ਅਸ਼ੋਕ ਵਰਮਾ, ਬਠਿੰਡਾ, 16 ਅਕਤੂਬਰ 2023
ਪੰਜਾਬ ਹਰਿਆਣਾ ਹਾਈਕੋਰਟ ਨੇ ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਪਲਾਟ ਖਰੀਦਣ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਪਿੱਛੋਂ ਫਰਾਰ ਚੱਲ ਰਹੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਬਾਦਲ ਨੂੰ ਅੰਤਰਿਮ ਜ਼ਮਾਨਤ ਦੇਣ ਦੇ ਨਾਲ ਨਾਲ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਵੱਲੋਂ ਦਿੱਤੇ ਇਸ ਫੈਸਲੇ ਨੂੰ ਸਾਬਕਾ ਵਿੱਤ ਮੰਤਰੀ ਲਈ ਵੱਡੀ ਰਾਹਤ ਤੇ ਪੰਜਾਬ ਸਰਕਾਰ ਨੂੰ ਝਟਕਾ ਮੰਨਿਆ ਜਾ ਰਿਹਾ ਹੈ। ਵੱਡੇ ਯਤਨਾਂ ਦੇ ਬਾਵਜੂਦ ਵੀ ਵਿਜੀਲੈਂਸ ਸਾਬਕਾ ਵਿੱਤ ਮੰਤਰੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਨਹੀਂ ਹੋ ਸਕੀ ਹੈ । ਮਾਮਲਾ ਪਿਛਲੀ ਕਾਂਗਰਸ ਸਰਕਾਰ ਵੇਲੇ ਰਹੇ ਇੱਕ ਸ਼ਕਤੀਸ਼ਾਲੀ ਮੰਤਰੀ ਨਾਲ ਜੁੜਿਆ ਹੋਣ ਕਰਕੇ ਇਸ ਮੁੱਦੇ ਨੂੰ ਸਿਆਸੀ ਤੌਰ ਤੇ ਕਾਫੀ ਅਹਿਮੀਅਤ ਵਾਲਾ ਮੰਨਿਆ ਜਾ ਰਿਹਾ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਮਾਣਯੋਗ ਜਸਟਿਸ ਸ੍ਰੀ ਵਿਕਾਸ ਬਹਿਲ ਦੀ ਅਦਾਲਤ ਨੇ ਇਹ ਫੈਸਲਾ ਮਨਪ੍ਰੀਤ ਬਾਦਲ ਵੱਲੋਂ ਅਗਾਂਊ ਜਮਾਨਤ ਲਈ ਦਾਇਰ ਕੀਤੀ ਗਈ ਰਿੱਟ ਤੇ ਅੱਜ ਸੁਣਵਾਈ ਤੋਂ ਬਾਅਦ ਸੁਣਾਇਆ ਹੈ । ਮਨਪ੍ਰੀਤ ਬਾਦਲ ਨੇ ਆਪਣੇ ਵਕੀਲ ਅਰਸ਼ਦੀਪ ਸਿੰਘ ਚੀਮਾ ਅਤੇ ਸੁਖਦੀਪ ਸਿੰਘ ਭਿੰਡਰ ਰਾਹੀਂ 11 ਅਕਤੂਬਰ ਨੂੰ ਰਿੱਟ ਦਾਇਰ ਕੀਤੀ ਸੀ।ਐਡਵੋਕੇਟ ਸੁਖਦੀਪ ਸਿੰਘ ਭਿੰਡਰ ਨੇ ਦੱਸਿਆ ਕਿ ਅਦਾਲਤ ਨੇ ਅਗਲੀ ਸੁਣਵਾਈ ਹੁਣ 7 ਦਸੰਬਰ ਨੂੰ ਤੈਅ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਪਾਸਪੋਰਟ ਵਿਜੀਲੈਂਸ ਕੋਲ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਅਦਾਲਤ ਨੇ ਇਹ ਵੀ ਆਖਿਆ ਹੈ ਕਿ ਜੇਕਰ ਵਿਜੀਲੈਂਸ ਬੁਲਾਏਗੀ ਤਾਂ ਮਨਪ੍ਰੀਤ ਬਾਦਲ ਨੂੰ ਜਾਂਚ ਵਿੱਚ ਸ਼ਾਮਿਲ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ ਹੁਣ ਵਿਜੀਲੈਂਸ ਮਨਪ੍ਰੀਤ ਥਿਕ ਬਾਦਲ ਨੂੰ ਗ੍ਰਿਫਤਾਰ ਨਹੀਂ ਕਰ ਸਕੇਗੀ। ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਬਠਿੰਡਾ ਵਿੱਚ ਚੁੱਪ ਬੈਠੇ ਮਨਪ੍ਰੀਤ ਬਾਦਲ ਦੇ ਹਮਾਇਤੀ ਆਗੂਆਂ ਨੇ ਇਹ ਫੈਸਲਾ ਆਉਣ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ , ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ , ਪ੍ਰਾਈਵੇਟ ਲੋਕਾਂ ਵਿਕਾਸ ਕੁਮਾਰ, ਰਜੀਵ ਕੁਮਾਰ, ਅਮਨਦੀਪ ਸਿੰਘ ਅਤੇ ਬੀਡੀਏ ਦੇ ਸੁਪਰਡੈਂਟ ਪੰਕਜ਼ ਕਾਲੀਆ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਕੇਸ ਦਰਜ ਕੀਤਾ ਸੀ।
ਮਨਪ੍ਰੀਤ ਸਿੰਘ ਬਾਦਲ ਤੇ ਟਿਕੀ ਨਜ਼ਰ
ਸਿਆਸੀ ਤੌਰ ਤੇ ਮਹੱਤਵਪੂਰਨ ਮੰਨੇ ਜਾਂਦੇ ਇਸ ਮਾਮਲੇ ਨੂੰ ਲੈ ਕੇ ਹੁਣ ਆਮ ਲੋਕਾਂ ਦੀਆਂ ਨਜ਼ਰਾਂ ਸਾਬਕਾ ਵਿੱਤ ਮੰਤਰੀ ਦੇ ਅਗਲੇ ਪੈਂਤੜੇ ਤੇ ਟਿਕ ਗਈਆਂ ਹਨ ਜੋ ਮਾਮਲਾ ਦਰਜ ਹੋਣ ਤੋਂ ਪਿੱਛੋਂ ਰੂਪੋਸ਼ ਚਲੇ ਆ ਰਹੇ ਸਨ। ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਉਨ੍ਹਾਂ ਨੂੰ ਲੱਭਣ ਵਿੱਚ ਸਫਲ ਨਹੀਂ ਹੋ ਸਕੀਆਂ ਸਨ। ਵਿਜੀਲੈਂਸ ਨੇ ਵਿਦੇਸ਼ ਭੱਜਣ ਦੇ ਡਰੋਂ ਲੁੱਕ ਆਊਟ ਸਰਕੁਲਰ ਵੀ ਜਾਰੀ ਕਰਵਾਇਆ ਹੋਇਆ ਹੈ। ਮਨਪ੍ਰੀਤ ਬਾਦਲ ਨੇ ਬਠਿੰਡਾ ‘ਚ ਆਪਣੀ ਰਿਹਾਇਸ਼ ਬਣਾਉਣ ਲਈ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਬੀਡੀਏ ਤੋਂ ਦੋ ਪਲਾਟ ਖਰੀਦੇ ਸਨ। ਬਠਿੰਡਾ ਭਾਜਪਾ ਦੇ ਪ੍ਰਧਾਨ ਸਰੂਪ ਸਿੰਗਲਾ ਨੇ ਪਲਾਟ ਖਰੀਦਣ ਵੇਲੇ ਬੇਨਿਯਮੀਆਂ ਦੇ ਦੋਸ਼ ਲਾਕੇ ਪੰਜਾਬ ਸਰਕਾਰ ਨੂੰ ਸ਼ਿਕਾਇਤ ਦਿੱਤੀ ਸੀ। ਜਾਂਚ ਪਿੱਛੋਂ ਦਰਜ ਕੇਸ ਵਿੱਚ ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਪਲਾਟ ਖਰੀਦਣ ਵੇਲੇ ਵੱਡੀ ਪੱਧਰ ਤੇ ਧਾਂਦਲੀ ਕੀਤੀ ਗਈ ਹੈ ।