ਸਾਰੇ ਸਕੂਲਾਂ ਦਾ ਉਜਾੜਾ ਕਰ ਕੇ ਪੇਂਡੂ ਤੇ ਗ਼ਰੀਬ ਵਿਦਿਅਰਥੀਆਂ ਤੋਂ ਸਿਖਿਆ ਖੋਹਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ।
ਗਗਨ ਹਰਗੁਣ, ਬਰਨਾਲਾ 27 ਅਕਤੂਬਰ 2023
ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਸਾਂਝਾ ਅਧਿਆਪਕ ਮੋਰਚਾ ਜਿਲ੍ਹਾ ਬਰਨਾਲਾ ਵੱਲੋਂ ਅੱਜ ਇੱਥੇ ਸਥਾਨਿਕ ਚਿੰਟੂ ਪਾਰਕ ਬਰਨਾਲਾ ਵਿਖੇ ਜੋਰਦਾਰ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਹਰਿੰਦਰ ਮੱਲ੍ਹੀਆਂ, ਨਰਿੰਦਰ ਸਹਿਣਾ,ਪਰਮਿੰਦਰ ਸਿੰਘ ਰੁਪਾਲ, ਜਸਵੀਰ ਸਿੰਘ ਬੀਹਲਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਦੇ ਨਾਂ ਤੇ ਦੂਜੇ ਸਾਰੇ ਸਕੂਲਾਂ ਦਾ ਉਜਾੜਾ ਕਰ ਕੇ ਪੇਂਡੂ ਤੇ ਗ਼ਰੀਬ ਵਿਦਿਅਰਥੀਆਂ ਤੋਂ ਸਿਖਿਆ ਖੋਹਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਸਰਟੀਫਿਕੇਟ ਜਾਰੀ ਕਰਨ ਅਤੇ ਲੇਟ ਫੀਸ ਦੇ ਨਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਗਰੀਬ ਵਿਦਿਅਰਥੀਆਂ ਦੀ ਲੁੱਟ ਕਰਨ ਲਈ ਖੁੱਲੀ ਛੁੱਟੀ ਦੇ ਕੇ ਆਰ.ਟੀ.ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ।
ਇਸ ਮੌਕੇ ਆਗੂਆਂ ਕੇਵਲ ਸਿੰਘ,ਜਗਤਾਰ ਸਿੰਘ ਪੱਤੀ ਰਣਜੀਤ ਸਿੰਘ ਜੰਡੂ ਆਦਿ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕਰ ਕੇ ਮੁਲਾਜ਼ਮ ਵਰਗ ਨਾਲ ਧ੍ਰੋਹ ਕਮਾਇਆ ਗਿਆ ਹੈ,ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਿਸਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ,ਡੀ ਏ ਦੀਆਂ ਕਿਸਤਾਂ ਲੰਬੇ ਸਮੇਂ ਤੋਂ ਬਕਾਇਆ ਹਨ,ਪੇ ਕਮਿਸ਼ਨ ਦੇ ਬਕਾਇਆ ਬਾਰੇ ਸਰਕਾਰ ਨੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ, ਜਦਕਿ ਚੌਣਾਂ ਤੋਂ ਪਹਿਲਾਂ ਆਪ ਸਰਕਾਰ ਨੇ ਇਹਨਾਂ ਸਾਰੀਆਂ ਮੰਗਾਂ ਦੇ ਹੱਲ ਲਈ ਵੱਡੇ ਵੱਡੇ ਵਾਅਦੇ ਕੀਤੇ ਸਨ । ਸਾਂਝਾ ਅਧਿਆਪਕ ਮੋਰਚਾ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਲਗਾਤਾਰ ਆਪਣੇ ਯਤਨ ਜਾਰੀ ਰੱਖੇਗਾ ਤੇ ਤਿੱਖੇ ਸੰਘਰਸ਼ਾਂ ਤੇ ਟੇਕ ਰੱਖੀ ਜਾਵੇਗੀ । ਇਸ ਰੋਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ ਤੇਜੀ,ਕਰਮਜੀਤ ਸਿੰਘ ਭੋਤਨਾ, ਅਸਵਨੀ ਹਮੀਦੀ ,ਅਮਰੀਕ ਸਿੰਘ ਭੱਦਲਵੱਡ, ਹਰਜੀਤ ਖੁੱਡੀ,ਏਕਮ ਭੋਤਨਾ,ਭਰਤ ਕੁਮਾਰ, ਰਮਨਦੀਪ ਸਿੰਘ,ਪੈਨਸਨਰ ਯੂਨੀਅਨ ਵੱਲੋਂ ਰਿਟਾਇਰ ਬੀ.ਪੀ.ਈ.ਓ. ਹਾਕਮ ਸਿੰਘ, ਲੈਕਚਰਾਰ ਕਰਨੈਲ ਸਿੰਘ ਆਦਿ ਹਾਜਰ ਸਨ ।