ਮਨੁੱਖ ਨੇ ਬੇਸ਼ੱਕ ਕੰਪਿਊਟਰ ਯੁੱਗ ’ਚ ਪ੍ਰਵੇਸ਼ ਕਰਕੇ ਚੰਦ, ਤਾਰਿਆਂ ਅਤੇ ਗ੍ਰਹਿਆਂ ਸਮੇਤ ਸਮੁੱਚੇ ਵਿਸ਼ਵ ਨੂੰ ਆਪਣੀ ਮੁੱਠੀ ’ਚ ਕਰ ਲਿਆ ਹੋਵੇ ਪਰ ਇਹਨਾਂ ਅਤੀ-ਆਧੁਨਿਕ ਤਕਨੀਕਾਂ ਨੇ ਬੱਚਿਆਂ ਦੇ ਹੱਥੋਂ ਨਾਨੀ ਦਾ ਵਿਹੜਾ ਖੋਹ ਲਿਆ ਹੈ। ਸਕੂਲਾਂ ’ਚ ਛੁੱਟੀਆਂ ਹੋਣ ਉਪਰੰਤ ਬੱਚੇ ਆਪਣੇ ਨਾਨਕੇ ਘਰ ਜਾਣ ਤੋਂ ਕੰਨੀ ਕਤਰਾਉਣ ਲੱਗੇ ਹਨ । ਹਾਲਾਂਕਿ
ਇਸਦੇ ਸਮਾਜਿਕ ਪੱਖ ਵੀ ਹਨ ਪਰ ਮੁੱਖ ਤੌਰ ਤੇ ਸਮਾਰਟ ਫੋਨ ਅਤੇ ਅਧੁਨਿਕਤਾ ਨਾਲ ਭਰਪੂਰ ਟੀਵੀ ਦੀਆਂ ਸਹੂਲਤਾਂ ਜਿੰਮੇਵਾਰ ਹਨ। ਕਈ ਸਾਲ ਪਹਿਲਾਂ ਤੱਕ ਛੁੱਟੀਆਂ ਹੋਣ ਤੋਂ ਪਹਿਲਾਂ ਬੱਚੇ ਅਕਸਰ
‘‘ਨਾਨਕਿਆਂ ਘਰ ਜਾਵਾਂਗੇ, ਦੁੱਧ ਮਲਾਈ ਖਾਵਾਂਗੇ
ਮੋਟੇ ਹੋ ਕੇ ਆਵਾਂਗੇ’’ ਗੁਣਗੁਣਾਉਂਦੇ ਸਨ।
ਇਸਦਾ ਇਹ ਮਤਲਬ ਨਹੀਂ ਕਿ ਉਹਨਾਂ ਨੂੰ ਆਪਣੇ ਮਾਪਿਆਂ ਘਰ ਕੁਝ ਖਾਣ ਨੂੰ ਨਹੀਂ ਮਿਲਦਾ ਬਲਕਿ ਇਹ ਚਾਅ ਨਾਨੇ-ਨਾਨੀ ਦੇ ਪਿਆਰ ਸਦਕਾ ਨਾਨਕਿਆਂ ਘਰ ਮਿਲਣ ਵਾਲੀ ਆਜ਼ਾਦੀ ਹੁੰਦੀ ਸੀ। ਸਿੱਖਿਆ ਦੇ ਖੇਤਰ ’ਚ ਵਧੀ ਮੁਕਾਬਲੇਬਾਜ਼ੀ ਅਤੇ ਸੂਚਨਾ ਤਕਨਾਲੋਜ਼ੀ ਦੇ ਯੁੱਗ ਵਿੱਚ ਮਨੁੱਖ ਦੀ ਤੇਜ਼ ਹੋਈ ਦੌੜ ਨੇ ਇਹ ਸਮਾਜਿਕ ਰੀਤੀ ਰਿਵਾਜ਼ ਖਤਮ ਕਰਕੇ ਰੱਖ ਦਿੱਤੇ ਹਨ। ਇਸ ਤੋਂ ਇਲਾਵਾ ਪਿਛਲੇ ਕਈ ਸਾਲਾਂ ਦੌਰਾਨ ਵਧੀਆਂ ਆਰਥਿਕ ਜ਼ਰੂਰਤਾਂ ਵੀ ਅਜਿਹੇ ਕਾਰਜਾਂ ਤੇ ਭਾਰੀ ਪਈਆਂ ਹਨ।
ਪਹਿਲਾਂ ਛੁੱਟੀਆਂ ਦੌਰਾਨ ਕਰਨ ਲਈ ਸਕੂਲੋਂ ਬਹੁਤਾ ਕੰਮ ਨਹੀਂ ਦਿੱਤਾ ਜਾਂਦਾ ਸੀ ਜਿਸ ਕਾਰਨ ਬੱਚੇ ਸਾਰੀਆਂ ਛੁੱਟੀਆਂ ਦੌਰਾਨ ਦੁੜੰਗੇ ਲਗਾਉਂਦੇ ਫਿਰਦੇ ਸਨ ਅਤੇ ਕਈ ਕਈ ਦਿਨ ਨਾਨਕੇ ਗਏ ਨਹੀਂ ਮੁੜਦੇ ਸਨ। ਹੁਣ ਇੱਕ ਦੂਜੇ ਤੋਂ ਅੱਗੇ ਵਧਣ ਦੀ ਹੋੜ ਨੇ ਪੜ੍ਹਾਈ ਦੇ ਬੋਝ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਹੈ ਜਿਸ ਕਾਰਨ ਬੱਚਿਆਂ ਨੂੰ ਛੁੱਟੀਆਂ ਦੌਰਾਨ ਸਕੂਲੀ ਕੰਮ ਤੋਂ ਹੀ ਫੁਰਸਤ ਨਹੀਂ ਮਿਲਦੀ। ਕਿਸੇ ਹੋਰ ਚੀਜ਼ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਹੈ।
ਇਸ ਦੇ ਨਾਲ ਹੀ ਸ਼ਹਿਰੀਕਰਨ ਦੇ ਵਧ ਰਹੇ ਪ੍ਰਭਾਵ ਨੇ ਸਾਂਝੇ ਪਰਿਵਾਰਾਂ ਨੂੰ ਤੋੜ ਕੇ ਇਕਹਿਰੇ ਪਰਿਵਾਰਾਂ ਦੀ ਨੀਂਹ ਰੱਖੀ। ਸਾਂਝੇ ਪਰਿਵਾਰਾਂ ਵਿੱਚ ਦਾਦਾ-ਦਾਦੀ, ਚਾਚੇ-ਤਾਏ ਸਭ ਮਿਲ ਕੇ ਰਹਿੰਦੇ ਸਨ ਅਤੇ ਕਿਸੇ ਇੱਕ ਮੈਂਬਰ ਦੇ ਕਿਤੇ ਬਾਹਰ ਚਲੇ ਜਾਣ ਨਾਲ ਸਾਰੇ ਪਰਿਵਾਰ ’ਤੇ ਬੋਝ ਨਹੀਂ ਸੀ ਪੈਂਦਾ। ਸ਼ਾਇਦ ਇਹ ਵੀ ਇੱਕ ਕਾਰਨ ਸੀ ਕਿ ਬੱਚੇ ਪੂਰੀਆਂ ਛੁੱਟੀਆਂ ਆਪਣੀਆਂ ਮਾਵਾਂ ਨਾਲ ਆਪਣੇ ਨਾਨਕੇ ਘਰ ਵਿੱਚ ਗੁਜ਼ਾਰਦੇ ਸਨ। ਅੱਜ ਦੇ ਬੱਚਿਆਂ ਵਿੱਚ ਨਾਨਕੇ ਜਾਣ ਦਾ ਚਾਅ ਹੌਲੀ¸ਹੌਲੀ ਖਤਮ ਹੋ ਰਿਹਾ ਹੈ।
ਇੱਕ ਤਾਂ ਮਾਵਾਂ ਕੋਲ ਹੀ ਐਨਾ ਵਕਤ ਨਹੀਂ ਕਿ ਉਹ ਬੱਚਿਆਂ ਨਾਲ ਨਾਨਕੇ ਘਰ ਜਾ ਕੇ ਰਹਿਣ ਕਿਉਂਕਿ ਇਕਹਿਰੇ ਪਰਿਵਾਰਾਂ ਕਾਰਨ ਸਾਰੀਆਂ ਜਿੰਮੇਵਾਰੀਆਂ ਇੱਕ ਹੀ ਜਣੇ ’ਤੇ ਹੁੰਦੀਆਂ ਹਨ। ਦੂਜਾ ਪੜ੍ਹਾਈ ਦਾ ਬੋਝ ਵੀ ਬੱਚਿਆਂ ਦੇ ਨਾਨਕੇ ਘਰ ਰਹਿਣ ਵਿੱਚ ਰੁਕਾਵਟ ਬਣਦਾ ਹੈ। ਪਹਿਲਾਂ ਬੱਚੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਮਨੋਰੰਜਕ ਸਮਝਦੇ ਸਨ ਪਰ ਹੁਣ ਉਹ ਆਪਣੀ ਮਾਨਸਿਕ ਖੁਸ਼ੀ ਟੀ.ਵੀ. ਪ੍ਰੋਗਰਾਮ ਅਤੇ ਫਿਲਮਾਂ ਦੇਖ ਕੇ ਪ੍ਰਾਪਤ ਕਰਦੇ ਹਨ। ਬੱਚੇ ਆਪਣੇ ਨਾਨਕੇ ਘਰ ਜਾ ਕੇ ਮੌਜ ਮਸਤੀ ਕਰਨ ਦੀ ਬਜਾਏ ਕਿਸੇ ਪਹਾੜੀ ਸਥਾਨ ਤੇ ਘੁੰਮਣਾ, ਹੋਟਲਾਂ ਵਿੱਚ ਰਹਿ ਕੇ ਆਨੰਦ ਮਾਨਣਾ ਜ਼ਿਆਦਾ ਬਿਹਤਰ ਸਮਝਦੇ ਹਨ।
ਵੱਖ-ਵੱਖ ਤਰ੍ਹਾਂ ਦੀਆਂ ਐਪਸ ਭਰਪੂਰ ਐਲ ਹੈ ਡੀਜ਼ ਤੇ ਆਉਂਦੇ ਪ੍ਰੋਗਰਾਮਾਂ ਨੇ ਉਹਨਾਂ ਦੀਆਂ ਰੁਚੀਆਂ ਹੀ ਬਦਲ ਕੇ ਰੱਖ ਦਿੱਤੀਆਂ ਹਨ। ਨਾਨੀ ਦੇ ਹੱਥ ਦੀ ਕੁੱਟੀ ਚੂਰੀ ਖਾਣ ਨਾਲੋਂ ਜ਼ਿਆਦਾ ਤਰਜ਼ੀਹ ਫਾਸਟ ਫੂਡ ਨੂੰ ਦਿੱਤੀ ਜਾਂਦੀ ਹੈ। ਨਾਨੀ ਦੀਆਂ ਲੋਰੀਆਂ ਸੁਣਨ ਨਾਲੋਂ ਜ਼ਿਆਦਾ ਖੁਸ਼ੀ ਟੀ.ਵੀ. ਤੇ ਕਾਰਟੂਨਾਂ ਵਰਗੇ ਪ੍ਰੋਗਰਾਮ ਦੇਖ ਕੇ ਹੁੰਦੀ ਹੈ।
ਇਸ ਤੋਂ ਇਲਾਵਾ ਮੋਹ ਦੇ ਰਿਸ਼ਤਿਆਂ ਵਿੱਚ ਵੀ ਪਹਿਲਾਂ ਜਿਹਾ ਨਿੱਘ ਨਹੀਂ ਰਿਹਾ। ਪਹਿਲਾਂ ਨਾਨਾ-ਨਾਨੀ, ਮਾਮੇ-ਮਾਮੀਆਂ ਬੜੇ ਪਿਆਰ ਨਾਲ ਪੇਸ਼ ਆਉਂਦੇ ਸਨ।
ਮਾਮੇ ਚਾਵਾਂ ਨਾਲ ਆਪਣੇ ਭਾਣਜੇ-ਭਾਣਜੀਆਂ ਲਈ ਕਿੰਨਾ ਕੁਝ ਖਾਣ ਪੀਣ ਲਈ ਲੈ ਕੇ ਆਉਂਦੇ ਸਨ। ਨਾਨੀ ਵੀ ਆਪਣੇ ਦੋਹਤੇ-ਦੋਹਤੀਆਂ ਦਾ ਖਾਸ ਧਿਆਨ ਰੱਖਦੀ ਸੀ। ਅੱਜ ਦੇ ਯੁੱਗ ਵਿੱਚ ਮਨੁੱਖ ਸਵਾਰਥੀ ਹੋ ਗਿਆ ਹੈ। ਉਸ ਲਈ ਸਭ ਰਿਸ਼ਤੇ ਨਾਤੇ ਸਿਰਫ ਪੈਸੇ ਦੇ ਰਹਿ ਗਏ ਹਨ। ਮੋਹ ਦੀਆਂ ਤੰਦਾਂ ਟੁੱਟ ਰਹੀਆਂ ਹਨ। ਆਪੇ ਵਿੱਚ ਗਲਤਾਨ ਹੋਇਆ ਮਨੁੱਖ ਰਿਸ਼ਤੇ ਨਾਤੇ ਨਿਭਾਉਣੇ ਭੁੱਲਦਾ ਜਾ ਰਿਹਾ ਹੈ।
ਬੱਚਿਆਂ ਵਿੱਚ ਵੀ ਰਿਸ਼ਤੇਦਾਰਾਂ ਦਾ ਪਹਿਲਾਂ ਵਰਗਾ ਉਦਰੇਵਾਂ ਖਤਮ ਹੋ ਗਿਆ ਹੈ। ਮੋਬਾਇਲਾਂ ਅਤੇ ਟੈਲੀਫੋਨਾਂ ਨੇ ਰਿਸ਼ਤੇਦਾਰਾਂ ਵਿਚਲੀ ਦੂਰੀ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਹੈ।
ਆਵਾਜਾਈ ਦੇ ਸਾਧਨਾਂ ਨੇ ਫਾਸਲੇ ਖਤਮ ਕਰਕੇ ਲੋਕਾਂ ਨੂੰ ਬਿਲਕੁਲ ਨੇੜੇ ਲੈ ਆਂਦਾ ਹੈ। ਹੁਣ ਬੱਚੇ ਜਦੋਂ ਚਾਹੁਣ ਰਿਸ਼ਤੇਦਾਰਾਂ ਨਾਲ ਗੱਲ ਕਰ ਲੈਂਦੇ ਹਨ ਜਾਂ ਥੋੜ੍ਹੇ ਜਿਹੇ ਸਮੇਂ ’ਚ ਮਿਲ ਕੇ ਵਾਪਿਸ ਆ ਸਕਦੇ ਹਨ।ਪੈਸੇ ਦੀ ਦੌੜ ’ਚ ਪਿਆ ਮਨੁੱਖ ਪਿਆਰ ਦੇ ਰਿਸ਼ਤੇ ਠੁਕਰਾ ਰਿਹਾ ਹੈ। ਇਹੀ ਕਾਰਨ ਹੈ ਕਿ ਬੱਚੇ ਆਪਣੇ ਨਾਨਕੇ ਘਰ ਮਿਲਣ ਤਾਂ ਜਾਂਦੇ ਹਨ ਪਰ ਛੁੱਟੀਆਂ ਬਿਤਾਉਣ ਲਈ ਨਹੀਂ। ਅੱਜ ਵਕਤ ਦਾ ਮੁੱਢਲਾ ਤਕਾਜ਼ਾ ਹੈ ਕਿ ਮੁੱਢ ਕਦੀਮੋਂ ਚੱਲੇ ਆ ਰਹੇ ਪਿਆਰ ਦੇ ਰਿਸ਼ਤਿਆਂ ਨੂੰ ਕਾਇਮ ਰੱਖਿਆ ਜਾਵੇ ਅਤੇ ਪਿਆਰ ਦੇ ਰਿਸ਼ਤੇ ਹੋਰ ਗੂੜ੍ਹੇ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਨਾਨਕਿਆਂ-ਦਾਦਕਿਆਂ ਦੇ ਰਿਸ਼ਤਿਆਂ ਦੇ ਮੋਹ ਦੀ ਮਹਿਕ ਨਾਲ ਸਾਡੀ ਅਤੇ ਸਾਡੇ ਬੱਚਿਆਂ ਦੀ ਜਿੰਦਗੀ ਮਹਿਕਦੀ ਰਹੇ।
ਮੋਹਿਤ ਵਰਮਾ , ਮਾਡਲ ਟਾਊਨ ਫੇਸ 4 -5 / ਬਠਿੰਡਾ- ਸੰਪਰਕ 9236710000