ਏ.ਐਸ.ਆਈ. ਬਲਕਾਰ ਸਿੰਘ ਸਣੇ 6 ਨਾਮਜਦ ਦੋਸ਼ੀਆਂ ਦੇ ਵਕੀਲਾਂ ਦਾ ਪੱਖ ਸੁਨਣਗੇ ਐਡੀਸ਼ਨਲ ਸ਼ੈਸ਼ਨ ਜੱਜ਼ ਅਰੁਣ ਗੁਪਤਾ
ਹਾਈਕੋਰਟ ਚ, ਪੀਆਈਐਲ ਪਾ ਕੇ ਸਿੱਧੂ ਮੂਸੇਵਾਲਾ ਤੇ ਉਸ ਦੇ ਸਾਥੀਆਂ ਵਿਰੁੱਧ ਅਸਲਾ ਐਕਟ ਲਗਵਾਉਣ ਵਾਲੇ ਐਡਵੋਕੇਟ ਰਵੀ ਜੋਸ਼ੀ ਤੇ ਆਰਐਸ ਰੰਧਾਵਾ ਵੀ ਅਦਾਲਤ ਚ, ਪਹੁੰਚਣਗੇ
ਹਰਿੰਦਰ ਨਿੱਕਾ ਬਰਨਾਲਾ 2 ਜੂਨ 2020
ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਪੁਲਿਸ ਮੁਲਾਜਮਾਂ ਨੂੰ ਨਾਲ ਲੈ ਕੇ ਪਿੰਡ ਬਡਬਰ ਚ, ਲੌਕਡਾਉਨ ਦੇ ਦੌਰਾਨ AK 47 ਰਾਈਫਲ ਨਾਲ ਕੀਤੀ ਫਾਇਰਿੰਗ ਦੇ ਮਾਮਲੇ ਚ, 6 ਜਣਿਆਂ ਦੀ ਐਂਟੀਸਪੇਟਰੀ ਜਮਾਨਤ ਤੇ ਅੱਜ ਐਡੀਸ਼ਨਲ ਸ਼ੈਸ਼ਨ ਜੱਜ਼ ਅਰੁਣ ਗੁਪਤਾ ਦੀ ਅਦਾਲਤ ਵਿੱਚ ਸੁਣਵਾਈ ਹੋਵੇਗੀ। ਸਿੱਧੂ ਮੂਸੇਵਾਲਾ ਅਤੇ ਪੁਲਿਸ ਮੁਲਾਜਮਾਂ ਖਿਲਾਫ ਕਮਜੋਰ ਧਾਰਾਵਾਂ ਲਾ ਕੇ ਉੱਨਾਂ ਨੂੰ ਰਾਹਤ ਦੇਣ ਵਾਲੀ ਬਰਨਾਲਾ ਤੇ ਸੰਗਰੂਰ ਪੁਲਿਸ ਨੂੰ ਹਾਈਕੋਰਟ ਚ, ਪੀਆਈਐਲ ਪਾ ਕੇ ਅਸਲਾ ਐਕਟ ਲਾਉਣ ਲਈ ਮਜਬੂਰ ਕਰਨ ਵਾਲੇ ਪੰਜਾਬ ਐੱਡ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਵਕੀਲ ਰਵੀ ਜੋਸ਼ੀ ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਰਨਲ ਆਰ ਐਸ ਰੰਧਾਵਾ ਵੀ ਲੋਕ ਹਿੱਤ ਚ, ਬਰਨਾਲਾ ਅਦਾਲਤ ਚ, ਪਹੁੰਚ ਕੇ ਜਮਾਨਤ ਦੀ ਅਰਜੀ ਖਾਰਿਜ ਕਰਵਾਉਣ ਲਈ ਅੱਡੀ-ਚੋਟੀ ਦਾ ਜੋਰ ਲਾਉਣਗੇ । ਜਦੋਂ ਕਿ ਬਰਨਾਲਾ ਦੇ ਪ੍ਰਸਿੱਧ ਫੌਜਦਾਰੀ ਵਕੀਲ ਵਰਿੰਦਰ ਸਿੰਘ ਸੰਧੂ , ਜੰਗਸ਼ੇਰ ਸਿੰਘ ਦੇ ਅਤੇ ਸਿਪਾਹੀ ਹਰਵਿੰਦਰ ਸਿੰਘ ਦੀ ਤਰਫੋਂ ਪ੍ਰਸਿੱਧ ਐਡਵੋਕੇਟ ਰਾਹੁਲ ਗੁਪਤਾ ਅਤੇ ਹੋਰਨਾਂ 4 ਪੁਲਿਸ ਕਰਮਚਾਰੀਆਂ ਵੱਲੋਂ ਸੰਗਰੂਰ ਦੇ ਪ੍ਰਸਿੱਧ ਵਕੀਲ ਸਮੀਰ ਫੱਤਾ ਨਾਮਜ਼ਦ ਦੋਸ਼ੀਆਂ ਨੂੰ ਐਂਟੀਸਪੇਟਰੀ ਜਮਾਨਤ ਦੇਣ ਲਈ ਅਤੇ ਇੱਨਾਂ ਸਾਰਿਆਂ ਦੀ ਗਿਰਫਤਾਰੀ ਤੇ ਰੋਕ ਲਾਉਣ ਲਈ ਅਦਾਲਤ ਨੂੰ ਠੋਸ ਦਲੀਲਾਂ ਦੇਣਗੇ। ਉੱਧਰ ਕੇਸ ਚ, ਨਾਮਜ਼ਦ 6 ਦੋਸ਼ੀਆਂ ਨੂੰ ਜਮਾਨਤਾਂ ਨਾ ਦੇਣ ਲਈ ਅਤੇ ਪੁਲਿਸ ਨੂੰ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਦੀ ਅਹਿਮ ਜਰੂਰਤ ਬਾਰੇ ਸਰਕਾਰੀ ਵਕੀਲ ਆਪਣੀਆਂ ਠੋਸ ਦਲੀਲਾਂ ਪੇਸ਼ ਕਰਨਗੇ। ਸਿੱਧੂ ਮੂਸੇਵਾਲਾ ਸਮੇਤ ਬਰਨਾਲਾ ਅਤੇ ਦੇਸ਼, ਵਿਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਅੱਜ ਦੇ ਅਦਾਲਤ ਦੇ ਫੈਸਲੇ ਤੇ ਦਿਨ ਭਰ ਟਿਕੀਆਂ ਰਹਿਣਗੀਆਂ।
ਕਨਸੋਆਂ :- ਬਰਨਾਲਾ ਅਦਾਲਤ ਤੋਂ ਜਮਾਨਤ ਦੀ ਰਾਹਤ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਗਾਇਕ ਸਿੱਧੂ ਮੂਸੇਵਾਲਾ ਤੇ ਪੁਲਿਸ ਮੁਲਾਜਮ ਆਪਣੀਆਂ ਗੋਟੀਆਂ ਫਿੱਟ ਕਰਨ ਲਈ ਸਰਗਰਮ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀਆਂ ਕਨਸੋਆਂ ਅਨੁਸਾਰ ਤੈਅ ਰਣਨੀਤੀ ਅਨੁਸਾਰ ਹੀ ਇੱਕੋ ਕੇਸ ਚ, ਨਾਮਜਦ 6 ਦੋਸ਼ੀਆਂ ਨੇ 3 ਵੱਖ ਵੱਖ ਵਕੀਲਾਂ ਦੀਆਂ ਸੇਵਾਵਾਂ ਲਈਆਂ ਹਨ। ਸੁਣਨ ਚ, ਇਹ ਵੀ ਆਇਆ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣਿਆਂ ਲਈ ਅਦਾਲਤ ਚ, ਜਮਾਨਤ ਲੈਣ ਮੌਕੇ ਹੋਣ ਵਾਲੀ ਬਹਿਸ ਵਿੱਚ ਪੁਲਿਸ ਅਧਿਕਾਰੀਆਂ ਨੂੰ ਜਿਆਦਾ ਅੜਿੱਕਾ ਨਾ ਲਾਉਣ ਲਈ ਜੋਰ ਤਾਣ ਲਾਇਆ ਹੋਇਆ ਹੈ। ਸੱਤਾਧਾਰੀ ਧਿਰ ਦੇ ਕਈ ਆਗੂ ਅਤੇ ਪੁਲਿਸ ਦੇ ਕਈ ਵੱਡੇ ਵੱਡੇ ਅਧਿਕਾਰੀ ਵੀ ਜਮਾਨਤ ਚ, ਸਰਕਾਰੀ ਪੱਖ ਕਮਜੋਰ ਰੱਖਣ ਲਈ ਪਿਛਲੇ ਕਈ ਦਿਨਾਂ ਤੋਂ ਸਰਗਰਮ ਹਨ। ਇੱਥੋਂ ਤੱਕ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਕੱਲ੍ਹ ਬਰਨਾਲਾ ਅਦਾਲਤੀ ਕੰਪਲੈਕਸ ਚ, ਲੋਕਾਂ ਨੇ ਘੁੰਮਦਿਆਂ ਵੇਖਿਆ ਹੈ। ਸਿੱਧੂ ਦੀ ਜਮਾਨਤ ਦੀ ਅਰਜੀ ਨਾ ਲੱਗੀ ਹੋਣ ਦੇ ਸ਼ਾਵਜੂਦ ਵੀ ਸਿੱਧੂ ਦੇ ਪਿਤਾ ਦਾ ਅਦਾਲਤੀ ਕੰਪਲੈਕਸ ਚ, ਜਮਾਨਤ ਦੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਭਲਵਾਨੀ ਗੇੜਾ ਦੇ ਕੇ ਜਾਣਾ ਕਈ ਤਰਾਂ ਦੀਆਂ ਸ਼ੰਕਾਵਾਂ ਨੂੰ ਜਨਮ ਵੀ ਦੇ ਰਿਹਾ ਹੈ। ਕੁਝ ਵੀ ਹੋਵੇ, ਪਰ ਅੱਜ ਦਾ ਜਮਾਨਤਾਂ ਸਬੰਧੀ ਫੈਸਲਾ , ਸਿੱਧੂ ਤੇ ਉਸਦੇ ਸਾਥੀਆਂ ਨੂੰ ਰਾਹਤ ਵੀ ਦੇ ਸਕਦਾ ਹੈ ਅਤੇ ਆਫਤ ਵੀ ਬਣ ਸਕਦਾ ਹੈ।
-ਜੇ ਜਮਾਨਤ ਮਿਲ ਗਈ ਤਾਂ, ,
ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਹਿਰਾਸਤੀ ਪੁੱਛਗਿੱਛ ਤੋਂ ਬਿਨਾਂ ਸਿੱਧੂ ਮੂਸੇਵਾਲਾ ਕੇਸ ਚ, ਫਾਇਰਿੰਗ ਸਮੇਂ ਵਰਤੀ AK 47 ਰਾਈਫਲ, ਵੀਡੀਉ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਮੋਬਾਇਲ ਫੋਨ , AK 47 ਰਾਈਫਲ ਦੀਆਂ ਚਲਾਈਆਂ ਗੋਲੀਆਂ ਦੇ ਖੋਲ ਅਤੇ ਦੋਸ਼ੀਆਂ ਦੁਆਰਾ ਵਰਤੀਆਂ ਗਈਆਂ ਗੱਡੀਆਂ ਬਰਾਮਦ ਹੋਣਾ ਸੰਭਵ ਨਹੀਂ ਹੋਵੇਗਾ। ਫਾਇਰਿੰਗ ਮੌਕੇ ਮੈਜੂਦ ਰਹੇ ਹੋਰ ਵਿਅਕਤੀਆਂ ਅਤੇ ਸਾਜਿਸ਼ ਚ, ਸ਼ਾਮਿਲ ਵਿਅਕਤੀਆਂ ਦਾ ਖੁਲਾਸਾ ਵੀ ਨਹੀਂ ਹੋ ਸਕੇਗਾ।
-ਅਦਾਲਤ ਚ, ਪੇਸ਼ ਹੋਊਗਾ ਕਿਹੜਾ ਤਫਤੀਸ਼ ਅਧਿਕਾਰੀ ?
