-ਹੁਣ 2 ਜੂਨ ਨੂੰ ਬਰਨਾਲਾ ਦੇ ਐਡੀਸ਼ਨਲ ਸ਼ੈਸ਼ਨ ਜੱਜ਼ ਅਰੁਣ ਗੁਪਤਾ ਦੀ ਅਦਾਲਤ ਚ, ਹੋਵੇਗੀ 6 ਜਣਿਆ ਦੀ ਜਮਾਨਤ ਤੇ ਸੁਣਵਾਈ
ਹਰਿੰਦਰ ਨਿੱਕਾ ਬਰਨਾਲਾ 31 ਮਈ 2020
ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਪੁਲਿਸ ਕਰਮਚਾਰੀਆਂ ਨੂੰ ਨਾਲ ਲੈ ਕੇ ਜਿਲ੍ਹੇ ਦੇ ਪਿੰਡ ਬਡਬਰ ਚ, ਲੌਕਡਾਉਨ ਦੇ ਦੌਰਾਨ AK 47 ਰਾਈਫਲ ਨਾਲ ਕੀਤੀ ਫਾਇਰਿੰਗ ਦੇ ਮਾਮਲੇ ਵਿੱਚ ਨਾਮਜਦ ਡੀਐਸਪੀ ਦਲਜੀਤ ਸਿੰਘ ਵਿਰਕ ਦੇ ਗੰਨਮੈਨ ਏਐਸਆਈ ਬਲਕਾਰ ਸਿੰਘ ਸਮੇਤ 4 ਹੋਰ ਦੋਸ਼ੀਆਂ ਨੇ ਬਰਨਾਲਾ ਅਦਾਲਤ ਚ, ਆਪਣੇ ਵਕੀਲ ਸਮੀਰ ਫੱਤਾ ਰਾਹੀਂ ਐੱਟੀਸਪੇਟਰੀ ਜਮਾਨਤ ਦੀ ਅਰਜੀ ਦਾਇਰ ਕਰ ਦਿੱਤੀ ਹੈ। ਐਡਵੋਕੇਟ ਸਮੀਰ ਫੱਤਾ ਨੇ ਏਐਸਆਈ ਬਲਕਾਰ ਸਿੰਘ ਤੋਂ ਇਲਾਵਾ ਹੌਲਦਾਰ ਗੁਰਜਿੰਦਰ ਸਿੰਘ,ਹੌਲਦਾਰ ਗਗਨਦੀਪ ਸਿੰਘ ਅਤੇ ਸਿਪਾਹੀ ਜਸਵੀਰ ਸਿੰਘ ਦੀ ਜਮਾਨਤ ਲਈ ਦੁਰਪਾਸਤ ਪੇਸ਼ ਕੀਤੀ ਹੈ। ਅਦਾਲਤ ਨੇ ਇੱਨ੍ਹਾਂ ਚੌਂਹ ਜਣਿਆ ਦੀ ਸੁਣਵਾਈ ਵੀ 2 ਜੂਨ ਨੂੰ ਹੀ ਡੀਐਸਪੀ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ ਅਤੇ ਸਿਪਾਹੀ ਹਰਵਿੰਦਰ ਸਿੰਘ ਦੇ ਨਾਲ ਹੀ ਰੱਖ ਲਈ ਹੈ। ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਅਰੁਣ ਗੁਪਤਾ 2 ਜੂਨ ਨੂੰ ਹੀ ਇਸ ਕੇਸ ਚ, ਨਾਮਜਦ 6 ਕਥਿਤ ਦੋਸ਼ੀਆਂ ਦੀ ਜਮਾਨਤ ਲਈ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਆਪਣਾ ਫੈਸਲਾ ਦੇਣਗੇ। ਵਰਨਣਯੋਗ ਹੈ ਕਿ ਡੀਐਸਪੀ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ ਦੀ ਜਮਾਨਤ ਲਈ ਐਡਵੋਕੇਟ ਵਰਿੰਦਰ ਸਿੰਘ ਸੰਧੂ ਅਤੇ ਸਿਪਾਹੀ ਹਰਵਿੰਦਰ ਸਿੰਘ ਦੀ ਜਮਾਨਤ ਦੀ ਅਰਜੀ ਐਡਵੋਕੇਟ ਰਾਹੁਲ ਗੁਪਤਾ ਨੇ ਪਹਿਲਾਂ ਹੀ ਦਾਇਰ ਕੀਤੀ ਹੋਈ ਹੈ। ਯਾਦ ਰਹੇ ਕਿ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬਡਬਰ ਚ, ਕੀਤੀ ਫਾਇਰਿੰਗ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਖਾਨਾਪੂਰਤੀ ਕਰਨ ਲਈ ਸਿੱਧੂ ਮੂਸੇਵਾਲਾ ,ਕਰਮ ਸਿੰਘ ਲਹਿਲ, ਇੰਦਰ ਗਰੇਵਾਲ ਸੰਗਰੂਰ, ਡੀਐਸਪੀ ਦਲਜੀਤ ਸਿੰਘ ਵਿਰਕ ਦੇ ਗੰਨਮੈਨ ਥਾਣੇਦਾਰ ਬਲਕਾਰ ਸਿੰਘ, ਹੌਲਦਾਰ ਹਰਵਿੰਦਰ ਸਿੰਘ ਦੇ ਖਿਲਾਫ ਥਾਣਾ ਧਨੌਲਾ ਚ, ਅਧੀਨ ਜੁਰਮ 188 ਆਈਪੀਸੀ ਤੇ ਡਿਜਾਸਟਰ ਐਕਟ ਦੀ ਧਾਰਾ 51 ਦੇ ਤਹਿਤ 4 ਮਈ ਨੂੰ ਕੇਸ ਦਰਜ਼ ਕੀਤਾ ਸੀ।
-ਸਿੱਧੂ ਮੂਸੇਵਾਲਾ ਲਈ ਮੁਸੀਬਤ ਬਣੇ ਹਾਈਕੋਰਟ ਦੇ ਐਡਵੋਕੇਟ ਰਵੀ ਜੋਸ਼ੀ
ਸਿੱਧੂ ਮੂਸੇਵਾਲੇ ਦੁਆਰਾ ਕੀਤੀ ਫਾਇਰਿੰਗ ਦੇ ਸਬੰਧ ਚ, ਪੁਲਿਸ ਵੱਲੋਂ ਕਥਿਤ ਖਾਨਾਪੂਰਤੀ ਕਰਕੇ ਕਮਜ਼ੋਰ ਧਾਰਾਵਾਂ ਲਾਉਣ ਦੇ ਵਿਰੁੱਧ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਐਡਵੋਕੇਟ ਰਵੀ ਜੋਸ਼ੀ ਨੇ ਹਾਈਕੋਰਟ ਚ, ਪੀਆਈਐਲ ਦਾਇਰ ਕਰਕੇ ਪੁਲਿਸ ਅਤੇ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਸਨ। ਪੁਲਿਸ ਅਤੇ ਸਰਕਾਰ ਨੇ ਹਾਈਕੋਰਟ ਦੀ ਫਿਟਕਾਰ ਤੋਂ ਬਚਣ ਲਈ ਸੁਣਵਾਈ ਦੀ ਨਿਸਚਿਤ ਤਾਰੀਖ ਵਾਲੇ ਦਿਨ ਸੁਣਵਾਈ ਤੋਂ ਐਨ ਪਹਿਲਾਂ ਹੀ ਪਟਿਆਲਾ ਰੇਂਜ ਦੇ ਆਈਜੀ ਜਤਿੰਦਰ ਸਿੰਘ ਔਲਖ ਨੇ ਹਲਫਨਾਮਾ ਦਾਇਰ ਕਰਕੇ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਵਿਰੁੱਧ ਥਾਂਣਾ ਧਨੌਲਾ ਅਤੇ ਥਾਣਾ ਸਦਰ ਧੂਰੀ ਦੇ ਕੇਸਾਂ ਦੇ ਜੁਰਮ ਚ, ਅਸਲਾ ਐਕਟ ਅਤੇ ਅਪਰਾਧਿਕ ਸਾਜਿਸ਼ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਹੈ। ਇਹ ਵੀ ਜਿਕਰਯੋਗ ਹੈ ਕਿ ਸੰਗਰੂਰ ਅਦਾਲਤ ਨੇ 27 ਮਈ ਨੂੰ ਹੀ ਉਕਤ ਸਾਰੇ ਨਾਮਜਦ 6 ਦੋਸ਼ੀਆਂ ਦੀ ਗਿਰਫਤਾਰੀ ਤੇ 9 ਜੂਨ ਤੱਕ ਰੋਕ ਲਗਾ ਰੱਖੀ ਹੈ।