ਅਸ਼ੋਕ ਧੀਮਾਨ, ਫਤਹਿਗੜ੍ਹ ਸਾਹਿਬ, 5 ਸਤੰਬਰ 2023
. ਪਿੰਡ ਸੌਂਟੀ ਵਿਖੇ 1 ਡੇਂਗੂ ਦੇ ਪਾਜ਼ੇਟਿਵ ਕੇਸ ਨਿਕਲਣ ਕਾਰਨ ਜ਼ਿਲ੍ਹੇ ਅੰਦਰ ਡੇਂਗੂ ਪੋਜਟਿਵ ਕੇਸਾਂ ਦੀ ਗਿਣਤੀ 55 ਹੋ ਗਈ ਹੈ । ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡਿਮਿਆਲੋਜਿਸਟ ਡਾਕਟਰ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਸੋਟੀ ਦੇ 517 ਘਰ ਵਿਜਿਟ ਕਰਕੇ 1252 ਕੰਟੇਨਰ ਚੈੱਕ ਕੀਤੇ ਜਿਨ੍ਹਾਂ ਵਿਚੋਂ 27 ਵਿਚ ਮੱਛਰ ਦਾ ਲਾਰਵਾ ਪਾਇਆ ਗਿਆ, ਜਿਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ, ਆਮ ਲੋਕਾਂ ਨੂੰ ਜਾਗਰੂਕ ਕੀਤਾ ਤੇ ਜਾਗਰੂਕਤਾ ਸਮੱਗਰੀ ਵੰਡੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾਕਟਰ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਜਿਹੜੇ ਪਿੰਡਾਂ ਅੰਦਰ ਡੇਗੂ ਦੇ ਕੇਸ ਨਿਕਲ ਰਹੇ ਹਨ।
ਉੱਥੇ ਫੌਗਿੰਗ ਤੇ ਸਪਰੇ ਕਰਵਾਈ ਜਾ ਰਹੀ ਹੈ, ਅਤੇ ਸਿਹਤ ਵਿਭਾਗ ਦੀਆਂ ਸਪੈਸ਼ਲ ਟੀਮਾਂ ਲਗਾ ਕੇ ਫੀਵਰ ਸਰਵੇ ਤੇ ਆਮ ਲੋਕਾਂ ਨੂੰ ਡੇਂਗੂ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਤੋਂ ਬਚਣ ਲਈ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਇਸ ਮੌਸਮ ਦੌਰਾਨ ਆਪਣੇ ਕੂਲਰਾਂ ਵਿੱਚ ਪਾਣੀ ਦੀ ਵਰਤੋਂ ਕਰਨੀ ਬੰਦ ਕਰ ਦੇਣ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ, ਸਪਰੇਅ, ਮੱਛਰਦਾਨੀ ਆਦਿ ਦੀ ਵਰਤੋਂ ਕਰਨ । ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਹੋ ਜਾਵੇ ਤਾਂ ਉਹ ਐਸਪਰੀਨ ਅਤੇ ਬਰੂਫਨ ਦੀ ਵਰਤੋਂ ਬਿਲਕੁਲ ਨਾ ਕਰਨ ਸਗੋਂ ਪੈਰਾਸਿਟਾਮੋਲ ਦੀ ਦਵਾਈ ਹੀ ਲੈਣ ਅਤੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਕਿਉਂਕਿ ਡੇਂਗੂ ਦਾ ਇਲਾਜ ਅਤੇ ਟੈਸਟ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ ।
ਇਸ ਮੌਕੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਬੀ.ਈ.ਈ ਮਹਾਂਵੀਰ ਸਿੰਘ, ਬੀ.ਸੀ.ਸੀ ਅਮਰਜੀਤ ਸਿੰਘ, ਸਿਹਤ ਇੰਸਪੈਕਟਰ ਹਰਮਿੰਦਰਪਾਲ , ਮਨਦੀਪ ਕੌਰ ਤੋਂ ਇਲਾਵਾ ਹੋਰ ਸਿਹਤ ਕਰਮਚਾਰੀ ਹਾਜਰ ਸਨ।