ਡਾਕਟਰ ਰਜਿੰਦਰ ਕੌਰ ਨੇ ਮੱਛੀ ਦਾ ਕੀਮਾ, ਫਿਸ਼ ਫਿੰਗਰਜ਼, ਫਿਸ਼ ਕਟਲੇਟ, ਫਿਸ਼ ਬਾਲਜ਼ ਆਦਿ ਬਨਾਉਣ ਦਾ ਕਰਵਾਇਆ ਪ੍ਰੈਕਟੀਕਲ
ਗਗਨ ਹਰਗੁਣ , ਬਰਨਾਲਾ 28 ਜੁਲਾਈ 2023
ਗੁਰੂ ਅੰਗਦ ਦੇਵ ਵੈਟਨਰੀ & ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਜਿਲ੍ਹਾ ਬਰਨਾਲਾ ‘ਚ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਪੰਜ ਦਿਨਾਂ ਦਾ ਸਿਖਲਾਈ ਕੋਰਸ ‘ਮੱਛੀ ਦੀ ਪ੍ਰੋਸੈਸਿੰਗ ਅਤੇ ਮੁੱਲ ਵਡੋਤਰੀ’ ਬਾਰੇ ਜਾਣਕਾਰੀ ਦੇਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ, ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਲਗਾਇਆ ਗਿਆ । ਇਸ ਸਿਖਲਾਈ ਕੋਰਸ ਵਿੱਚ ਕੁੱਲ 26 ਸਿਖਿਆਰਥੀਆਂ ਨੇ ਬਰਨਾਲਾ, ਸੰਗਰੂਰ, ਮਾਨਸਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਤੋਂ ਪਹੁੰਚ ਕੇ ਹਿੱਸਾ ਲਿਆ। ਜਿਸ ਵਿੱਚ ਮੁੱਖ ਤੌਰ ਤੇ ਐਸ. ਡੀ. ਕਾਲਜ, ਬਰਨਾਲਾ ਦੇ ਵਿਦਿਆਰਥੀ ਸ਼ਾਮਿਲ ਸਨ । 5 ਦਿਨਾਂ ਦੇ ਸਿਖਲਾਈ ਕੋਰਸ ਦੌਰਾਨ, ਸਿਖਲਾਈ ਲਈ ਮੁੱਖ ਧਿਆਨ ਮੱਛੀ ਦੀ ਪ੍ਰੋਸੈਸਿੰਗ ਵਿੱਚ ਹੁਨਰ ਦੇਣਾ ਜਿਵੇਂ ਕਿ ਮਨੁੱਖੀ ਸਿਹਤ ਵਿੱਚ ਮੱਛੀ ਦੀ ਮਹੱਤਤਾ, ਮੱਛੀ ਦੀ ਸੰਭਾਲ, ਪ੍ਰੋਸੈਸਿੰਗ ਕਰਨਾ ਅਤੇ ਮੱਛੀ ਤੋਂ ਉਤਪਾਦ ਤਿਆਰ ਕਰਨ ਦੇ ਨਾਲ-ਨਾਲ ਪੈਕੇਜਿੰਗ ਅਤੇ ਮੰਡੀਕਰਨ ਬਾਰੇ ਵੀ ਜਾਣਕਰੀ ਪ੍ਰਦਾਨ ਕਰਨ ਤੇ ਕੇਂਦ੍ਰਿਤ ਕੀਤਾ ਗਿਆ ।
ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਸਿਖਲਾਈ ਕੋਰਸ ਦਾ ਉਦਘਾਟਨ ਕਰਦੇ ਹੋਏ ਸਿਖਿਆਰਥੀਆਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪਹੁੰਚਣ ਅਤੇ ਇਸ ਸਿਖਲਾਈ ਕੋਰਸ ਵਿੱਚ ਦਾਖਲਾ ਲੈਣ ਲਈ ਸੁਆਗਤ ਕੀਤਾ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਕੱਚੇ ਮਾਲ ਤੋਂ ਤਿਆਰ ਕੀਤੇ ਵੱਧ-ਮੁੱਲ ਦੇ ਉਤਪਾਦਾਂ ਦੇ ਲਾਭ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਮੁੱਲ-ਵਰਧਿਤ ਉਤਪਾਦ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਿੱਧੇ ਤੌਰ ‘ਤੇ ਲਾਭਦਾਇਕ ਹੋ ਸਕਦੇ ਹਨ। ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਮੱਛੀ ਦਾ ਹਰੇਕ ਹਿੱਸਾ ਜਾਂ ਤਾਂ ਖਾਣ ਯੋਗ ਹੈ ਜਾਂ ਮੱਛੀ ਅਤੇ ਜਾਨਵਰਾਂ ਦੀ ਖੁਰਾਕ ਵਿੱਚ ਮੱਛੀ ਮੀਲ (ਪ੍ਰੋਟੀਨ ਵੱਧ ਮਾਤਰਾ ਵਿੱਚ ਮੌਜੂਦ) ਵਜੋਂ ਵਰਤਿਆ ਜਾ ਸਕਦਾ ਹੈ।
ਡਾ.ਰਜਿੰਦਰ ਕੌਰ ਨੇ ਮੱਛੀ ਅਤੇ ਹੋਰ ਜਲ-ਜੰਤੂਆਂ ਤੋਂ ਤਿਆਰ ਕੀਤੇ ਜਾਣ ਵਾਲੇ ਮੁੱਲ-ਵਰਧਿਤ ਪਦਾਰਥਾਂ ਬਾਰੇ ਜਾਣਕਾਰੀ ਦਿੱਤੀ। ਸਿਖਲਾਈ ਪ੍ਰੋਗਰਾਮ ਦੌਰਾਨ ਕੇ.ਵੀ.ਕੇ., ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਡਾ. ਗੁਲਗੁਲ ਸਿੰਘ, ਫਿਸ਼ਰੀਜ਼ ਕਾਲਜ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਤੋਂ ਡਾ. ਅਜੀਤ ਸਿੰਘ ਅਤੇ ਡਾ. ਸਿਧਨਾਥ ਨੇ ਮੱਛੀ ਦੀ ਪ੍ਰੋਸੈਸਿੰਗ, ਸਾਂਭ-ਸੰਭਾਲ ਅਤੇ ਮੰਡੀਕਰਨ ਸਬੰਧੀ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਇਸ ਸਿਖਲਾਈ ਕੋਰਸ ਦੌਰਾਨ ਮੱਛੀ ਤੋਂ ਵੱਖ-ਵੱਖ ਮੁੱਲ-ਵਰਧਿਤ ਉਤਪਾਦ ਜਿਵੇਂ ਕਿ ਮੱਛੀ ਦਾ ਕੀਮਾ, ਫਿਸ਼ ਫਿੰਗਰਜ਼, ਫਿਸ਼ ਕਟਲੇਟ, ਫਿਸ਼ ਬਾਲਜ਼ ਆਦਿ ਬਨਾਉਣ ਦਾ ਪ੍ਰੈਕਟੀਕਲ ਪ੍ਰਦਰਸ਼ਨ ਕਰਕੇ, ਸਿਖਾਇਆ ਗਿਆ।
ਸਿਖਲਾਈ ਕੋਰਸ ਦੀ ਸਮਾਪਤੀ ਦੌਰਾਨ ਡਾ. ਤੰਵਰ ਨੇ ਸਾਰੇ ਸਿਖਿਆਰਥੀਆਂ ਨੂੰ ਸਫਲਤਾ ਪੂਰਕ ਮੱਛੀ ਦੀ ਪ੍ਰੋਸੈਸਿੰਗ ਅਤੇ ਮੁੱਲ ਵਡੋਤਰੀ ਤੇ ਸਿਖਲਾਈ ਕੋਰਸ ਪੂਰਾ ਕਰਨ ਤੇ ਵਧਾਈ ਦਿੱਤੀ। ਉਨ੍ਹਾਂ ਸਭ ਨੂੰ ਗੁਜ਼ਾਰਿਸ਼ ਕਰਦੇ ਹੋਏ ਕਿਹਾ ਕਿ ਵਿਗਿਆਨਕ ਤਰੀਕੇ ਨਾਲ ਕੀਤਾ ਗਿਆ ਕੋਈ ਵੀ ਧੰਦਾ ਲਾਹੇਵੰਦ ਸਾਬਿਤ ਹੁੰਦਾ ਹੈ । ਸਵੈ-ਰੋਜ਼ਗਾਰ ਅਤੇ ਆਮਦਨ ਵਿੱਚ ਵਾਧਾ ਕਰਨ ਲਈ ਪੈਦਾਵਾਰ ਦੀ ਪ੍ਰੋਸੈਸਿੰਗ ਅਤੇ ਵੈਲਿਯੂ ਐਡੀਸ਼ਨ ਕਰਨਾ ਇੱਕ ਵਧੀਆ (ਬਦਲ) ਵਿਕਲਪ ਹੈ ।