ਹਰਪ੍ਰੀਤ ਕੌਰ ਬਬਲੀ, ਸੰਗਰੂਰ, 13 ਅਕਤੂਬਰ 2023
“2015 ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਵਿਰੁੱਧ ਅਮਨਮਈ ਢੰਗ ਨਾਲ ਰੋਸ਼ ਕਰ ਰਹੇ ਅਤੇ ਨਾਮ ਜਪ ਰਹੇ ਸਿੱਖਾਂ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਦੀਆਂ ਸ਼ਹਾਦਤਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਹਿੱਤ ਗੁਰਦੁਆਰਾ ਟਿੱਬੀ ਸਾਹਿਬ ਪਾਤਸ਼ਾਹੀ ਦਸਵੀਂ ਬਹਿਬਲ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ 14 ਅਕਤੂਬਰ ਨੂੰ ਅਰਦਾਸ ਮੌਕੇ ਵੱਡਾ ਇਕੱਠਾ ਕਰੇਗਾ। ਇਸ ਲਈ ਸਭ ਖਾਲਸਾ ਪੰਥ ਜੋ ਖ਼ਾਲਸਾ ਪੰਥ ਨਾਲ ਹੋ ਰਹੀਆ ਬੇਇਨਸਾਫ਼ੀਆਂ, ਜ਼ਬਰ ਜੁਲਮ ਵਿਰੁੱਧ ਚੱਲ ਰਹੇ ਕੌਮੀ ਸੰਘਰਸ਼ ਵਿਚ ਯੋਗਦਾਨ ਪਾ ਰਿਹਾ ਹੈ, ਉਹ ਸਭ ਇਸ ਹੋਣ ਵਾਲੀ ਅਰਦਾਸ ਵਿਚ 14 ਅਕਤੂਬਰ ਨੂੰ ਸਮੂਲੀਅਤ ਕਰਨਾ ਯਕੀਨੀ ਬਨਾਉਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਸੰਗਰੂਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਸੰਗਰੂਰ ਦਫਤਰ ਤੋਂ ਪ੍ਰੈਸ ਨੋਟ ਜਾਰੀ ਕਰਕੇ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਮੈਬਰਾਂ, ਸਮਰੱਥਕਾਂ ਅਤੇ ਵਰਕਰਾਂ ਨੂੰ 14 ਅਕਤੂਬਰ ਦੇ ਦਿਨ ਬਹਿਬਲ ਕਲਾਂ ਵਿਖੇ ਪਹੁੰਚਕੇ ਹੋਣ ਵਾਲੀ ਕੌਮੀ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਕੀਤਾ। । ਉਹਨਾਂ ਦੱਸਿਆ ਕਿ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਦੀ ਸ਼ਹੀਦੀ ਅਰਦਾਸ ਸਮਾਗਮ ਗੁਰਦੁਆਰਾ ਟਿੱਬੀ ਸਾਹਿਬ, ਬਹਿਬਲ ਕਲਾਂ ਵਿਖੇ 14 ਅਕਤੂਬਰ ਨੂੰ ਸਵੇਰੇ 11 ਵਜੇ ਹੋਵੇਗਾ। ਸ. ਮਾਨ ਨੇ ਕਿਹਾ ਕਿ ਖਾਲਸਾ ਪੰਥ ਨਾਲ 1947 ਤੋਂ ਲੈਕੇ ਅੱਜ ਤੱਕ ਹਿੰਦੂਤਵ ਹੁਕਮਰਾਨ ਹਰ ਖੇਤਰ ਵਿਚ ਜ਼ਬਰ ਜੁਲਮ, ਵਿਤਕਰੇ ਅਤੇ ਬੇਇਨਸਾਫ਼ੀਆਂ ਕਰਦਾ ਆ ਰਿਹਾ ਹੈ। ਇਥੋ ਤੱਕ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੂੰ ਆਪਣੇ ਪ੍ਰਚਾਰ ਸਾਧਨਾਂ, ਮੀਡੀਏ ਵਿਚ ਗੈਰ ਦਲੀਲ ਢੰਗ ਨਾਲ ਕੇਵਲ ਬਦਨਾਮ ਹੀ ਨਹੀ ਕਰਦਾ ਆ ਰਿਹਾ, ਬਲਕਿ ਗੈਰ ਵਿਧਾਨਿਕ ਤੇ ਗੈਰ ਸਮਾਜਿਕ ਤਰੀਕੇ ਜ਼ਬਰ ਜੁਲਮ ਵੀ ਕਰਦਾ ਆ ਰਿਹਾ ਹੈ । ਲੇਕਿਨ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਨਾ ਤਾਂ ਕਿਸੇ ਉਤੇ ਕਿਸੇ ਤਰ੍ਹਾਂ ਦੀ ਵਧੀਕੀ, ਜ਼ਬਰ ਕਰਦੀ ਹੈ ਅਤੇ ਨਾ ਹੀ ਕਿਸੇ ਵੱਲੋ ਕੀਤੀ ਜਾਣ ਵਾਲੀ ਵਧੀਕੀ ਤੇ ਜ਼ਬਰ ਨੂੰ ਸਹਿਣ ਕਰਦੀ ਹੈ । ਦੂਸਰਾ ਸਿੱਖ ਕੌਮ ਨਾ ਤਾਂ ਆਪਣੇ ਕੌਮੀ ਦੁਸ਼ਮਣ ਨੂੰ ਕਦੀ ਭੁੱਲਦੀ ਹੈ ਅਤੇ ਨਾ ਹੀ ਉਸ ਨੂੰ ਕਦੀ ਮੁਆਫ਼ ਕਰਦੀ ਹੈ ।
