ਰਿਚਾ ਨਾਗਪਾਲ, ਪਟਿਆਲਾ, 6 ਸਤੰਬਰ 2023
ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਜਗਜੀਤ ਸਿੰਘ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀ ਗਿਣਤੀ ਵੱਧ ਤੋਂ ਵੱਧ 1500 ਰੱਖੀ ਗਈ ਹੈ, ਇਸ ਲਈ ਜਿਨ੍ਹਾਂ ਪੋਲਿੰਗ ਬੂਥਾਂ ਦੀਆਂ ਵੋਟਾਂ 1500 ਤੋਂ ਵੱਧ ਹਨ, ਉਥੇ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੋਰ ਪੋਲਿੰਗ ਬੂਥ ਸਥਾਪਤ ਕੀਤਾ ਜਾਣਾ ਹੈ ਜਾਂ ਵੋਟਾਂ ਨਾਲ ਦੇ ਬੂਥ ਵਿੱਚ ਸਿਫ਼ਟ ਕੀਤੀਆਂ ਜਾਣੀਆਂ ਹਨ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਿਆਂ ਦੇ ਕਿਸੇ ਵੀ ਪੋਲਿੰਗ ਸਟੇਸ਼ਨ ਵਿੱਚ ਵੋਟਰਾਂ ਦੀ ਗਿਣਤੀ 1500 ਜਾਂ ਇਸ ਤੋਂ ਵੱਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵੱਲੋਂ ਰਾਜਸੀ ਪਾਰਟੀਆਂ ਦੇ ਬਲਾਕ ਪ੍ਰਧਾਨ/ਸਕੱਤਰਾਂ ਨਾਲ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦੀ ਸਹਿਮਤੀ ਨਾਲ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰ ਲਈ ਗਈ ਹੈ। ਇਸ ਤੋਂ ਇਲਾਵਾ ਸੁਪਰਵਾਈਜ਼ਰੀ ਅਫ਼ਸਰਾਂ ਅਤੇ ਬੀ.ਐਲ.ਓਜ਼ ਰਾਹੀਂ ਪੋਲਿੰਗ ਸਟੇਸ਼ਨਾਂ ਦੀ ਵੈਰੀਫਿਕੇਸ਼ਨ ਕਰਵਾਈ ਗਈ ਹੈ ਅਤੇ ਇਨ੍ਹਾਂ ਪੋਲਿੰਗ ਸਟੇਸ਼ਨਾਂ ਤੇ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਜ਼ਿਲ੍ਹਾ ਪਟਿਆਲਾ ਵਿੱਚ ਪਹਿਲਾਂ ਕੁੱਲ 1786 ਪੋਲਿੰਗ ਸਟੇਸ਼ਨ ਹਨ ਅਤੇ ਰੈਸ਼ਨੇਲਾਈਜੇਸ਼ਨ ਕਰਨ ਉਪਰੰਤ ਵੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1786 ਹੀ ਹੈ।
ਉਨ੍ਹਾਂ ਵਿਧਾਨ ਸਭਾ ਚੋਣ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਭਾ ਵਿੱਚ 226 ਪੋਲਿੰਗ ਸਟੇਸ਼ਨ, ਪਟਿਆਲਾ ਦਿਹਾਤੀ ਵਿੱਚ 258, ਰਾਜਪੁਰਾ ਵਿਧਾਨ ਸਭਾ ਚੋਣ ਹਲਕੇ ਵਿੱਚ 201 ਅਤੇ ਘਨੌਰ ਵਿਖੇ 210 ਪੋਲਿੰਗ ਸਟੇਸ਼ਨ ਹਨ। ਇਸੇ ਤਰ੍ਹਾਂ ਸਨੌਰ ਵਿਖੇ 272, ਪਟਿਆਲਾ ਵਿਖੇ 182, ਸਮਾਣਾ ਵਿਖੇ 232 ਅਤੇ ਸ਼ੁਤਰਾਣਾ ਵਿਖੇ 205 ਪੋਲਿੰਗ ਸਟੇਸ਼ਨ ਹਨ। ਮੀਟਿੰਗ ਵਿੱਚ ਮਹਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਵਿਜੈ ਕੁਮਾਰ, ਬਲਦੇਵ ਸਿੰਘ ਮਹਿਰਾ, ਹਰਿੰਦਰ ਕੌਰ, ਰਜਿੰਦਰ ਮੋਹਨ, ਚੋਣ ਤਹਿਸੀਲਦਾਰ ਰਾਮਜੀ ਲਾਲ, ਕੁਲਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਐਸ. ਬੱਤਰਾ ਵੀ ਮੌਜੂਦ ਸਨ।