ਹਰਿੰਦਰ ਨਿੱਕਾ, ਬਰਨਾਲਾ 17 ਅਕਤੂਬਰ 2023
ਆਮ ਆਦਮੀ ਪਾਰਟੀ ਦੇ ਕੌਂਸਲਰ ਰੁਪਿੰਦਰ ਸਿੰਘ ਸੀਤਲ ਉਰਫ ਬੰਟੀ ਨੂੰ ਅੱਜ ਹੋਈ ਚੋਣ ਵਿੱਚ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ। ਇਹ ਚੋਣ ਐਸਡੀਐਮ ਗੋਪਾਲ ਸਿੰਘ ਵੱਲੋਂ ਕਰਵਾਈ ਗਈ। ਮੀਟਿੰਗ ਵਿੱਚ 31 ਮੈਂਬਰਾਂ ਦੇ ਹਾਊਸ ‘ਚੋਂ 18 ਮੈਂਬਰਾਂ ਨੇ ਹਿੱਸਾ ਲਿਆ। ਪਰੰਤੂ ਹਾਊਸ ਦੇ ਮੈਂਬਰ ਵਜੋਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮੀਟਿੰਗ ਵਿੱਚ ਨਹੀਂ ਪਹੁੰਚੇ। ਬੰਟੀ ਦੇ ਪ੍ਰਧਾਨ ਬਣ ਜਾਣ ਨਾਲ, ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਤੇ ਹੋਰ ਆਗੂ ਵੀ ਮੌਜੂਦ ਰਹੇ। ਇਸ ਮੌਕੇ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਰੁਪਿੰਦਰ ਸ਼ੀਤਲ ਨੂੰ ਪ੍ਰਧਾਨ ਬਣਾਏ ਜਾਣ ਤੇ ਵਧਾਈ ਦਿੰਦਿਆਂ ਕਿਹਾ ਕਿ ਹੁਣ ਸ਼ਹਿਰ ਦੇ ਵਿਕਾਸ ਕੰਮ ਪੂਰੀ ਤੇਜ਼ੀ ਨਾਲ ਸ਼ੁਰੂ ਹੋ ਸਕਣਗੇ। ਨਵੇ ਚੁਣੇ ਪ੍ਰਧਾਨ ਰੁਪਿੰਦਰ ਸ਼ੀਤਲ ਬੰਟੀ ਨੇ ਉਨ੍ਹਾਂ ਦੀ ਚੋਣ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਮੱਰਥਨ ਦੇਣ ਵਾਲੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਮੀਤ ਹੇਅਰ ਦੀ ਯੋਗ ਅਗਵਾਈ ਵਿੱਚ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
ਦਲਬਦਲੂਆਂ ਸਿਰ ਬੱਝਿਆ ਜਿੱਤਾ ਸਿਹਰਾ
ਬੇਸ਼ੱਕ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਵਿੱਚ ਸਿਰਫ ਦੋ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ ਬੰਟੀ ਅਤੇ ਮਲਕੀਤ ਸਿੰਘ ਹੀ ਹਨ । ਫਿਰ ਵੀ ਅਜਾਦ ਕੌਂਸਲਰਾਂ ਹੇਮ ਰਾਜ ਗਰਗ,ਜੀਵਨ ਕੁਮਾਰ, ਜੁਗਰਾਜ ਪੰਡੋਰੀ ਤੋਂ ਇਲਾਵਾ ਆਪੋ ਆਪਣੀਆਂ ਪਾਰਟੀਆਂ ਤੋਂ ਪਾਲਾ ਬਦਲਣ ਵਾਲਿਆਂ ਵਿੱਚੋਂ ਕਾਂਗਰਸੀ ਸ਼ਿੰਦਰ ਕੌਰ ,ਪਰਮਜੀਤ ਸਿੰਘ ਜੌਂਟੀ ਮਾਨ, ਧਰਮਿੰਦਰ ਸਿੰਘ ਸ਼ੰਟੀ, ਦੀਪਮਾਲਾ , ਰੇਨੂੰ ਬਾਲਾ ਪਤਨੀ ਕੁਲਦੀਪ ਧਰਮਾ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ), ਸੁਖਵਿੰਦਰ ਕੌਰ ਸ਼ੀਤਲ, ਪ੍ਰਕਾਸ਼ ਕੌਰ ਪੱਖੋ ,ਬਲਵੀਰ ਸਿੰਘ ਸੰਘੇੜਾ ਅਕਾਲੀ ਦਲ ਦੇ ਸਤਵੀਰ ਕੌਰ ਜਾਗਲ ਮਾਤਾ ਤੇਜਿੰਦਰ ਸਿੰਘ ਸੋਨੀ ਜਾਗਲ , ਕਰਮਜੀਤ ਕੌਰ ਰੁਪਾਣਾ ਅਤੇ ਜਸਵੀਰ ਕੌਰ ਢਿੱਲੋਂ ਪਤਨੀ ਪਰਮਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਨੀਰਜ ਜਿੰਦਲ ਦੀ ਮਾਤਾ ਸਰੋਜ਼ ਰਾਣੀ , ਭਾਜਪਾ ਦੇ ਜਿਲ੍ਹਾ ਆਗੂ ਤੇ ਕੌਂਸਲਰ ਨਰਿੰਦਰ ਗਰਗ ਨੀਟਾ ਨੇ ਮਿਲ ਕੇ ਆਪ ਆਗੂ ਰੁਪਿੰਦਰ ਸ਼ੀਤਲ ਦੇ ਸਿਰ ਪ੍ਰਧਾਨਗੀ ਦਾ ਤਾਜ਼ ਸਜਾਉਣ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤਰਾਂ ਬੇਸ਼ੱਕ ਆਮ ਆਦਮੀ ਪਾਰਟੀ ਦੀ ਸੱਤਾ ਤੇ ਕਾਬਿਜ ਹੋਣ ਦੀ ਚਾਹਤ ਪੂਰੀ ਹੋ ਗਈ, ਪਰੰਤੂ ਜਿੱਤ ਦਾ ਅਸਲੀ ਸਿਹਰਾ ਵੱਖ-ਵੱਖ ਪਾਰਟੀਆਂ ਦੇ ਦਲਬਦਲੀ ਕਰਨ ਵਾਲਿਆਂ ਸਿਰ ਹੀ ਸਜਿਆ ਹੈ। ਓਧਰ ਅਹੁਦਿਓਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਵੱਲੋਂ ਹਾਈਕੋਰਟ ਵਿੱਚ ਦਾਇਰ ਰਿੱਟ ਦੀ ਸੁਣਵਾਈ ਬਾਅਦ ਦੁਪਿਹਰ ਦੋ ਵਜੇ ਹੋਵੇਗੀ,ਹੁਣ ਸਭ ਦੀਆਂ ਨਜ਼ਰਾਂ ਹਾਈਕੋਰਟ ਦੇ ਦੋ ਵਜੇ ਆਉਣ ਵਾਲੇ ਫੈਸਲੇ ਤੇ ਲੱਗ ਗਈਆਂ ਹਨ।
ਦਬਾਅ ਦੀ ਰਾਜਨੀਤੀ ਨੇ ਦਿਖਾਇਆ ਰੰਗ
ਇੱਥੇ ਇਹ ਵੀ ਵਰਨਣਯੋਗ ਹੈ ਕਿ ਆਪ ਆਦਮੀ ਪਾਰਟੀ ਦੀ ਸਰਕਾਰ ਸਮੇਂ ਕੁੱਝ ਮਹੀਨੇ ਪਹਿਲਾਂ ਕੌਂਸਲਰ ਸਰੋਜ ਰਾਣੀ ਦੇ ਪੁੱਤਰ ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਨੀਰਜ ਜਿੰਦਲ ਅਤੇ ਅਕਾਲੀ ਕੌਂਸਲਰ ਸਤਵੀਰ ਕੌਰ ਜਾਗਲ ਦੇ ਪੁੱਤਰ ਤੇ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ ਦੇ ਖਿਲਾਫ ਈ.ੳ. ਬਰਨਾਲਾ ਦੀ ਡਿਊਟੀ ਵਿੱਚ ਵਿਘਨ ਪਾਉਣ ਆਦਿ ਜੁਰਮ ਹੇਠ ਕੇਸ ਦਰਜ ਕੀਤਾ ਗਿਆ ਸੀ । ਇਸ ਕੇਸ ਵਿੱਚ ਨੀਰਜ ਜਿੰਦਲ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਸੀ। ਪਰੰਤੂ ਹੁਣ ਉਨ੍ਹਾਂ ਦੇ ਗੁੱਸੇ ਦੀ ਵੀ ਆਪ ਦੇ ਝਾੜੂ ਨੇ ਮਨੋ ਸਫਾਈ ਕਰ ਦਿੱਤੀ। ਨੀਰਜ ਜਿੰਦਲ ਦੀ ਸੁਰੱਖਿਆ ਵੀ ਵਾਪਿਸ ਲੈ ਲਈ ਗਈ ਸੀ, ਹੁਣ ਉਸ ਦੇ ਆਪ ਦੇ ਪਾਲੇ ਵਿੱਚ ਚਲੇ ਜਾਣ ਤੋਂ ਬਾਅਦ ਫਿਰ ਤੋਂ ਸੁਰੱਖਿਆ ਮਿਲਣ ਦੇ ਆਸਾਰ ਬਣ ਗਏ ਹਨ।