ਮਿਸ਼ਨ ਫਤਿਹ: ਘਨੌਰੀ ਖੁਰਦ ਵਾਸੀ ਮਾਂ-ਧੀ ਸਮੇਤ 6 ਮਰੀਜ਼ਾਂ ਨੇ ਸੰਗਰੂਰ ਜ਼ਿਲੇ ’ਚ ਕੋਵਿਡ-19 ਨੂੰ ਹਰਾਇਆ

Advertisement
Spread information

*ਕੋਰੋਨਾਵਾਇਰਸ ਦੇ ਸੰਪਰਕ ’ਚ ਆਉਣ ਤੋਂ ਬਚਣ ਲਈ ਮਾਸਕ ਪਾਉਣਾ ਤੇ ਆਪਸੀ ਦੂਰੀ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ: ਡਿਪਟੀ ਕਮਿਸ਼ਨਰ


ਹਰਪ੍ਰੀਤ ਕੌਰ   ਸੰਗਰੂਰ  । 
                ਕੋਵਿਡ-19 ਨੂੰ ਮਾਤ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਅੱਜ ਜ਼ਿਲਾ ਸੰਗਰੂਰ ’ਚ 6 ਮਰੀਜ਼ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਰੋਨਾਵਾਇਰਸ ਨੂੰ ਮਾਤ ਦੇਣ ਵਾਲੇ ਇਨਾਂ 6 ਮਰੀਜ਼ਾਂ ’ਚ ਘਨੌਰੀ ਖੁਰਦ ਦੀ ਰਹਿਣ ਵਾਲੀ 39 ਸਾਲਾ ਔਰਤ ਅਤੇ ਉਸਦੀ 13 ਸਾਲਾ ਧੀ ਵੀ ਸ਼ਾਮਲ ਹਨ। ਉਨਾਂ ਕਿਹਾ ਕਿ 6 ਹੋਰ ਮਰੀਜ਼ਾਂ ਦੇ ਸਿਹਤਯਾਬ ਹੋ ਕੇ ਘਰ ਪਰਤਣ ਨਾਲ ਹੁਣ ਸੰਗਰੂਰ ਜ਼ਿਲੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 19 ਤੋਂ ਘੱਟ ਕੇ 13 ਰਹਿ ਗਈ ਹੈ।
                     ਸ਼੍ਰੀ ਥੋਰੀ ਨੇ ਦੱਸਿਆ ਕਿ ਇਸਦੇ ਨਾਲ ਹੀ ਧੂਰੀ ਦੇ ਰਹਿਣ ਵਾਲੇ 55 ਸਾਲਾ ਬਜ਼ੁਰਗ ਨੇ ਵੀ ਸਫ਼ਲ ਇਲਾਜ ਤੋਂ ਬਾਅਦ ਘਰ ਵਾਪਸੀ ਕੀਤੀ ਹੈ ਹਾਲਾਂਕਿ ਉਹ ਪਿਛਲੇ 12 ਸਾਲਾਂ ਤੋਂ ਅਸਥਮਾ ਦੀ ਬਿਮਾਰੀ ਤੋਂ ਵੀ ਪੀੜਤ ਸੀ। ਉਨਾਂ ਕਿਹਾ ਕਿ ਬਾਕੀ 3 ਮਰੀਜ਼ਾਂ ’ਚ ਪਿੰਡ ਕਾਕੜਾ ਦੀ ਰਹਿਣ ਵਾਲੀ 55 ਸਾਲਾ ਬਜ਼ੁਰਗ ਮਹਿਲਾ, ਬਖੋਪੀਰ ਦੀ ਰਹਿਣ ਵਾਲੀ 28 ਸਾਲਾ ਔਰਤ ਤੇ ਨੰਦਗੜ ਦਾ ਰਹਿਣ ਵਾਲਾ 38 ਸਾਲਾ ਵਿਅਕਤੀ ਸ਼ਾਮਲ ਹਨ।
                       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਮਰੀਜ਼ਾਂ ਦੇ ਸੈਂਪਲ 30 ਮਈ ਨੂੰ ਲਏ ਗਏ ਸਨ ਤੇ ਪਾਜਿਟਿਵ ਪਾਏ ਜਾਣ ’ਤੇ ਇਨਾਂ ਨੂੰ ਇਲਾਜ ਲਈ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਰੱਖਿਆ ਗਿਆ ਸੀ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਬਣਾਏ ਗਏ ਇਸ ਕੋਵਿਡ ਕੇਅਰ ਸੈਂਟਰ ’ਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਢੁੱਕਵੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇੱਥੇ ਮੈਡੀਕਲ ਸਟਾਫ ਦੀ ਤੈਨਾਤੀ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ’ਤੇ ਪਾਈਪ ਰਾਹੀਂ ਆਕਸੀਜਨ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ।
                      ਸ਼੍ਰੀ ਘਨਸ਼ਿਆਮ ਥੋਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਵੱਲੋਂ ਕਰਫਿਊ ’ਚ ਢਿੱਲ ਦਿੱਤੀ ਗਈ ਹੈ ਪਰ ਸਾਨੂੰ ਆਪਣੇ ਬਚਾਅ ਲਈ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਉਨਾਂ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਮੌਕੇ ਮਾਸਕ ਪਹਿਨਣ ਤੇ ਇੱਕ ਦੂਜੇ ਤੋਂ ਆਪਸੀ ਦੂਰੀ ਦਾ ਖਿਆਲ ਰੱਖਿਆ ਜਾਵੇ ਅਤੇ ਜ਼ਰੂਰੀ ਲੋੜ ਪੈਣ ’ਤੇ ਹੀ ਭੀੜ ਵਾਲੀ ਥਾਂ ਦਾ ਦੌਰਾ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਮ.ਓ. ਸੰਗਰੂਰ ਡਾ. ਬਲਜੀਤ ਸਿੰਘ, ਹਸਪਤਾਲ ਪ੍ਰਬੰਧਕ ਡਾ. ਸੁਹਾਨੀ ਹਿਨਾ ਸਮੇਤ ਸਮੁੱਚੀ ਮੈਡੀਕਲ ਤੇ ਪ੍ਰਬੰਧਕੀ ਟੀਮ ਹਾਜ਼ਰ ਸੀ।

Advertisement
Advertisement
Advertisement
Advertisement
Advertisement
error: Content is protected !!