ਰਘਬੀਰ ਹੈਪੀ, ਬਰਨਾਲਾ 14 ਅਕਤੂਬਰ 2023
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਤੇਲੰਗਾਨਾ ਰਾਜ ਵੱਲੋਂ 28 ਮੈਂਬਰਾ ਦੀ ਟੀਮ ਜ਼ਿਲ੍ਹਾ ਬਰਨਾਲਾ ਵਿੱਚ ਸਵੈ ਸੇਵੀ ਗਰੁੱਪ ਬਣਾਉਣ ਅਤੇ ਰੋਜ਼ੀ ਰੋਟੀ ਕਮਾਉਣ ਦੇ ਸਾਧਨ ਸਿਖਾਉਣ ਲਈ ਭੇਜੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਤੇਲੰਗਾਨਾ ਦੇ ਵਾਰੰਗਲ, ਕਰੀਮ ਨਗਰ ਅਤੇ ਕੰਮਨ ਜ਼ਿਲ੍ਹਿਆਂ ਤੋਂ ਵੱਖ-ਵੱਖ ਸਵੈ ਸੇਵੀ ਗਰੁੱਪਾਂ ਦੇ ਮੈਂਬਰ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਬਲਾਕ ਬਰਨਾਲਾ, ਮਹਿਲ ਕਲਾਂ ਅਤੇ ਸ਼ਹਿਣਾ ਦੇ ਵੱਖ ਵੱਖ ਪਿੰਡਾਂ ਵਿੱਚ ਕੰਮ ਕਰ ਰਹੇ ਸਵੈ ਸੇਵੀ ਗਰੁੱਪਾਂ ਨੂੰ ਵਧੇਰੇ ਕਮਾਈ ਦੇ ਸਾਧਨ ਦੱਸੇ ਜਾਣਗੇ ਅਤੇ ਨਾਲ ਹੀ ਨਵਾਂ ਗਰੁੱਪ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਟੀਮ ਜ਼ਿਲ੍ਹਾ ਬਰਨਾਲਾ ਵਿਚ ਵੱਖ ਵੱਖ ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਇੱਕ ਮਹੀਨਾ ਕੰਮ ਕਰੇਗੀ । ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਪਿੰਡ ‘ਚ ਆਉਣ ਵਾਲੀ ਇਸ ਟੀਮ ਦਾ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋ ਬਰਨਾਲਾ ਵਿਖੇ ਵੀ ਚੰਗੇ ਸਵੈ ਸੇਵੀ ਗਰੁੱਪ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਇਸ ਟੀਮ ਵਿੱਚ 28 ਮਹਿਲਾਵਾਂ ਅਤੇ 6 ਪੁਰਸ਼ ਸ਼ਾਮਿਲ ਹਨ।