ਚਿਤਾਵਨੀ- ਕੇਂਦਰ ਨੇ ਨੀਤੀਆਂ ਨਾ ਬਦਲੀਆਂ ਤਾਂ,,ਕਿਸਾਨ ਤਬਾਹ ਹੋ ਜਾਣਗੇ , ਖ਼ੁਦਕੁਸ਼ੀਆਂ ਦਾ ਵਧੂ ਵਰਤਾਰਾ
ਹਰਿੰਦਰ ਨਿੱਕਾ ਬਰਨਾਲਾ 5 ਜੂਨ, 2020
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਬਰਨਾਲਾ ਵੱਲੋਂ, ਸੂਬਾ ਕਮੇਟੀ ਦੇ ਸੱਦੇ ’ਤੇ, ਕਚਹਿਰੀ ਚੌਂਕ ਬਰਨਾਲਾ ਵਿੱਚ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜਾਹਿਰਾ ਕੀਤਾ ਗਿਆ । ਅਰਥੀ ਫੂਕਣ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ, ਬਰਨਾਲਾ ਬਲਾਕ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਹੰਡਿਆਇਆ ਅਤੇ ਬਲਾਕ ਆਗੂਆਂ ਬਾਬੂ ਸਿੰਘ ਖੁੱਡੀਕਲਾਂ ਤੇ ਸਿਕੰਦਰ ਸਿੰਘ ਭੂਰੇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ, ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਸਿਰਾਂ ਉੱਤੇ, ‘ਦੀ ਫਾਰਮਿੰਗ ਪ੍ਰੋਡਿਊਸ ਟਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ) ਆਰਡੀਨੈਂਸ 2020’ ਅਤੇ ‘ਫਾਰਮਰਜ਼ (ਇੰਪਾਵਰਮੈਂਟ ਅਤੇ ਪ੍ਰੋਟੈਕਸ਼ਨ) ਐਗਰੀਮੈਂਟ ਆਨ ਪ੍ਰਾਈਸ ਐਸ਼ੋਰੈਂਸ਼ ਐਂਡ ਫਾਰਮ ਸਰਵਿਸ ਆਰਡੀਨੈਂਸ 2020’ ਨਾਮ ਦੇ ਭਿਆਨਕ ਹਮਲੇ ਕੀਤੇ ਹਨ।
ਇਨ੍ਹਾਂ ਆਰਡੀਨੈਂਸਾਂ ਰਾਹੀਂ ਕਣਕ ਤੇ ਝੋਨੇ ਦੀ ਗਾਰੰਟਡ ਸਰਕਾਰੀ ਖਰੀਦ ਖ਼ਤਮ ਕਰ ਦਿੱਤੀ ਜਾਵੇਗੀ ਤੇ ਕਿਸਾਨਾਂ ਨੂੰ ਵਪਾਰੀਆਂ ਦੇ ਰਹਿਮ ’ਤੇ ਛੱਡ ਦਿੱਤਾ ਜਾਵੇਗਾ। ਹੁਣ ਤੱਕ ਸਰਕਾਰ ਵੱਲੋਂ ਮਿਥੇ ਘੱਟੋ-ਘੱਟ ਸਮਰਥਨ ਮੁੱਲ ਅਨੁਸਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਮਿਲਦੇ ਆ ਰਹੇ ਰੇਟਾਂ ਦੀ ਥਾਂ ਵਪਾਰੀ ਆਪਣੀ ਮਨਮਰਜ਼ੀ ਦੇ ਰੇਟ ਦੇਣਗੇ। ਜਿਹੜੇ ਫ਼ਸਲਾਂ ਦੀਆਂ ਲਾਗਤਾਂ ਤੋਂ ਵੀ ਬਹੁਤ ਘੱਟ ਹੋਣਗੇ। ਜਿਸ ਕਰਕੇ ਕਿਸਾਨ ਤਬਾਹ ਹੋ ਜਾਣਗੇ ਤੇ ਖ਼ੁਦਕੁਸ਼ੀਆਂ ਦਾ ਵਰਤਾਰਾ ਬੜੀ ਵੱਡੀ ਪੱਧਰ ’ਤੇ ਵਧ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਤਾਂ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਖੇਤੀ ਦੀਆਂ ਸਾਰੀਆਂ ਹੀ ਜਿਨਸਾਂ ਦੇ ਭਾਅ ਸਵਾਮੀਨਾਥਨ ਫਾਰਮੂਲੇ ਅਨੁਸਾਰ ਫ਼ਸਲਾਂ ਦੀਆਂ ਲਾਗਤਾਂ ਵਿੱਚ 50 ਫ਼ੀਸਦੀ ਮੁਨਾਫ਼ਾ ਜੋੜ ਕੇ ਤੈਅ ਕੀਤੇ ਜਾਣ ਤੇ ਉਸ ਤੈਅ ਕੀਤੇ ਭਾਅ ’ਤੇ ਫ਼ਸਲਾਂ ਦੀ ਗਰੰਟਡ ਖਰੀਦ ਕੀਤੀ ਜਾਵੇ । ਪਰ ਕੇਂਦਰ ਸਰਕਾਰ ਕਰੋਨਾ ਮਹਾਂਮਾਰੀ ਦੇ ਸੰਤਾਪ ਦਾ ਨਜ਼ਾਇਜ ਫਾਇਦਾ ਉਠਾਉਂਦਿਆਂ ਹੋਇਆਂ , ਪਹਿਲਾਂ ਕੀਤੀ ਜਾ ਰਹੀ ਕਣਕ, ਝੋਨੇ ਦੀ ਗਾਰੰਟਡ ਖਰੀਦ ਵੀ ਖ਼ਤਮ ਕਰਨ ਦੇ ਰਾਹ ਪੈ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਇਸ ਧੱਕੇ ਨੂੰ ਚੁੱਪਚਾਪ ਬਰਦਾਸ਼ਤ ਨਹੀਂ ਕਰਨਗੇ ਤੇ ਖ਼ੁਦਕੁਸ਼ੀਆਂ ਦੀ ਥਾਂ ਜ਼ੋਰਦਾਰ ਸੰਘਰਸ਼ਾਂ ਰਾਹੀਂ, ਸਰਕਾਰ ਨੂੰ ਇਸ ਦਾ ਠੋਕਵਾਂ ਜੁਆਬ ਦੇਣਗੇ।
ਇਸ ਮੌਕੇ ’ਤੇ ਨਿਰਮਲ ਸਿੰਘ ਹਮੀਦੀ, ਦਰਸ਼ਨ ਸਿੰਘ ਠੀਕਰੀਵਾਲਾ, ਜਸਵੰਤ ਸਿੰਘ ਹੰਡਿਆਇਆ, ਮਹਿੰਦਰ ਸਿੰਘ ਧਨੌਲਾ, ਮੇਜਰ ਸਿੰਘ ਸੰਘੇੜਾ ਆਦਿ ਕਿਸਾਨ ਆਗੂ ਹਾਜ਼ਰ ਸਨ।