ਸ. ਮਾਨ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ, ਬੀਤੇ 35-35 ਸਾਲਾਂ ਤੋ ਗੈਰ ਵਿਧਾਨਿਕ ਢੰਗ ਨਾਲ ਬੰਦੀ ਬਣਾਏ ਗਏ ਉਨ੍ਹਾਂ ਸਿੱਖਾਂ ਜੋ ਆਪਣੀਆ ਬਣਦੀਆ ਸਜਾਵਾਂ ਵੀ ਪੂਰੀਆ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਕਰਨ, ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਦਾ ਤੁਰੰਤ ਐਲਾਨ ਕਰਨ, ਸਿੱਖ ਕੌਮ ਦੇ ਗੁਰੂਘਰਾਂ ਦੇ ਪ੍ਰਬੰਧ ਵਿਚ ਮੰਦਭਾਵਨਾ ਅਧੀਨ ਹਕੂਮਤੀ ਦਖਲ ਕਰਨ ਤੋ ਤੋਬਾ ਕਰਨ, ਪੰਜਾਬ ਦੇ ਕੀਮਤੀ ਪਾਣੀਆ ਦੀ ਹੋ ਰਹੀ ਲੁੱਟ-ਖਸੁੱਟ ਤੋ ਤੋਬਾ ਕਰਨ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਅਤੇ ਰਾਜਧਾਨੀ ਚੰਡੀਗੜ੍ਹ ਦਾ ਪੂਰਨ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਪੰਜਾਬੀ ਬੋਲਦੇ ਇਲਾਕਿਆ ਜਿਨ੍ਹਾਂ ਨੂੰ ਜ਼ਬਰੀ ਪੰਜਾਬ ਤੋ ਬਾਹਰ ਰੱਖਿਆ ਗਿਆ, ਉਹ ਪੰਜਾਬ ਦੇ ਸਪੁਰਦ ਕਰਨ, ਪੰਜਾਬ ਦੀ ਵੱਡੀ ਬੇਰੁਜਗਾਰੀ ਨੂੰ ਦੂਰ ਕਰਨ ਲਈ ਪੰਜਾਬ ਦੀਆਂ ਸਰਹੱਦਾਂ ਫਸਲੀ ਅਤੇ ਉਦਯੋਗਿਕ ਵਸਤਾਂ ਦੇ ਵਪਾਰ ਲਈ ਤੁਰੰਤ ਖੋਲਣ, ਪੰਜਾਬ ਨੂੰ ਵੱਡੀਆ ਇੰਡਸਟਰੀਆਂ ਦੇਣ ਆਦਿ ਮਸਲਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹੱਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਟਾਲਮਟੋਲ ਦੀ ਨੀਤੀ ਅਧੀਨ ਸਾਲਾਂਬੰਦੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨਸਾਫ ਤੋ ਵਾਂਝੇ ਰੱਖਣਾ ਮੁਨਾਸਿਬ ਨਹੀਂਹੋਵੇਗਾ । ਇਸ ਲਈ ਸਮੇ ਦੀ ਨਜਾਕਤ ਇਹ ਮੰਗ ਕਰਦੀ ਹੈ ਕਿ ਹਿੰਦੂਤਵ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚੋ ਪੂਰਨ ਤੌਰ ਤੇ ਨਿਕਲਕੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਤੁਰੰਤ ਕਾਨੂੰਨ ਤੇ ਕੌਮਾਂਤਰੀ ਨਿਯਮਾਂ ਅਨੁਸਾਰ ਇਨਸਾਫ਼ ਦੇਣ ਦਾ ਅਮਲ ਕਰਨ ਜਿਸ ਨਾਲ ਇਹ ਬਿਹਤਰ ਹੋਵੇਗਾ ।