ਰਘਬੀਰ ਹੈਪੀ, ਬਰਨਾਲਾ, 29 ਅਗਸਤ 2023
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਧੱਕੇਸ਼ਾਹੀ ਅਤੇ ਨਲਾਇਕੀ ਦੀ ਹੱਦਾਂ ਪਾਰ ਕਰ ਚੁੱਕੇ ਹਨ, ਜਿਸਦੇ ਚਲਦਿਆਂ ਇਨ੍ਹਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਵਿਕਾਸ ਦੇ ਕਾਰਜ ਕਰਵਾਉਣੇ ਤਾਂ ਕੀ ਹਨ, ਉਲਟਾ ਪੰਚਾਇਤਾਂ ਤੇ ਪਿੰਡਾਂ ਦੇ ਲੋਕਾਂ ਵੱਲੋਂ ਆਪਸੀ ਸਹਿਯੋਗ ਨਾਲ ਕੀਤੇ ਜਾਣ ਵਾਲੇ ਵਿਕਾਸ ਦੇ ਕੰਮਾਂ ਵਿੱਚ ਵੀ ਰੁਕਾਵਟਾ ਪੈਦਾ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਦਕ ਸਕੱਤਰ ਸ. ਗੋਵਿੰਦ ਸਿੰਘ ਸੰਧੂ ਨੇ ਹਲਕੇ ਦੇ ਪਿੰਡ ਰਾਮਗੜ੍ਹ ਵਿਖੇ ਐਮ.ਐਲ.ਏ. ਦੀ ਧੱਕੇਸ਼ਾਹੀ ਵਿਰੁੱਧ ਹੋਏ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਰਕਾਰ ਦੀਆਂ ਧੱਕੇਸ਼ਾਹੀਆਂ ਵਿੱਚ ਵਾਧਾ ਹੋ ਰਿਹਾ ਹੈ, ਉਵੇਂ ਹੀ ਧੱਕੇਸ਼ਾਹੀਆਂ ਦੇ ਵਿਰੋਧ ਵਿੱਚ ਪੰਜਾਬ ਦੇ ਲੋਕਾਂ ਦਾ ਇਕੱਠ ਦਿਨੋਂ ਦਿਨ ਵਧਦਾ ਜਾ ਰਿਹਾ ਹੈ | ਜੇ ਇਹੋ ਹਾਲ ਰਿਹਾ ਤਾਂ ਸਮੇਂ ਤੋਂ ਪੰਜਾਬ ਪੰਚਾਇਤਾਂ ਨੂੰ ਭੰਗ ਕਰਨ ਦੇ ਆਦੇਸ਼ ਸੁਨਾਉਣ ਵਾਲੀ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਸਮੇਂ ਤੋਂ ਪਹਿਲਾਂ ਭੰਗ ਹੋਣ ਤੋਂ ਕੋਈ ਨਹੀਂ ਬਚਾ ਸਕਦਾ |
ਸ. ਸੰਧੂ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਅਤੇ ਬਰਸਾਤੀ ਚਿੱਕੜ ਦੀ ਸਮੱਸਿਆ ਤੋਂ ਬਚਾਉਣ ਲਈ ਐਨ.ਆਰ.ਆਈ. ਭਰਾਵਾਂ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਜੋ ਨਾਲੇ ਨੂੰ ਬਨਾਉਣ ਦਾ ਉੱਦਮ ਕੀਤਾ ਗਿਆ ਸੀ, ਉਹ ਬੇਹੱਦ ਸ਼ਲਾਘਾਯੋਗ ਸੀ ਪਰ ਆਪ ਦੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣੀ ਨਲਾਇਕੀ ਦਾ ਸਬੂਤ ਦਿੰਦੇ ਹੋਏ ਰਾਤੋਂ ਰਾਤ ਨਾਲੇ ਨੂੰ ਜੇਸੀਬੀ ਨਾਲ ਤੁੜਵਾ ਦਿੱਤਾ | ਹੁਣ ਜੇਕਰ ਇਸ ਨਾਲੇ ਦੇ ਟੁੱਟਣ ਨਾਲ ਪਿੰਡ ਵਾਸੀਆਂ ਦਾ ਨੁਕਸਾਨ ਹੁੰਦਾ ਤਾਂ ਉਸਦੇ ਲਈ ਕੌਣ ਜਿੰਮੇਵਾਰ ਹੈ | ਸ. ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਹਿੱਤ ਲਈ ਕੰਮ ਕਰਨ ਦੀ ਬਜਾਏ ਆਉਣ ਵਾਲੀਆਂ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ | ਪੰਜਾਬ ਦੇ ਖਜਾਨੇ ਦਾ ਕਰੋੜਾਂ ਰੁਪਏ ਇਸ਼ਤਿਹਾਰਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਓ ਭਗਤ ‘ਤੇ ਖਰਚ ਕੀਤਾ ਜਾ ਰਿਹਾ ਹੈ | ਸੂਬੇ ਦੇ ਖਜਾਨੇ ‘ਤੇ ਬੋਝ ਪਾ ਕੇ ਮੁੱਖ ਮੰਤਰੀ ਪੰਜਾਬ ਆਪਣੀ ਪਾਰਟੀ ਲਈ ਬਾਹਰਲੇ ਸੂਬਿਆਂ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਰੁਝੇ ਹੋਏ ਹਨ, ਜਦੋਂਕਿ ਪੰਜਾਬ ਦੇ ਲੋਕ ਆਪਣੇ ਮੰਗਾਂ, ਕੰਮਾਂ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ |
ਸ. ਸੰਧੂ ਨੇ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ | ਮੌਜੂਦਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਅਤੇ ਧੱਕੇਸ਼ਾਹੀਆਂ ਕਰਨ ਦਾ ਖਾਮਿਆਜਾ ਆਮ ਆਦਮੀ ਪਾਰਟੀ ਨੂੰ ਆਗਾਮੀ ਚੋਣਾਂ ਵਿੱਚ ਭੁਗਤਣਾ ਪਵੇਗਾ | ਸ. ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹਰ ਪੰਚਾਇਤ ਅਤੇ ਪੰਜਾਬ ਵਾਸੀ ਨਾਲ ਡੱਟ ਕੇ ਖੜ੍ਹਾ ਹੈ | ਉਨ੍ਹਾਂ ਪਿੰਡ ਰਾਮਗੜ੍ਹ ਦੇ ਸਰਪੰਚ ਰਾਜਵਿੰਦਰ ਸਿੰਘ ਨੂੰ ਵੀ ਭਰੋਸਾ ਦੁਆਇਆ ਕਿ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ |
ਇਸ ਮੌਕੇ ਉਨ੍ਹਾਂ ਦੇ ਨਾਲ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਹਲਕਾ ਇੰਚਾਰਜ ਬਰਨਾਲਾ ਗੁਰਪ੍ਰੀਤ ਸਿੰਘ ਖੁੱਡੀ,ਜਥੇਦਾਰ ਮਨਜੀਤ ਸਿੰਘ ਸੰਘੇੜ, ਬੀਬੀ ਕਰਮਜੀਤ ਕੌਰ ਬਰਨਾਲਾ ਸ਼ਹਿਰੀ ਪ੍ਰਧਾਨ, ਓਕਾਂਰ ਸਿੰਘ ਬਰਾੜ, ਸਰਪੰਚ ਸੁਖਜਿੰਦਰ ਸਿੰਘ ਕਲਕੱਤਾ, ਸਰਪੰਚ ਸੁਖਪਾਲ ਸਿੰਘ ਛੰਨਾ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਗੁਰਦਿੱਤ ਸਿੰਘ ਮੀਡੀਆ ਇੰਚਾਰਜ ਭਦੌੜ, ਗੁਰਜੀਤ ਸਿੰਘ ਸ਼ਹਿਣਾ, ਤਰਨਜੀਤ ਸਿੰਘ ਦੁੱਗਲ ਸਰਪੰਚ ਸਮੇਤ ਪਾਰਟੀ ਦੇ ਹੋਰ ਆਗੂ ਅਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ |