ਕਿਸਾਨ ਯੂਨੀਅਨ ‘ਤੇ ਨਗਰ ਕੌਂਸਲ ਕਰਮਚਾਰੀਆਂ ‘ਚ ਹੋਗੀ ਸੁਲ੍ਹਾ ਸਫਾਈ
ਹਰਿੰਦਰ ਨਿੱਕਾ, ਬਰਨਾਲਾ 13 ਜੁਲਾਈ 2023
ਨਗਰ ਕੌਂਸਲ ਦਫਤਰ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਵਾਹਿਗੁਰੂ ਸਿੰਘ ਨੂੰ ਇੱਕ ਕਮਰੇ ਅੰਦਰ ਬੰਦ ਕਰਕੇ ,ਕੀਤੀ ਕੁੱਟਮਾਰ ਤੋਂ ਬਾਅਦ ਕੌਂਸਲ ਕਰਮਚਾਰੀਆਂ ਅਤੇ ਕਿਸਾਨ ਯੂਨੀਅਨ ਦਰਮਿਆਨ ਭਖਿਆ ਝਗੜਾ, ਹੁਣ ਜੇ.ਈ. ਸਲੀਮ ਮੁਹੰਮਦ ਵੱਲੋਂ ਆਪਣੀ ਗਲਤੀ ਦਾ ਅਹਿਸਾਸ ਕਰਨ ਤੋਂ ਬਾਅਦ ਆਖਿਰ ਨਿੱਬੜ ਗਿਆ ਹੈ। ਦੋਵਾਂ ਧਿਰਾਂ ਦਰਮਿਆਨ ਹੋਈ ਸੁਲ੍ਹਾ ਸਫਾਈ ਨਾਲ ਪ੍ਰਸ਼ਾਸ਼ਨ ਨੇ ਵੀ ਸੁੱਖ ਦਾ ਸਾਂਹ ਲਿਆ ਹੈ ।
ਕਿਵੇਂ ਹੋਇਆ ਸਮਝੌਤਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਗਰੁੱਪ ਦੀ ਇੱਕ ਮੀਟਿੰਗ ਗੁਰੂਦੁਆਰਾ ਬਾਬਾ ਕਾਲਾ ਮਹਿਰ ਬਰਨਾਲਾ ਵਿਖੇ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਵਿੱਚ ਹੋਈ । ਇਸ ਮੀਟਿੰਗ ਵਿੱਚ ਨਗਰ ਕੌਂਸਲ ਬਰਨਾਲਾ ਦੇ ਜੇ.ਈ. ਸਲੀਮ ਮੁਹੰਮਦ ਅਤੇ ਵਾਹਿਗੁਰੂ ਸਿੰਘ ਦੇ ਮਸਲੇ ਨੂੰ ਵਿਚਾਰਿਆ ਗਿਆ। ਮੀਟਿੰਗ ‘ਚ ਫੈਸਲਾ ਹੋਇਆ ਕਿ ਜੇ.ਈ. ਸਲੀਮ ਮੁਹੰਮਦ ਨੂੰ ( ਉਸ ਦੀ ਬੇਨਤੀ ਅਨੁਸਾਰ) ਮੀਟਿੰਗ ਵਿੱਚ ਬੁਲਾ ਕੇ, ਗਲਤੀ ਦਾ ਅਹਿਸਾਸ ਕਰਵਾਇਆ ਜਾਵੇ । ਫੈਸਲੇ ਅਨੁਸਾਰ ਜੇ.ਈ. ਸਲੀਮ ਮੁਹੰਮਦ ਆਪਣੇ ਹੋਰ ਸਾਥੀ ਮੁਲਾਜਮਾਂ ਸਮੇਤ ਮੀਟਿੰਗ ਵਿੱਚ ਪਹੁੰਚਿਆ ਅਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ , ਸਲੀਮ ਮੁਹੰਮਦ ਨੇ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਫਿਰ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਇਸ ਗੱਲ ਨਾਲ ਨਗਰ ਕੌਂਸਲ ਮੁਲਾਜਮਾਂ ਅਤੇ ਯੂਨੀਅਨ ਆਗੂਆਂ ਨੇ ਵੀ ਸਹਿਮਤੀ ਪ੍ਰਗਟਾਈ। ਯੂਨੀਅਨ ਆਗੂਆਂ ਮੁਤਾਬਿਕ ਸਮਝੌਤਾ ਸਿਰੇ ਚੜਾਉਣ ਵਿੱਚ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਦੀ ਵਿਸ਼ੇਸ਼ ਭੂਮਿਕਾ ਰਹੀ। ਲਿਖਤੀ ਰੂਪ ‘ਚ ਹੋਏ ਸਮਝੌਤੇ ਉੱਪਰ ਜੇ.ਈ. ਸਲੀਮ ਮੁਹੰਮਦ, ਗੁਰਕ੍ਰਿਪਾਲ ਸਿੰਘ, ਅਰੁਣ ਕੁਮਾਰ ਉਰਫ ਵਾਹਿਗੁਰੂ ਸਿੰਘ, ਜਿਲਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਬਾਬੂ ਸਿੰਘ ਖੁੱਡੀ ਕਲਾਂ, ਜੁਗਰਾਜ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ ਮਾਂਗੇਵਾਲ, ਬਲਵਿੰਦਰ ਸਿੰਘ ਉੱਪਲੀ ਆਦਿ ਆਗੂਆਂ ਦੇ ਦਸਤਖਤ ਵੀ ਹੋਏ ਹਨ। ਵਰਨਣਯੋਗ ਹੈ ਕਿ 14 ਜੂਨ ਨੂੰ ਅਰੁਣ ਕੁਮਾਰ ਵਾਹਿਗੁਰੂ ਸਿੰਘ ਅਤੇ ਜੇ.ਈ. ਸਲੀਮ ਮੁਹੰਮਦ ਤੇ ਹੋਰ ਮੁਲਾਜਮਾਂ ਦਰਮਿਆਨ ਝਗੜਾ ਹੋਇਆ ਸੀ। ਦੋਵਾਂ ਧਿਰਾਂ ਦੀ ਖਹਿਬਾਜ਼ੀ ਵਾਲੀ ਚੱਕੀ ਦੇ ਪੁੜਾਂ ‘ਚ ਪਿਸ ਰਹੀ ਪੁਲਿਸ ਨੇ ਦੋਵਾਂ ਧਿਰਾਂ ਦੀਆਂ ਸ਼ਕਾਇਤਾਂ ਦੇ ਅਧਾਰ ਪਰ,ਹੀ ਤਿੰਨ ਜਣਿਆਂ ਖਿਲਾਫ ਜਮਾਨਤਯੋਗ ਜੁਰਮਾਂ ਅਧੀਨ ਪਰਚੇ ਵੀ ਦਰਜ ਕਰ ਦਿੱਤੇ ਸਨ। ਦਰਜ ਕੇਸਾਂ ਵਿੱਚ ਅਰੁਣ ਕੁਮਾਰ ਵਾਹਿਗੁਰੂ ਸਿੰਘ ਤੋਂ ਇਲਾਵਾ ਜੇ.ਈ. ਸਲੀਮ ਮੁਹੰਮਦ ,ਪ੍ਰਿੰਸ ਸਿੰਘ ਨੂੰ ਨਾਮਜਦ ਕੀਤਾ ਗਿਆ ਸੀ, ਜਦੋਂਕਿ ਹੋਰ ਅਣਪਛਾਤੇ ਮੁਲਾਜਮਾਂ ਦੇ ਸਿਰ ਤੇ ਕੇਸ ਦਰਜ ਹੋਣ ਦੀ ਤਲਵਾਰ ਵੀ ਲਟਕ ਰਹੀ ਸੀ। ਦੋਵੇਂ ਧਿਰਾਂ ਨੇ ਹੀ ਜੁਰਮਾਂ ਵਿੱਚ ਹੋਰ ਵਾਧਾ ਕਰਨ ਅਤੇ ਦੋਸ਼ੀ ਨਾਮਜਦ ਕਰਵਾਉਣ ਲਈ ਸੰਘਰਸ਼ ਦਾ ਰਾਹ ਫੜਿਆ ਸੀ। ਕਿਸਾਨ ਯੂਨੀਅਨ ਵੱਲੋਂ 14 ਜੁਲਾਈ ਨੂੰ ਸ਼ਹਿਰ ਅੰਦਰ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸੀ। ਜਿਸ ਨੂੰ ਲੈ ਕੇ ਪ੍ਰਸ਼ਾਸ਼ਨਿਕ ਅਧਿਕਾਰੀ ਕਾਫੀ ਕਸੂਤੀ ਸਥਿਤੀ ਵਿੱਚ ਫਸੇ ਹੋਏ ਸਨ। ਆਖਿਰ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਬਲਜੀਤ ਸਿੰਘ ਢਿੱਲੋਂ ਦੀ ਹਾਜਿਰੀ ਵਿੱਚ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ।