ਅਨੁਭਵ ਦੂਬੇ ,ਚੰਡੀਗੜ੍ਹ 11 ਮਈ 2023
ਅਮ੍ਰਿਤਸਰ ਦੇ ਹਰਿਮੰਦਰ ਸਾਹਿਬ ਗਲਿਆਰੇ ਵਿਖੇ ਛੇ ਦਿਨਾਂ ਵਿੱਚ ਹੋਏ ਤਿੰਨ ਧਮਾਕਿਆਂ ਦੇ ਪੰਜ ਦੋਸ਼ੀਆਂ ਨੂੰ ਪੁਲਿਸ ਨੇ ਫੜ੍ਹ ਲਿਆ ਹੈ। ਇਹ ਜਾਣਕਾਰੀ ਡੀਜੀਪੀ ਨੇ ਟਵੀਟ ਕਰਕੇ ਮੀਡੀਆ ਨਾਲ ਸਾਂਝੀ ਕੀਤੀ। ਡੀਜੀਪੀ ਯਾਦਵ ਜਲਦੀ ਹੀ ਤਫਸੀਲ ਦੇਣ ਲਈ ਬਕਾਇਦਾ ਪ੍ਰੈਸ ਕਾਨਫਰੰਸ ਕਰਨਗੇ। ਘੱਟ ਸਮਰੱਥਾ ਵਾਲੇ ਇਸ ਤੀਜੇ ਧਮਾਕੇ, ਵਿੱਚ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਫਿਲਹਾਲ ਸਾਹਮਣੇ ਨਹੀਂ ਆਈ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ 5 ਜਣਿਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਮਾਮਲੇ ਦੀ ਗੁੱਥੀ ਸੁਲਝਾ ਲੈਣ ਦਾ ਦਾਅਵਾ ਵੀ ਕੀਤਾ ਹੈ।
ਜਿਕਰਯੋਗ ਹੈ ਕਿ ਪਹਿਲੇ ਦੋ ਧਮਾਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਵਿਰਾਸਤੀ ਗਲਿਆਰੇ ਵਿੱਚ ਹੋਏ ਸਨ, ਪਰ ਇਹ ਧਮਾਕਾ ਕਰੀਬ ਡੇਢ ਕਿਲੋ ਮੀਟਰ ਦੂਰ ਹਰਿਮੰਦਰ ਸਾਹਿਬ ਗਲਿਆਰੇ ਵਿੱਚ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਹੋਇਆ ਹੈ।
ਮਾਮਲੇ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਸੀ, ”ਗੁਰੂ ਰਾਮ ਦਾਸ ਨਿਵਾਸ ਸਰਾਂ ਨੇੜੇ ਇੱਕ ਜ਼ੋਰਦਾਰ ਆਵਾਜ਼ ਸੁਣੀ ਗਈ ਅਤੇ ਇੱਕ ਧਮਾਕਾ ਹੋ ਸਕਦਾ ਹੈ।”
ਉਨ੍ਹਾਂ ਕਿਹਾ ਕਿ ”ਸਾਨੂੰ ਰਾਤ ਲਗਭਗ 12.15- 12:30 ਵਜੇ ਦੇ ਨੇੜੇ ਸੂਚਨਾ ਮਿਲੀ ਸੀ ਕਿ ਇੱਥੇ ਜ਼ੋਰਦਾਰ ਆਵਾਜ਼ ਸੁਣਾਈ ਦਿਤੀ ਹੈ। ਇਮਾਰਤ ਦੇ ਪਿਛਲੇ ਪਾਸੇ ਸਾਨੂੰ ਕੁਝ ਟੁਕੜੇ ਮਿਲੇ ਹਨ, ਇਸ ਦੀ ਪੁਸ਼ਟੀ ਜਾਂਚ ਤੋਂ ਬਾਅਦ ਕੀਤੀ ਜਾਵੇਗੀ” । ਉਨ੍ਹਾਂ ਕਿਹਾ ਕਿ ਜਾਂਚ ਜਾਰੀ ਅਤੇ ਫ਼ੋਰੈਂਸਿੰਕ ਟੀਮਾਂ ਮੌਕੇ ‘ਤੇ ਹਨ। ਧਮਾਕੇ ਵਾਲੇ ਥਾਂ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਪੰਜਾਬ ਦੇ ਡੀਜੀਪੀ ਅੰਮ੍ਰਿਤਸਰ ਪੁਹੁੰਚ ਰਹੇ ਹਨ ਅਤੇ 11 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ।
