ਰਿਚਾ ਨਾਗਪਾਲ, ਪਟਿਆਲਾ, 29 ਅਗਸਤ 2023
ਪਟਿਆਲਾ ਜ਼ਿਲ੍ਹੇ ਵਿੱਚ ਸੜਕਾਂ ‘ਤੇ ਘੁੰਮਦੇ ਬੇਸਹਾਰਾ ਪਸ਼ੂਆਂ ਨੂੰ ਫੜਕੇ ਗਊਸ਼ਾਲਾਵਾਂ ਵਿੱਚ ਪਹੁੰਚਾਉਣ ਦਾ ਕੰਮ ਤੇਜੀ ਨਾਲ ਜਾਰੀ ਹੈ। ਇਸ ਬਾਰੇ ਕੁਝ ਦਿਨ ਪਹਿਲਾਂ ਹੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਗਾਜੀਪੁਰ, ਸਮਾਣਾ ਗਊਸ਼ਾਲਾ ਦਾ ਦੌਰਾ ਕਰਕੇ ਜ਼ਿਲ੍ਹੇ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ।
ਇਸੇ ਤਹਿਤ ਉਲੀਕੀ ਗਈ ਵਿਆਪਕ ਯੋਜਨਾ ‘ਤੇ ਕੰਮ ਕਰਦਿਆਂ ਪਹਿਲਾਂ ਜ਼ਿਲ੍ਹੇ ਵਿੱਚ ਸੜਕਾਂ ਉਪਰ ਫਿਰਦੇ ਸਾਰੇ ਪਸ਼ੂਆਂ ਦਾ ਸਰਵੇ ਕਰਕੇ ਗਿਣਤੀ ਕਰਵਾਈ ਗਈ ਸੀ ਅਤੇ ਹੁਣ ਇਨ੍ਹਾਂ ਨੂੰ ਫੜਕੇ ਵੱਖ-ਵੱਖ ਗਊਸ਼ਾਲਾਵਾਂ ਵਿੱਚ ਭੇਜਿਆ ਜਾ ਰਿਹਾ ਹੈ। ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਅਤੇ ਏ.ਡੀ.ਸੀ ਸ਼ਹਿਰੀ ਵਿਕਾਸ ਵੱਲੋਂ ਇਸ ਕੰਮ ਦਾ ਰੋਜ਼ਾਨਾ ਜਾਇਜ਼ਾ ਲੈਣ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਖ਼ੁਦ ਇਸ ਕੰਮ ਦੀ ਹਫ਼ਤਾਵਾਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਹੀ ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਨੇ ਹੁਣ ਤੱਕ 230 ਦੇ ਕਰੀਬ ਪਸ਼ੂਆਂ ਨੂੰ ਫੜਕੇ ਗਊਸ਼ਾਲਾਵਾਂ ਵਿੱਚ ਪਹੁੰਚਾਇਆ ਹੈ। ਜਦਕਿ ਇਨ੍ਹਾਂ ਦੋ ਮਹੀਨਿਆਂ ਅੰਦਰ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਖੇ ਵੀ 66 ਪਸ਼ੂ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਰੋਜ਼ਾਨਾ ਦੇ ਆਧਾਰ ‘ਤੇ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਕਮੇਟੀਆਂ ਵਿੱਚ ਜ਼ਿਲ੍ਹੇ ਅੰਦਰ ਕਰੀਬ 518 ਪਸ਼ੂ ਹੋਰ ਹਨ, ਜਿਨ੍ਹਾਂ ਨੂੰ ਫੜਕੇ ਵੱਖ-ਵੱਖ ਗਊਸ਼ਾਲਾਵਾਂ ਵਿੱਚ ਪਹੁੰਚਾ ਦਿੱਤਾ ਜਾਵੇਗਾ।