ਚੰਡੀਗੜ ਦੀ ਸ਼ਰਾਬ ਵੇਚਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
ਅਸ਼ੋਕ ਵਰਮਾ , ਮੋਗਾ, 5 ਸਤੰਬਰ 2023
ਮੋਗਾ ਪੁਲਿਸ ਨੇ ਚੰਡੀਗੜ੍ਹ ਦੀ ਸ਼ਰਾਬ ਵੇਚਣ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਕੋਲੋਂ 69 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਕਾਰਵਾਈ ਦੌਰਾਨ ਦੋ ਮਹਿੰਗੀਆਂ ਗੱਡੀਆਂ ਵੀ ਕਬਜ਼ੇ ਵਿੱਚ ਲਈਆਂ ਹਨ ਜਿਨ੍ਹਾਂ ਨੂੰ ਸ਼ਰਾਬ ਦੀ ਸਮੱਗਲਿੰਗ ਲਈ ਵਰਤਿਆ ਜਾਂਦਾ ਸੀ। ਸੀਨੀਅਰ ਪੁਲਿਸ ਕਪਤਾਨ ਮੋਗਾ ਜੇ.ਏਲਨਚੀਲੀਅਨ , ਡੀਐਸਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਅਤੇ ਥਾਣਾ ਅਜੀਤਵਾਲ ਦੇ ਮੁੱਖ ਥਾਣਾ ਅਫ਼ਸਰ ਸਬ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਅਜੀਤਵਾਲ ਦੀ ਅਗਵਾਈ ਹੇਠ ਚਲਾਈ ਮੁਹਿੰਮ ਦੌਰਾਨ ਪੁਲਿਸ ਨੂੰ ਇਹ ਸਫ਼ਲਤਾ ਮਿਲੀ ਹੈ।
ਮੋਗਾ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੰਦੀਪ ਕੁਮਾਰ ਮੋਗਾ ਸ਼ਮੇਤ ਸਾਥੀ ਕਰਮਚਾਰੀਆਂ ਗਸ਼ਤ ਦੇ ਸਬੰਧ ਵਿੱਚ ਜਾ ਰਹੇ ਤਾਂ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ ਤੇ ਪੁਲ ਸੂਆ ਪਿੰਡ ਚੂਹੜਚੱਕ ਤੋਂ ਕਾਉਕੇ ਲਿੰਕ ਰੋਡ ਬਾਹੱਦ ਪਿੰਡ ਚੂਹੜਚੱਕ ਵਿਖੇ ਨਾਕਾ ਬੰਦੀ ਕਰਕੇ,ਦੌਰਾਨੇ ਨਾਕਾਬੰਦੀ ਹਰਜਿੰਦਰ ਸਿੰਘ ਉਰਫ ਕਾਕਾ ਪੁੱਤਰ ਅਜਮੇਰ ਸਿੰਘ ਵਾਸੀ ਰਾਜੇਆਣਾ ਨੂੰ ਬਰੀਜ਼ਾ ਗੱਡੀ ਸਮੇਤ ਕਾਬੂ ਕਰਕੇ ਗੱਡੀ ਵਿੱਚੋ 24 ਪੇਟੀਆ ਸ਼ਰਾਬ ਠੇਕਾ ਅੰਗਰੇਜ਼ੀ ਮਾਰਕਾ ਪਾਵਰ ਸਟਾਰ ਵਿਸਕੀ ਜਿਸ ਤੇ ਚੰਡੀਗੜ੍ਹ ਵਿੱਚ ਵਿੱਕਰੀ ਲਈ ਲਿਖਿਆ ਹੋਇਆ ਸੀ ਬਰਾਮਦ ਕੀਤੀ ਗਈ।
ਇਸੇ ਤਰ੍ਹਾਂ ਹੀ ਪੁਲਿਸ ਨੇ ਪਿੰਡ ਚੂਹੜ ਚੱਕ ਤੋਂ ਡਾਂਗੀਆ ਲਿੰਕ ਰੋਡ ਤੇ ਨਾਕਾ ਲਾਇਆ ਹੋਇਆ ਸੀ ਜਿੱਥੇ ਇੱਕ ਗੁਪਤ ਸੂਚਨਾ ਤੋਂ ਬਾਅਦ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਪੁਲਿਸ ਪਾਰਟੀ ਨੇ ਦਲਜੀਤ ਸਿੰਘ ਉਰਫ ਸਿਕੰਦਰ ਪੁੱਤਰ ਵਿਜੇ ਸਿੰਘ, ਵਰਿੰਦਰ ਸਿੰਘ ਪੁੱਤਰ ਵਜ਼ੀਰ ਸਿੰਘ ਵਾਸੀਆਨ ਗੁਰੂ ਰਾਮਦਾਸ ਨਗਰ ਮੋਗਾ ਨੂੰ ਫਾਰਚੂਨਰ ਗੱਡੀ ਸਮੇਤ ਕਾਬੂ ਕਰਕੇ ਗੱਡੀ ਵਿਚੋਂ ਚੰਡੀਗੜ੍ਹ ਦੀ ਸ਼ਰਾਬ ਦੀਆਂ 45 ਪੇਟੀਆਂ ਬਰਾਮਦ ਕੀਤੀਆਂ ਹਨ। ਥਾਣਾ ਅਜੀਤਵਾਲ ਪੁਲਿਸ ਨੇ ਇਹਨਾਂ ਦੋਵਾਂ ਮਾਮਲਿਆਂ ਨੂੰ ਲੈ ਕੇ ਦੋ ਵੱਖ ਵੱਖ ਪੁਲਿਸ ਕੇਸ ਦਰਜ ਕੀਤੇ ਹਨ। ਮੋਗਾ ਪੁਲਿਸ ਹੁਣ ਅਗਲੀ ਕਾਰਵਾਈ ਕਰ ਰਹੀ ਹੈ। ਪੁਲਿਸ ਅਨੁਸਾਰ ਮੁਲਾਜ਼ਮਾਂ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ।