ਅਸ਼ੋਕ ਵਰਮਾ, ਬਠਿੰਡਾ, 29 ਅਕਤੂਬਰ 2023
ਬਠਿੰਡਾ ਪੁਲਿਸ ਨੇ ਬੀਤੀ ਦੇਰ ਸ਼ਾਮ ਅੰਨੇ ਵਾਹ ਫਾਇਰਿੰਗ ਕਰਕੇ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਉਰਫ ਮੇਲਾ ਦੀ ਹੱਤਿਆ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਨੂੰ 2 ਲੱਖ ਰੁਪਏ ਨਗਦ ਇਨਾਮ ਐਲਾਨ ਦੇਣ ਦਾ ਐਲਾਨ ਕੀਤਾ ਹੈ। ਪੁਲਿਸ ਨੇ ਅੱਜ ਸ਼ੱਕੀ ਕਾਤਲਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ ਹਨ। ਜ਼ਿਲ੍ਹਾ ਪੁਲਿਸ ਨੇ ਇਹ ਵੀ ਫੈਸਲਾ ਲਿਆ ਹੈ ਕਿ ਕਿਸੇ ਵੀ ਕਿਸਮ ਦੀ ਸੂਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ। ਜਦੋਂ ਮਾਮਲਾ ਇੰਨਾ ਸੰਜੀਦਾ ਹੋਵੇ ਤੇ ਮੁਲਜਮਾਂ ਬਾਰੇ ਕੋਈ ਸੂਹ ਨਾ ਲੱਗੇ ਤਾਂ ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਵਿੱਚ ਢਿੱਲ ਨਹੀਂ ਵਰਤੀ ਹੈ।
ਜ਼ਿਲ੍ਹਾ ਪੁਲਿਸ ਨੇ ਤਸਵੀਰਾਂ ਸਮੇਤ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ‘ ਇਹ ਤਸਵੀਰਾਂ ਉਹਨਾਂ ਹਮਲਾਵਰਾਂ ਦੀਆਂ ਹਨ ਜਿਨ੍ਹਾਂ ਨੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਉਰਫ ਮੇਲਾ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਜੇਕਰ ਕੋਈ ਵੀ ਇਸ ਬਾਰੇ ਜਾਣਕਾਰੀ ਦਿੰਦਾ ਹੈ ਜਾਂ ਪਛਾਣ ਕਰਦਾ ਹੈ, ਉਸ ਨੂੰ 2 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਪੁਲਿਸ ਵੱਲੋਂ ਇਸ ਮਾਮਲੇ ’ਚ ਜਾਣਕਾਰੀ ਦੇਣ ਲਈ ਐਸਪੀ (ਡੀ) ਬਠਿੰਡਾ 75080-18002 ਅਤੇ ਕੰਟਰੋਲ ਰੂਮ ਬਠਿੰਡਾ 91155-02252 ਨੰਬਰ ਵੀ ਜਾਰੀ ਕੀਤੇ ਹਨ।
ਤਿਉਹਾਰਾਂ ਦੇ ਦਿਨਾਂ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਉਰਫ ਮੇਲਾ ਨੂੰ ਕਤਲ ਕਰ ਦੇਣ ਦੇ ਮਾਮਲੇ ਨੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਵਾਸੀਆਂ ’ਚ ਫੈਲੇ ਰੋਸ ਕਾਰਨ ਅੱਜ ਬਠਿੰਡਾ ਦੇ ਬਜ਼ਾਰ ਪੂਰਨ ਤੌਰ ਤੇ ਬੰਦ ਰਹੇ । ਵਪਾਰੀ ਆਗੂਆਂ ਦੀ ਅਗਵਾਈ ਹੇਠ ਅੱਜ ਸ਼ਹਿਰ ਵਾਸੀਆਂ ਨੇ ਬਠਿੰਡਾ ਦੇ ਹਨੂੰਮਾਨ ਚੌਂਕ ਵਿੱਚ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਲਈ ਜਾਮ ਵੀ ਲਾਇਆ। ਰੋਹ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਸਰਗਰਮੀ ਦਿਖਾਈ ਹੈ।
ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ਦੇ ਸਭ ਤੋਂ ਜਿਆਦਾ ਭੀੜ ਭੜੱਕੇ ਵਾਲੇ ਇਲਾਕੇ ਮਾਲ ਰੋਡ ਤੇ ਸ਼ਨੀਵਾਰ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਤਾਬੜ ਤੋੜ ਗੋਲੀਆਂ ਚਲਾਉਣ ਨਾਲ ਆਪਣੇ ਰੈਸਟੋਰੈਂਟ ਹਰਮਨ ਅੰਮ੍ਰਿਤਸਰ ਕੁਲਚਾ ਦੇ ਬਾਹਰ ਬੈਠੇ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ। ਗੰਭੀਰ ਜ਼ਖਮੀ ਮੇਲਾ ਨੂੰ ਫੌਰੀ ਤੌਰ ਤੇ ਸਿਵਲ ਹਸਪਤਾਲ ਲਿਆਂਦਾ ਜਿੱਥੋਂ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਪਰ ਉਹਨਾਂ ਦਮ ਤੋੜ ਦਿੱਤਾ।ਮੋਟਰਸਾਈਕਲ ਸਵਾਰ ਨੌਜਵਾਨ ਲਾਗੇ ਹੀ ਪੈਂਦੀਆਂ ਤੰਗ ਗਲੀਆਂ ਵਿੱਚੋਂ ਦੀ ਫਰਾਰ ਹੋਣ ਵਿੱਚ ਸਫਲ ਹੋ ਗਏ ਸਨ।