪ੍ਰਮੁੱਖ ਆਗੂ ਹਾਜ਼ਰ ਸਨ।