ਰਘਬੀਰ ਹੈਪੀ, ਬਰਨਾਲਾ, 19 ਅਕਤੂਬਰ 2023
ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪੂਨਮਦੀਪ ਕੌਰ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਬਰਨਾਲਾ ਦੇ ਆਮ ਬਜ਼ਾਰਾਂ ਵਿੱਚ ਕਿਸੇ ਕਿਸਮ ਦੇ ਪਟਾਖੇ, ਆਤਿਸ਼ਬਾਜ਼ੀ ਆਦਿ ਨੂੰ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪਾਬੰਦੀ ਹੋਵੇਗੀ।
ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਦੀਵਾਲੀ/ਗੁਰਪੂਰਬ/ਕ੍ਰਿਸਮਿਸ/ਨਵਾਂ ਸਾਲ ਦੇ ਤਿਉਹਾਰਾਂ ਦੇ ਦਿਨਾਂ ਵਿੱਚ ਆਮ ਪਬਲਿਕ ਵੱਲੋਂ ਪਟਾਖੇ, ਆਤਿਸ਼ਬਾਜੀ ਅਤੇ ਅਜਿਹੀ ਹੋਰ ਕਈ ਤਰਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਸ਼ੋਰ-ਸਰਾਬਾ ਪੈਦਾ ਹੁੰਦਾ ਹੈ। ਤਿਉਹਾਰ ਸਮੇਂ ਪਟਾਖੇ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ, ਇਸ ਲਈ ਜਨ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਸੰਭਾਵਿਤ ਖਤਰੇ ਤੋਂ ਬਚਣ ਲਈ ਜ਼ਿਲ੍ਹਾ ਬਰਨਾਲਾ ਅੰਦਰ ਪਟਾਖੇ, ਆਤਿਸ਼ਬਾਜੀ ਆਦਿ ਬਣਾਉਣ, ਭੰਡਾਰ ਕਰਨ ਅਤੇ ਖਰੀਦਣ ਤੇ ਵੇਚਣ ਨੂੰ ਨਿਯਮਤ ਕਰਨਾ ਅਤਿ ਜ਼ਰੂਰੀ ਹੈ। ਇਸ ਤੋਂ ਇਲਾਵਾ ਦੇਸ਼ ਅੰਦਰ ਗੈਰ ਕਾਨੂੰਨੀ ਧਮਾਕੇਖੇਜ਼ ਸਮੱਗਰੀ ਬਰਾਮਦ ਹੋ ਰਹੀ ਹੈ ਜਿਸ ਵਿੱਚ ਪੋਟਾਸ਼ੀਅਮ ਕਲੋਰੋਟ ਕੈਮੀਕਲ ਹੁੰਦਾ ਹੈ, ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ । ਇਸ ਨਾਲ ਬਹੁਤ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਦੇਸ਼ਾਂ ਤੋਂ ਆਉਂਦੀ ਗੈਰ ਕਾਨੂੰਨੀ ਧਮਾਕੇਖੇਜ਼ ਸਮੱਗਰੀ ਬਣਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣੇ ਜਰੂਰੀ ਹਨ।
ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛੋਟੇ ਪਟਾਖਿਆਂ ਦੀ ਵੇਚ ‘ਤੇ ਖਰੀਦ ਲਈ ਜ਼ਿਲ੍ਹੇ ਅੰਦਰ ਸਥਾਨ ਨਿਰਧਾਰਤ ਕੀਤੇ ਗਏ ਹਨ। ਬਰਨਾਲਾ ਸ਼ਹਿਰ ਵਿਖੇ 25 ਏਕੜ ਅਤੇ ਬਾਬਾ ਕਾਲਾ ਮਹਿਰ ਸਟੇਡੀਅਮ, ਧਨੌਲਾ ਵਿਖੇ ਪੱਕਾ ਬਾਗ ਸਟੇਡੀਅਮ, ਹੰਡਿਆਇਆ ਵਿਖੇ ਗੁਰੂ ਤੇਗ ਬਹਾਦਰ ਸਟੇਡੀਅਮ, ਤਪਾ ਵਿਖੇ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲਾ ਗਰਾਊਂਡ) ਵਾਲੀ ਜਗ੍ਹਾ, ਸ਼ਹਿਣਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਸ਼ਹਿਣਾ ਵਾਲੀ ਜਗ੍ਹਾ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ, ਪੱਤੀ ਮੇਹਰ ਸਿੰਘ, ਮਹਿਲ ਕਲਾਂ ਵਿਖੇ ਸਹੋਰ ਰੋਡ ਉਪਰ (ਗੋਲਡਨ ਕਲੋਨੀ ਦੇ ਸਾਹਮਣੇ) ਵਾਲੀ ਜਗ੍ਹਾ ਵਿਖੇ ਪਟਾਖੇ ਵੇਚੇ ਤੇ ਖਰੀਦੇ ਜਾ ਸਕਣਗੇ।
ਹੁਕਮਾਂ ਮੁਤਾਬਿਕ ਨਿਰਧਾਰਿਤ ਥਾਵਾਂ ਨੂੰ ਨਾਨ ਸਮੋਕਿੰਗ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਉਪਰੋਕਤ ਸਥਾਨਾਂ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਅੰਦਰ ਹੋਰ ਕਿਸੇ ਥਾਂ ਦੀ ਵਰਤੋਂ ਪਟਾਖੇ ਅਤੇ ਆਤਿਸ਼ਬਾਜੀ ਦੀ ਖਰੀਦ ਜਾਂ ਵਿਕਰੀ ਲਈ ਨਹੀਂ ਕੀਤੀ ਜਾ ਸਕਦੀ। ਰਿਹਾਇਸ਼ੀ ਅਤੇ ਵਪਾਰਕ ਥਾਵਾਂ ’ਤੇ ਵੀ ਪਟਾਖੇ ਅਤੇ ਆਤਿਸ਼ਬਾਜੀ ਦੀ ਖਰੀਦ ਜਾਂ ਵਿਕਰੀ ਨਹੀਂ ਕੀਤੀ ਜਾ ਸਕਦੀ। ਵਿਦਿਅਕ ਸੰਸਥਾਵਾਂ, ਹਸਪਤਾਲਾਂ, ਕੋਰਟ, ਧਾਰਮਿਕ ਥਾਵਾਂ ਆਦਿ ਦੇ ਨਜ਼ਦੀਕ ਪਟਾਖੇ ਅਤੇ ਆਤਿਸ਼ਬਾਜੀ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਜਾਰੀ ਨਿਰਦੇਸ਼ਾਂ ਮੁਤਾਬਕ ਦੀਵਾਲੀ ਅਤੇ ਗੁਰਪੁਰਬ ਵਾਲੇ ਦਿਨ ਪਟਾਖੇ ਚਲਾਉਣ ਦਾ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਹੈ। ਦੀਵਾਲੀ ਸਬੰਧੀ ਆਮ ਥਾਵਾਂ ’ਤੇ ਪਟਾਖੇ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਚਲਾਉਣ ਦੀ ਆਗਿਆ ਹੋਵੇਗੀ ਅਤੇ ਬਾਕੀ ਸਮੇਂ ਵਿੱਚ ਪਟਾਖੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ। ਦਸਿਹਰੇ ਵਾਲੇ ਦਿਨ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ, ਗੁਰਪੂਰਬ ਵਾਲੇ ਦਿਨ ਇੱਕ ਘੰਟੇ ਲਈ ਪਟਾਖੇ ਚਲਾਉਣ ਦਾ ਸਮਾਂ ਸਵੇਰੇ 4 ਵਜੇਂ ਤੋਂ ਸਵੇਰੇ 5 ਵਜੇ ਤੱਕ ਅਤੇ ਇੱਕ ਘੰਟੇ ਲਈ ਰਾਤ ਨੂੰ 9 ਵਜੇ ਤੋਂ ਰਾਤ 10 ਵਜੇ ਤੱਕ ਦਾ ਹੋਵੇਗਾ ਤੇ ਬਾਕੀ ਸਮੇਂ ਪਟਾਖੇ ਚਲਾਉਣ ’ਤੇ ਪਾਬੰਦੀ ਹੋਵੇਗੀ। ਕ੍ਰਿਸਮਿਸ ਅਤੇ ਨਵਾਂ ਸਾਲ ਮੌਕੇ ਪਟਾਖੇ ਚਲਾਉਣ ਦਾ ਸਮਾਂ ਰਾਤ 11:55 ਤੋਂ 12:30 ਵਜੇ ਤੱਕ ਹੋਵੇਗਾ ਤੇ ਬਾਕੀ ਸਮੇਂ ਪਟਾਖੇ ਚਲਾਉਣ ’ਤੇ ਪੂਰਨ ਪਾਬੰਦੀ ਹੋਵੇਗੀ।