ਥਾਣਾ ਧਨੌਲਾ ਵਿਖੇ ਐਫਆਈਆਰ ਨੰਬਰ 57 ਦਰਜ਼ ਕਰਨ ਸਮੇਂ ਤਤਕਾਲੀ ਐਸਐਚਉ ਮੇਜਰ ਸਿੰਘ ਤਫਤੀਸ਼ ਅਧਿਕਾਰੀ ਸੀ। ਫਿਰ ਜਾਂਚ ਸੀਆਈਏ ਬਰਨਾਲਾ ਨੂੰ ਸੌਂਪ ਦਿੱਤੀ ਤੇ ਤਫਤੀਸ਼ ਅਧਿਕਾਰੀ ਸੀਆਈਏ ਇੰਚਾਰਜ ਬਲਜੀਤ ਸਿੰਘ ਲਾਇਆ ਗਿਆ। ਬਾਅਦ ਚ, ਜਤਿੰਦਰ ਸਿੰਘ ਔਲਖ ਆਈਜੀ ਰੇਂਜ ਪਟਿਆਲਾ ਨੇ ਮਾਮਲੇ ਦੀ ਤਫਤੀਸ਼ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੂੰ ਸੌਂਪ ਦਿੱਤੀ ਸੀ। ਜਿਨ੍ਹਾਂ ਦੋਸ਼ੀਆਂ ਖਿਲਾਫ ਦਰਜ ਐਫਆਈਆਰ ਚ, 25/30 -54/59 ਆਰਮਜ਼ ਐਕਟ ਅਤੇ 120 ਬੀ ਜੁਰਮ ਦਾ ਵਾਧਾ ਕਰ ਦਿੱਤਾ ਸੀ। ਇਸ ਤਰਾਂ ਕੇਸ ਦਰਜ਼ ਹੋਣ ਦੇ ਕਰੀਬ 1 ਮਹੀਨੇ ਅੰਦਰ ਹੀ ਕੇਸ ਦੇ 3 ਤਫਤੀਸ਼ ਅਧਿਕਾਰੀ ਬਦਲ ਗਏ। ਤਤਕਾਲੀ ਐਸਐਚਉ ਧਨੌਲਾ ਮੇਜਰ ਸਿੰਘ ਦੇ ਤਬਾਦਲੇ ਤੋਂ ਬਾਅਦ ਕੁਲਦੀਪ ਸਿੰਘ ਨੂੰ ਐਸਐਚਉ ਤਾਇਨਾਤ ਕੀਤਾ ਗਿਆ ਹੈ। ਅਦਾਲਤ ਨੇ ਜਮਾਨਤ ਤੇ ਸੁਣਵਾਈ ਮੌਕੇ ਤਫਤੀਸ਼ ਅਧਿਕਾਰੀ ਨੂੰ ਰਿਕਾਰਡ ਲੈ ਕੇ ਆਉਣ ਲਈ ਤਲਬ ਕੀਤਾ ਹੈ। ਹੁਣ ਇਹ ਗੱਲ ਵੀ ਦਿਲਚਸਪ ਹੋਵੇਗੀ ਕਿ ਅਦਾਲਤ ਚ, ਅੱਜ ਕੇਸ ਦੇ ਤਫਤੀਸ਼ ਅਧਿਕਾਰੀ ਦੇ ਤੌਰ ਤੇ ਧਨੌਲਾ ਦਾ ਐਸਐਚਉ ਕੁਲਦੀਪ ਸਿੰਘ ਪੇਸ਼ ਹੋਵੇਗਾ ਜਾਂ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ? ਇਸ ਸਵਾਲ ਦਾ ਜੁਆਬ ਤਾਂ ਅਦਲਾਤ ਚ, ਹੋਣ ਵਾਲੀ ਸੁਣਵਾਈ ਦੋ ਮੌਕੇ ਹੀ ਮਿਲੇਗਾ। ਵਰਣਨਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬਡਬਰ ਚ, ਕੀਤੀ ਫਾਇਰਿੰਗ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਖਾਨਾਪੂਰਤੀ ਕਰਨ ਲਈ ਸਿੱਧੂ ਮੂਸੇਵਾਲਾ ਸਮੇਤ ਹੋਰਨਾਂ ਦੇ ਖਿਲਾਫ ਥਾਣਾ ਧਨੌਲਾ ਚ, ਅਧੀਨ ਜੁਰਮ 188 ਆਈਪੀਸੀ ਤੇ ਡਿਜਾਸਟਰ ਐਕਟ ਦੀ ਧਾਰਾ 51 ਦੇ ਤਹਿਤ 4 ਮਈ ਨੂੰ ਕੇਸ ਦਰਜ਼ ਕੀਤਾ ਸੀ।