ਹਰਿੰਦਰ ਨਿੱਕਾ, ਬਰਨਾਲਾ 16 ਅਕਤੂਬਰ 2023
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਦੀਆਂ ਕਥਿਤ ਬੇਨਿਯਮੀਆਂ, ਧੱਕੇਸ਼ਾਹੀਆ ਅਤੇ ਜਾਂਚ ਨੂੰ ਲਟਕਾਉਣ ਦੇ ਰੋਸ ਵਜੋਂ ਭੋਲੇ ਸਿੰਘ ਵਿਰਕ ਦੇ ਘਰ ਅੱਗੇ ਉਸਦਾ ਪੁਤਲਾ ਫੂਕਿਆ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਾਲਜ ਬਚਾਓ ਸੰਘਰਸ਼ ਕਮੇਟੀ ਵੱਲੋਂ ਕੀਤੀ ਗਈ ਅਤੇ ਇਸ ਦੀ ਹਮਾਇਤ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਡਕੌਂਦਾ ਅਤੇ ਕਾਦੀਆਂ ਵੱਲੋਂ ਕੀਤੀ ਗਈ। ਰੋਸ ਮਾਰਚ ਸੰਘੇੜੇ ਕਾਲਜ ਅੱਗੇ ਸ਼ੁਰੂ ਹੋ ਕੇ 22 ਏਕੜ ਹੁੰਦੇ ਹੋਏ ਕੇ. ਸੀ ਰੋਡ ਤੋਂ ਦੀ ਹੁੰਦਾ ਹੋਇਆ ਭੋਲਾ ਸਿੰਘ ਵਿਰਕ ਦੇ ਘਰ ਅੱਗੇ ਜਾ ਕੇ ਰੁਕਿਆ।
ਰਾਮ ਸਿੰਘ ਕਲੇਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭੋਲੇ ਵਿਰਕ ਨੇ ਆਪਣੀ ਚੁਸਤ ਚਲਾਕੀ ਨਾਲ ਪਿੰਡ ਦੇ ਲੋਕਾਂ ਦੀ ਕਾਲਜ ਕਮੇਟੀ ਵਿਚੋਂ ਨੁਮਾਇੰਦਗੀ ਘਟਾ ਕੇ ਖੁਦ ਕਾਬਜ ਹੋ ਗਿਆ ਅਤੇ ਕਾਲਜ ਦੇ ਫੰਡਾਂ ਦੀ ਲੁੱਟ ਖਸੁੱਟ ਸ਼ੁਰੂ ਕਰ ਦਿੱਤੀ। ਅੱਜ ਕਾਲਜ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਕਾਲਜ ਦੇ ਪ੍ਰੋਫੈਸਰਾਂ ਨੂੰ ਬੇਰੁਜਗਾਰ ਕਰਕੇ ਝੂਠੇ ਪਰਚੇ ਦਰਜ ਕਰਵਾ ਚੁੱਕਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਆਰ ਟੀ ਆਈ ਰਾਹੀਂ ਇਨਡੋਰ ਸਟੇਡੀਅਮ ਦਾ 1 ਕਰੋੜ 70 ਲੱਖ ਦਾ ਗਬਨ ਸਾਹਮਣੇ ਆਇਆ ਹੈ। ਜਿਸ ਦੀ ਜਾਂਚ ਐਸ ਡੀ ਐਮ ਸਾਹਿਬ ਬਰਨਾਲਾ ਕਰ ਰਹੇ ਸਨ। ਭੋਲਾ ਸਿੰਘ ਵਿਰਕ ਉਸ ਜਾਂਚ ਨੂੰ ਰਕਵਾਉਣ ਲਈ ਮਾਣਯੋਗ ਪੰਜਾਬ ਅਤੇ ਚੰਡੀਗੜ੍ਹ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਚੁੱਕਾ ਹੈ। ਆਗੂਆਂ ਦਾ ਕਹਿਣਾ ਹੈ ਕਿ ਭੋਲਾ ਸਿੰਘ ਵਿਰਕ ਨੂੰ ਹੁਣ ਡਰ ਸਤਾ ਰਿਹਾ ਹੈ ਕਿ ਕਾਲਜ ਵਿੱਚ ਉਸ ਵੱਲੋਂ ਕੀਤੇ ਗਏ ਹੋਰਨਾਂ ਕਰੋੜਾਂ ਦੇ ਘਪਲੇ ਸਾਹਮਣੇ ਆ ਜਾਣਗੇ।
ਪ੍ਰੰਤੂ ਭੋਲਾ ਸਿੰਘ ਵਿਰਕ ਦੁਆਰਾ ਕੀਤੀਆਂ ਗਈਆਂ ਧਕੇਸਾਹੀਆਂ ਤੇ ਘਪਲਿਆਂ ਦੇ ਖਿਲਾਫ ਕਾਲਜ ਬਚਾਓ ਸੰਘਰਸ਼ ਕਮੇਟੀ ਓਨਾ ਟਾਈਮ ਡੱਟ ਕੇ ਸੰਘਰਸ਼ ਕਰਦੀ ਰਹੇਗੀ । ਜਿਨਾਂ ਸਮਾਂ ਇਸ ਅਖੌਤੀ ਸਮਾਜ ਸੇਵੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ। ਇਸ ਮੌਕੇ ਬੀਬੀ ਬਿੰਦਰਪਾਲ ਕੌਰ ਭਦੌੜ, ਲਖਵੀਰ ਕੌਰ ਧਨੌਲਾ, ਦਰਸ਼ਨ ਸਿੰਘ ਚੀਮਾ, ਕੁਲਜੀਤ ਸਿੰਘ ਵਜੀਦਕੇ, ਜਗਤਾਰ ਸਿੰਘ, ਜਗਸੀਰ ਸਿੰਘ, ਚਮਕੌਰ ਸਿੰਘ, ਜਸਵਿੰਦਰ ਸਿੰਘ ਸੰਘੇੜਾ, ਮੇਜਰ ਸਿੰਘ ਬੀ.ਕੇ.ਯੂ. ਡਕੌਂਦਾ, ਗੁਲਾਬ ਸਿੰਘ, ਨਛੱਤਰ ਸਿੰਘ ਨੰਬਰਦਾਰ, ਜੱਜ ਸਿੰਘ ਗਹਿਲ, ਡਾ. ਬਲਦੇਵ ਸਿੰਘ ਬੀ. ਕੇ. ਯੂ ਕਾਦੀਆਂ ਅਤੇ ਬੀਬੀ ਸੰਦੀਪ ਕੌਰ ਪੱਤੀ ਨੇ ਸੰਬੋਧਨ ਕੀਤਾ।