ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 6 ਸਤੰਬਰ 2023
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ ਦੋ ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਇੱਥੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਹੋਈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇਸ ਮੌਕੇ ਖੇਡਾਂ ਦੀ ਸ਼ੁਰੂਆਤ ਕਰਵਾਊਂਦਿਆਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਇੰਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਡਾਂ ਦਾ ਜੀਵਨ ਵਿਚ ਬਹੁਤ ਯੋਗਦਾਨ ਹੁੰਦਾ ਹੈ ਅਤੇ ਖਿਡਾਰੀ ਇਸ ਤੋਂ ਅਨੁਸ਼ਾਸਨ, ਮਿਲਵਰਤਨ ਅਤੇ ਚੁਣੌਤੀਆਂ ਨੂੰ ਸਵਿਕਾਰ ਕਰਨਾ ਸਿੱਖਦਾ ਹੈ।
ਇਸ ਮੌਕੇ ਜਿ਼ਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ ਅੰਡਰ 14 ਸਾਲ ਵਰਗ ਦੇ ਮੁਕਾਬਲੇ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ 7 ਸਤੰਬਰ ਨੂੰ ਅੰਡਰ 17, 8 ਸਤੰਬਰ ਨੂੰ ਅੰਡਰ 21, 9 ਸਤੰਬਰ ਨੂੰ 21 ਤੋਂ 30 ਸਾਲ ਅਤੇ 31 ਤੋਂ 40 ਸਾਲ ਦੇ ਮੁਕਾਬਲੇ ਹੋਣਗੇ। 10 ਸਤੰਬਰ ਨੂੰ 40 ਤੋਂ 55 ਸਾਲ, 56 ਤੋਂ 65 ਸਾਲ ਅਤੇ 65 ਤੋਂ ਵੱਡੀ ਉਮਰ ਦੇ ਖਿਡਾਰੀਆਂ ਦੇ ਮੁਕਾਬਲੇ ਹੋਣਗੇ।
ਉਨ੍ਹਾਂ ਨੇ ਦੱਸਿਆ ਕਿ ਬਲਾਕ ਫਾਜਿਲਕਾ ਦੀਆਂ ਖੇਡਾਂ ਫਾਜਿ਼ਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ, ਜਲਾਲਾਬਾਦ ਬਲਾਕ ਦੀਆਂ ਖੇਡਾਂ ਜਲਾਲਾਬਾਦ, ਅਰਨੀਵਾਲਾ ਬਲਾਕ ਦੀਆਂ ਖੇਡਾਂ ਡੱਬਵਾਲਾ ਕਲਾਂ, ਅਬੋਹਰ ਬਲਾਕ ਦੀਆਂ ਖੇਡਾਂ ਬਹਾਵਵਾਲਾ ਅਤੇ ਖੂਈਆਂ ਸਰਵਰ ਬਲਾਕ ਦੀਆਂ ਖੇਡਾਂ ਵਰਿਆਮ ਖੇੜਾ ਹੋ ਰਹੀਆਂ ਹਨ।
ਇਸ ਮੌਕੇ ਮੁੱਖ ਅਧਿਆਪਕ ਹਰਪਾਲ ਸਿੰਘ, ਗਗਨਦੀਪ ਸਿੰਘ ਸੋਢੀ ਅਤੇ ਵੱਖ ਵੱਖ ਖੇਡਾਂ ਦੇ ਕੋਚ ਹਾਜਰ ਸਨ। ਖਿਡਾਰੀਆਂ ਨੇ ਖੇਡਾਂ ਦੀ ਸ਼ੁਰੂਆਤ ਤੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਤੇ ਉਤਸਾਹ ਨਾਲ ਮੁਕਾਬਲਿਆਂ ਵਿਚ ਭਾਗ ਲਿਆ।