ਰਿਚਾ ਨਾਗਪਾਲ, ਪਟਿਆਲਾ, 6 ਸਤੰਬਰ 2023
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਨੇੜਲੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਦੀ ਜੱਥੇਬੰਦੀ ਓਲਡ ਬੱਸ ਸਟੈਂਡ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ। ਵਿਧਾਇਕ ਕੋਹਲੀ ਦੀ ਪਹਿਲਕਦਮੀ ‘ਤੇ ਸੁਖਾਂਵੇਂ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਓਲਡ ਬੱਸ ਸਟੈਂਡ ਸ਼ਾਪ ਕੀਪਰਸ ਐਸੋਸੀਏਸ਼ਨ ਦੇ ਕਨਵੀਨਰ ਗੁਰਪਾਲ ਸਿੰਘ ਲਾਲੀ, ਸ਼ੇਰ ਸਿੰਘ ਮਾਨ, ਬਿੱਟੂ ਕੁਮਾਰ, ਜਤਿੰਦਰ ਕੁਮਾਰ ਜਿੰਮੀ, ਸੰਜੂ ਬਾਵਾ, ਪ੍ਰੇਮ ਕੁਮਾਰ, ਓਮ ਪ੍ਰਕਾਸ਼ ਸਿੰਗਲਾ, ਸੰਦੀਪ ਗਰਗ, ਨਵੀਨ ਚੁੱਘ ਆਦਿ ਨੁਮਾਇੰਦੇ ਹਾਜਰ ਸਨ, ਜਿਨ੍ਹਾਂ ਨੇ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਦਾ ਜਿਕਰ ਕੀਤਾ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਨ੍ਹਾਂ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਕੰਪਲੈਕਸ ਨੂੰ ਬੱਸ ਅੱਡੇ ਦੀ ਥਾਂ ਕਿਸੇ ਹੋਰ ਮੰਤਵ ਲਈ ਨਹੀਂ ਵਰਤਿਆ ਜਾਵੇਗਾ ਅਤੇ ਇੱਥੇ ਸ਼ੱਟਲ ਬੱਸ ਸਰਵਿਸ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਵੀ ਰਾਬਤਾ ਕੀਤਾ ਗਿਆ ਹੈ ਅਤੇ ਉਹ ਵੀ ਚਾਹੁੰਦੇ ਹਨ ਕਿ ਪੁਰਾਣੇ ਬੱਸ ਅੱਡੇ ਨੂੰ ਜਲਦੀ ਚਲਾਇਆ ਜਾ ਸਕੇ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਪੀਆਰਟੀਸੀ ਨੂੰ ਅਗਲੇ 10 ਦਿਨਾਂ ਦੇ ਅੰਦਰ-ਅੰਦਰ ਪੁਰਾਣੇ ਬੱਸ ਅੱਡੇ ਨੂੰ ਨੇੜਲੇ ਰੂਟਾਂ ਦੀਆਂ ਬੱਸਾਂ ਨਾਲ ਚਲਾਉਣ ਲਈ ਇੱਕ ਤਜਵੀਜ ਤਿਆਰ ਕਰਨ ਲਈ ਆਖ ਦਿੱਤਾ ਗਿਆ ਹੈ, ਤਾਂ ਕਿ ਇੱਥੇ ਮੁੜ ਤੋਂ ਸਵਾਰੀਆਂ ਆਉਣ ਲੱਗਣ ਜਿਸ ਨਾਲ ਨੇੜਲੇ ਦੁਕਾਨਦਾਰਾਂ ਦਾ ਕਾਰੋਬਾਰ ਚੱਲ ਸਕੇ। ਕੋਹਲੀ ਨੇ ਭਰੋਸਾ ਦਿੱਤਾ ਕਿ ਉਹ ਖ਼ੁਦ ਅਤੇ ਡਿਪਟੀ ਕਮਿਸ਼ਨਰ ਪਟਿਆਲਾ, ਸਕੱਤਰ ਟਰਾਂਸਪੋਰਟ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚ ਕਰਕੇ ਇੱਥੋਂ ਦੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਦਰਪੇਸ਼ ਸਮੱਸਿਆ ਦਾ ਨਿਪਟਾਰਾ ਜਰੂਰ ਕਰਵਾਉਣਗੇ।