ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 19 ਅਕਤੂਬਰ 2023
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਹੈ ਕਿ ਨੌਕਰੀ ਕਰਨ ਲਈ ਬਾਹਰ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਜਿਸ ਏਂਜਟ ਦੇ ਮਾਰਫ਼ਤ ਬਾਹਰ ਜਾ ਰਹੇ ਹੋ ਉਹ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਹੋਵੇ। ਪੰਜਾਬ ਵਿਚ ਅਜਿਹੇ 120 ਰਿਕਰੂਟਿੰਗ ਏਂਜਟ ਮਾਨਤਾ ਪ੍ਰਾਪਤ ਹਨ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਰਿਕਰੂਟਿੰਗ ਏਂਜਟਾਂ ਨੂੰ ਹੀ ਵਿਦੇਸ਼ਾਂ ਵਿਚ ਨੌਕਰੀ ਲਈ ਇੰਟਰਵਿਊ ਆਦਿ ਕਰਨ ਦਾ ਅਧਿਕਾਰ ਹੈ। ਇਹ ਰਿਕਰੂਟਿੰਗ ਏਂਜਟ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੁਲੇਸ਼ਨ ਐਕਟ ਤਹਿਤ ਰਜਿਸਟਰਡ ਏਂਜਟਾਂ ਤੋਂ ਵੱਖਰੇ ਹੁੰਦੇ ਹਨ।
ਪੰਜਾਬ ਟਰੈਵਲ ਪ੍ਰੋਫੈਸਨਲ ਰੈਗੁਲੇਸ਼ਨ ਐਕਟ ਤਹਿਤ ਰਜਿਸਟਰਡ ਏਂਜਟ ਵਿਦੇਸਾਂ ਵਿਚ ਨੌਕਰੀ ਲਈ ਭਰਤੀ ਨਹੀਂ ਕਰ ਸਕਦੇ ਹਨ। ਇਮੀਗ੍ਰੇਸ਼ਨ ਐਕਟ 1983 ਤਹਿਤ ਅਧਿਕਾਰ ਕੇਵਲ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਰਿਕਰੂਟਿੰਗ ਏਂਜਟਾਂ ਨੂੰ ਹੀ ਹੈ। ਇਸ ਲਈ ਵਿਦੇਸ਼ ਵਿਚ ਨੌਕਰੀ ਲਈ ਜਾਣ ਦੇ ਇੱਛੁਕ ਨੌਜਵਾਨ ਸਾਵਧਾਨ ਰਹਿਣ। ਉਨ੍ਹਾਂ ਨੇ ਮੀਡੀਆ ਅਦਾਰਿਆਂ ਨੂੰ ਵੀ ਦੱਸਿਆ ਕਿ ਉਹ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਰਿਕਰੂਟਿੰਗ ਏਂਜਟਾਂ ਦੇ ਇਸਤਿਹਾਰ ਪ੍ਰਕਾਸ਼ਤ ਕਰ ਸਕਦੇ ਹਨ।