ਹੁਣ ਸਿੱਧੂ ਮੂਸੇਵਾਲਾ ਵੀ ਅਦਾਲਤ ਚ, ਲਾ ਸਕਦਾ ਹੈ ਅਗਾਊਂ ਜਮਾਨਤ ਦੀ ਅਰਜੀ
ਹਰਿੰਦਰ ਨਿੱਕਾ ਸੰਗਰੂਰ 27 ਮਈ 2020
ਸੰਗਰੂਰ ਅਦਾਲਤ ਦੇ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਗੁਰਪ੍ਰਤਾਪ ਸਿੰਘ ਨੇ ਧੂਰੀ ਸਦਰ ਥਾਣੇ ਚ, ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਤੇ ਹੋਰਨਾਂ ਦੇ ਖਿਲਾਫ ਦਰਜ਼ ਕੇਸ ਵਿੱਚ ਡੀਐਸਪੀ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ ਤੇ 4 ਗੰਨਮੈਨਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗਿਰਫਤਾਰੀ ਦੇ ਰੋਕ ਲਾ ਦਿੱਤੀ। ਥਾਣਾ ਧੂਰੀ ਵਿਖੇ ਦਰਜ਼ ਐਫਆਈਆਰ ਨੰਬਰ 170 ਚ, ਨਾਮਜ਼ਦ ਦੋਸ਼ੀਆਂ ਡੀਐਸਪੀ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ , ਗੰਨਮੈਨ ਬਲਕਾਰ ਸਿੰਘ, ਗੁਰਜਿੰਦਰ ਸਿੰਘ, ਜਸਵੀਰ ਸਿੰਘ ਤੇ ਹਰਵਿੰਦਰ ਸਿੰਘ ਨੇ ਅਦਾਲਤ ਚ, ਅਗਾਉਂ ਜਮਾਨਤ ਦੀ ਅਰਜੀ ਦਿੱਤੀ ਸੀ। ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੂੰ ਜੰਗਸ਼ੇਰ ਸਿੰਘ ਦੇ ਵਕੀਲ ਐਮਐਸ ਟਿਵਾਣਾ ਅਤੇ ਗੰਨਮੈਨਾਂ ਦੇ ਵਕੀਲ ਸਮੀਰ ਕੁਮਾਰ ਫੱਤਾ ਨੇ ਜਮਾਨਤ ਦੇਣ ਲਈ ਦਲੀਲਾਂ ਦਿੱਤੀਆਂ ਅਤੇ ਤੱਥਾਂ ਦੀ ਪੜਤਾਲ ਬਿਨਾਂ ਹੀ ਕੇਸ ਦਰਜ ਕਰਨ ਬਾਰੇ ਦੱਸ ਕੇ ਅਗਾਉਂ ਜਮਾਨਤ ਦੀ ਅਪੀਲ ਕੀਤੀ। ਜਦੋਂ ਕਿ ਸਰਕਾਰੀ ਵਕੀਲ ਨੇ ਜਮਾਨਤ ਨਾ ਦੇਣ ਲਈ ਦਲੀਲਾਂ ਪੇਸ਼ ਕੀਤੀਆਂ। ਆਖਿਰ ਅਦਾਲਤ ਨੇ ਬਚਾਉ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਪੰਜ ਨਾਮਜ਼ਦ ਦੋਸ਼ੀਆਂ ਦੀ ਗਿਰਫਤਾਰੀ ਤੇ 9 ਜੂਨ ਤੱਕ ਰੋਕ ਲਗਾ ਦਿੱਤੀ। ਸਿੱਧੂ ਮੂਸੇਵਾਲਾ ਕੇਸ ਚ, ਉਸ ਦੇ ਸਹਿ ਦੋਸ਼ੀਆਂ ਦੀ ਗਿਰਫਤਾਰੀ ਤੇ ਅਦਾਲਤ ਵੱਲੋਂ ਲਾਈ ਰੋਕ ਦੇ ਫੈਸਲੇ ਤੋਂ ਬਾਅਦ ਹੁਣ ਖੁਦ ਸਿੱਧੂ ਮੂਸੇਵਾਲਾ ਵੀ ਸੰਗਰੂਰ ਅਦਾਲਤ ਚ, ਅਗਾਉਂ ਜਮਾਨਤ ਲਈ ਅਰਜੀ ਦਾਇਰ ਕਰ ਸਕਦਾ ਹੈ।