ਹਰਿੰਦਰ ਨਿੱਕਾ , ਬਰਨਾਲਾ 25 ਸਤੰਬਰ 2023
ਬਰਨਾਲਾ-ਬਠਿੰਡਾ ਰੋਡ ਤੇ ਸਥਿਤ ਈਟਨ ਪਲਾਜਾ ਦੇ ਕੋਲ ਬਣੇ SUBWAY ਤੋਂ ਕੁੱਝ ਫਰਲਾਂਗ ਦੀ ਦੂਰੀ ਪਰ ਕੈਰੇਟਾ ਗੱਡੀ ‘ਚ ਸਵਾਰ ਇੱਕ ਨੌਜਵਾਨ ਨੂੰ ਗੱਡੀ ਖੋਹ ਲੈਣ ਲਈ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜਖਮੀ ਹੋਏ ਨੌਜਵਾਨ ਨੇ ਸਿਰ ਤੇ ਮੌਤ ਦੇ ਖਤਰੇ ਨੂੰ ਭਾਂਪਦਿਆਂ ਗੱਡੀ ਬਠਿੰਡਾ ਵੱਲ ਭਜਾ ਲਈ। ਹਮਲਾਵਰਾਂ ਨੇ ਉਸ ਦਾ ਕਰੀਬ ਇੱਕ ਕਿੱਲੋਮੀਟਰ ਤੱਕ ਪਿੱਛਾ ਵੀ ਕੀਤਾ। ਪਰੰਤੂ ਉਹ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਬਚ ਨਿੱਕਲਿਆ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਦੋਸ਼ੀਆਂ ਦੀ ਤਲਾਸ਼ ਵਿੱਚ ਜੁੱਟ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਲ ਗਰੋਵਰ ਪੁੱਤਰ ਜਤਿੰਦਰ ਗਰੋਵਰ ਵਾਸੀ ਬਠਿੰਡਾ ਆਪਣੇ ਦੋਸਤ ਸਣੇ ਲੰਘੀ ਰਾਤ ਕਰੀਬ 9 ਵਜੇ, ਸਬ ਵੇਅ ਤੇ ਕੁੱਝ ਖਾਣ ਲਈ ਰੁਕਿਆ ਸੀ। ਉਹ SUBWAY ਤੋਂ ਖਾ ਪੀ ਕੇ, ਗੱਡੀ ਵਿੱਚ ਬਹਿ ਕੇ ਹਾਲੇ ਕੁੱਝ ਫਰਲਾਂਗ ਦੀ ਦੂਰੀ ਤੇ ਹੀ ਪਹੁੰਚਿਆ ਸੀ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਜਿਹੜੀ ਸਾਹਿਲ ਦੇ ਪੇਟ ਕੋਲ ਲੱਗੀ। ਅਜਿਹਾ ਹਮਲਾ ਦੇਖ ਕੇ, ਸਾਹਿਲ ਨੇ ਆਪਣੇ ਬਚਾਅ ਲਈ ਬਠਿੰਡਾ ਵੱਲ ਨੂੰ ਗੱਡੀ ਭਜਾ ਲਈ। ਕਰੀਬ ਇੱਕ ਕਿਲੋਮੀਟਰ ਤੱਕ ਹਮਲਾਵਰਾਂ ਨੇ ਗੱਡੀ ਦਾ ਪਿੱਛਾ ਵੀ ਕੀਤਾ। ਪਰੰਤੂ ਗੱਡੀ ਤੇਜ਼ ਸਪੀਡ ਹੋਣ ਕਾਰਣ, ਗੱਡੀ ਵਿੱਚ ਸਵਾਰ ਦੋਵੇਂ ਜਣੇ ਬਚ ਕੇ ਨਿੱਕਲਣ ਵਿੱਚ ਕਾਮਯਾਬ ਹੋ ਗਏ। ਸਾਹਿਲ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਸਾਹਿਲ ਨੂੰ ਉਸ ਦਾ ਦੋਸਤ ਮੁੱਢਲੇ ਇਲਾਜ਼ ਲਈ, ਆਦੇਸ਼ ਹਸਪਤਾਲ ‘ਚ ਲੈ ਕੇ ਪਹੁੰਚਿਆ। ਪਰੰਤੂ ਗੰਭੀਰ ਹਾਲਤ ਕਾਰਣ, ਉਸ ਦੇ ਪਰਿਵਾਰਿਕ ਮੈਂਬਰਾਂ ਨੇ ਸਾਹਿਲ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਦਾਖਿਲ ਕਰਵਾਇਆ। ਜਿੱਥੇ ਉਸ ਦਾ ਇਲਾਜ਼ ਜ਼ਾਰੀ ਹੈ।
ਗੱਡੀ ਖੋਹਣ ਦੀ ਕੋਸ਼ਿਸ਼!
ਗੋਲੀ ਨਾਲ ਜਖਮੀ ਹੋਏ ਸਾਹਿਲ ਦੇ ਬਰਨਾਲਾ ਨਿਵਾਸੀ ਰਿਸ਼ਤੇਦਾਰ ਮੰਗਤ ਬਾਂਸਲ ਨੇ ਕਿਹਾ ਕਿ ਹਥਿਆਰਬੰਦ ਲੁਟੇਰਿਆਂ ਨੇ ਗੱਡੀ ਖੋਹਣ ਦੀ ਨੀਯਤ ਨਾਲ ਹੀ ਉਸ ਦੇ ਗੋਲੀ ਮਾਰੀ ਹੈ। ਪਰੰਤੂ ਸਾਹਿਲ ਗਰੋਵਰ ਨੇ ਹਿੰਮਤ ਤੇ ਹੌਸਲਾ ਨਹੀਂ ਹਾਰਿਆ, ਉਹ ਜਖਮਾਂ ਦੀ ਪਰਵਾਹ ਨਾ ਕਰਦਿਆਂ ਕਰੀਬ ਪੰਜ ਕਿਲੋਮੀਟਰ ਤੱਕ ਖੁਦ ਹੀ ਗੱਡੀ ਚਲਾ ਕੇ ਲੈ ਗਿਆ। ਅੱਗੋਂ ਜਾ ਕੇ, ਉਸ ਨੇ ਗੱਡੀ ਆਪਣੇ ਦੋਸਤ ਨੂੰ ਫੜਾਈ ਤੇ ਆਪਣੇ ਦੋਸਤ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਬੁਲਾ ਲਿਆ। ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਸਾਹਿਲ ਗਰੋਵਰ ਦੇ ਬਿਆਨ ਦੇ ਅਧਾਰ ਪਰ, ਦੋ ਅਣਪਛਾਤੇ ਹਮਲਾਵਰਾਂ ਖਿਲਾਫ ਇਰਾਦਾ ਕਤਲ ਅਤੇ ਅਸਲਾ ਐਕਟ ਦੇ ਜ਼ੁਰਮ ਵਿੱਚ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਪੁਲਿਸ ਨੇ ਅਣਪਛਾਤਿਆਂ ਦੀ ਸ਼ਨਾਖਤ ਅਤੇ ਉਨਾਂ ਦੀ ਤਲਾਸ਼ ਲਈ, ਮੁਸਤੈਦੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ, ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।