ਅਸ਼ੋਕ ਵਰਮਾ , ਬਠਿੰਡਾ 22 ਜੁਲਾਈ 2023
ਵਿਦੇਸ਼ ਜਾਣ ਲਈ ਕਾਹਲੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਵਾਉਣ ਦਾ ਝਾਂਸਾ ਦੇ ਕੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰਨ ਦਾ ਸਿਲਸਿਲਾ ਬਾਦਸਤੂਰ ਜ਼ਾਰੀ ਹੈ। ਤਾਜ਼ਾ ਘਟਨਾ ਸ਼ਹਿਰ ਦੇ ਪਾਵਰ ਹਾਊਸ ਰੋਡ ਖੇਤਰ ਦੀ ਉਦੋਂ ਸਾਹਮਣੇ ਆਈ ਹੈ। ਜਦੋਂ ਦੋ ਜਣਿਆਂ ਨੇ ਮਿਲ ਕੇ ਇੱਕ ਨੌਜਵਾਨ ਨੂੰ ਮਲੇਸ਼ੀਆ ਭੇਜਣ ਲਈ ਉਨ੍ਹਾਂ ਦੇ ਹੱਥ ਜਾਲ੍ਹੀ ਵੀਜਾ ਅਤੇ ਟਿਕਟ ਫੜ੍ਹਾ ਦਿੱਤੇ ਅਤੇ ਕਰੀਬ ਡੇਢ ਲੱਖ ਰੁਪਏ ਦੀ ਰਾਸ਼ੀ ਹੜੱਪ ਕਰ ਲਈ। ਪੁਲਿਸ ਨੇ ਦੋ ਜਣਿਆਂ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ । ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਦਿਪਾਸ਼ੂ ਸ਼ਰਮਾ ਪੁੱਤਰ ਵਿਜੈ ਕੁਮਾਰ ਵਾਸੀ ਸੁਰਖਪੀਰ ਰੋਡ ਬਠਿੰਡਾ ਨੇ ਦੱਸਿਆ ਕਿ ਗੁਰਮੀਤ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਬਚਨ ਕਲੋਨੀ ਬਠਿੰਡਾ ਅਤੇ ਗੁਰਪਾਲ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਦੁੱਨੇਵਾਲਾ , ਜਿਲ੍ਹਾ ਬਠਿੰਡਾ ਨੇ ਉਸ ਨੂੰ ਮਲੇਸ਼ੀਆ ਭੇਜਣ ਦੇ ਨਾਮ ਪਰ 1 ਲੱਖ 47 ਹਜ਼ਾਰ ਰੁਪਏ ਲੈ ਲਏ ਸਨ । ਦੋਵਾਂ ਜਣਿਆਂ ਨੇ ਉਸ ਨੂੰ ਮਲੇਸ਼ੀਆ ਜਾਣ ਲਈ ਵੀਜਾ ਅਤੇ ਟਿਕਟ ਵੀ ਲੈ ਕੇ ਦੇ ਦਿੱਤੀ। ਪਰੰਤੂ ਬਾਅਦ ਵਿੱਚ ਪਤਾ ਲੱਗਿਆ ਵੀਜਾ ਅਤੇ ਟਿਕਟ ਜਾਲ੍ਹੀ ਹੀ ਹਨ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਕਾਇਤ ਦੀ ਪੜਤਾਲ ਉਪਰੰਤ ਨਾਮਜ਼ਦ ਦੋਸ਼ੀ ਗੁਰਮੀਤ ਕੌਰ ਅਤੇ ਗੁਰਪਾਲ ਸਿੰਘ ਦੁੱਨੇਵਾਲਾ ਦੇ ਖਿਲਾਫ ਅਧੀਨ ਜੁਰਮ 420/120 ਬੀ ਆਈਪੀਸੀ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਦੋਵਾਂ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਅਤੇ ਜਲਦ ਹੀ ਉਨਾਂ ਨੂੰ ਗਿਰਫਤਾਰ ਕਰਕੇ,ਜਾਲ੍ਹੀ ਫਰਜ਼ੀ ਵੀਜਾ/ਟਿਕਟ ਤਿਆਰ ਕਰਨ ਦੀ ਸਾਜਿਸ਼ ਵਿੱਚ ਸ਼ਾਮਿਲ ਹੋਰਨਾਂ ਦੋਸ਼ੀਆਂ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਕੇ ਫੜ੍ਹ ਲਿਆ ਜਾਵੇਗਾ।