ਡੀਜੀਪੀ ਨੇ ਕਿਹਾ, ‘‘ਅੰਮ੍ਰਿਤਸਰ ਦੇ ਘੱਟ ਸਮਰੱਥਾ ਵਾਲੇ ਧਮਾਕਿਆਂ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ, 5 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੰਜਾਬ ਪੁਲਿਸ ਸੂਬੇ ਦੀ ਅਮਨ ਸ਼ਾਂਤੀ ਕਾਇਮ ਰੱਖਣ ਲਈ ਬਚਨਵੱਧ ਹੈ।’’
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ”ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ। ਇਹ ਸਰਕਾਰ ਦੀ ਪੂਰੀ ਨਾਕਾਮੀ ਹੈ, ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ।” ‘ਮੈਂ ਮਹਿਸੂਸ ਕਰਦਾ ਹਾਂ ਕਿ ਇਹ ਇੱਕ ਗਹਿਰੀ ਸਾਜ਼ਿਸ਼ ਹੈ, ਕਿ ਹਾਲਾਤ ਨੂੰ ਕਿਵੇਂ ਵਿਗਾੜਨਾ ਹੈ। ਕੁਝ ਤਾਕਤਾਂ ਆਪਣੇ ਸਿਆਸੀ ਮੁਫਾਦਾਂ ਲਈ ਸਾਜ਼ਿਸ਼ਾਂ ਕਰਦੀਆਂ ਹਨ, ਮੈਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ।’’
‘ ‘ਧਮਾਕੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ, ਜਿੱਥੇ ਧਮਾਕਾ ਹੋਇਆ, ਉਸ ਦੇ ਕਮਰੇ ਵਿੱਚ ਵਾਸ਼ਰੂਮ ਸੁੱਕਾ ਸੀ, ਬਾਹਰਲੇ ਪਾਸੇ ਕੁਝ ਕਾਗਜ਼ ਮਿਲੇ ਤੇ ਉਹ ਪੁਲਿਸ ਨੂੰ ਸੌਂਪੇ। ਸ਼੍ਰੋਮਣੀ ਕਮੇਟੀ ਦੇ ਸੀਸੀਟੀਵੀ ਇੰਚਾਰਜ ਨੇ ਸ਼ੱਕੀ ਬੰਦੇ ਦੀ ਸ਼ਨਾਖ਼ਤ ਕੀਤੀ, ਇਸ ਨੂੰ ਸ਼੍ਰੋਮਣੀ ਕਮੇਟੀ ਦੇ ਸੁਰੱਖਿਆ ਦਸਤੇ ਨੇ ਫੜ ਲਿਆ ਅਤੇ ਜਦੋਂ ਪੁਲਿਸ ਪਹੁੰਚੀ ਅਤੇ ਉਨ੍ਹਾਂ ਹਵਾਲੇ ਕਰ ਦਿੱਤਾ।”
ਧਾਮੀ ਨੇ ਦੱਸਿਆ ਕਿ ਉਸ ਸ਼ੱਕੀ ਵਿਅਕਤੀ ਨਾਲ ਇੱਕ ਜੋੜਾ ਹੋਰ ਸੀ, ਜਿਸ ਨੂੰ ਵੀ ਕਾਬੂ ਕਰ ਲਿਆ ਗਿਆ ਅਤੇ ਤਿੰਨੇ ਜਣੇ ਹੁਣ ਪੁਲਿਸ ਹਿਰਾਸਤ ਵਿੱਚ ਹਨ। ਹੁਣ ਪੁਲਿਸ ਦੇਖਦੇ ਹਾਂ ਕਿ ਕੀ ਕਾਰਵਾਈ ਕਰਦੀ ਹੈ, ਉਸ ਤੋਂ ਬਾਅਦ ਅਗਲੀ ਗੱਲ ਦੇਖਾਂਗੇ।”
ਧਾਮੀ ਨੇ ਕਿਹਾ ਕਿ ”ਪੰਜਾਬ ਸਰਕਾਰ ਚੁੱਪ ਕਰਕੇ ਨਾ ਬੈਠੇ ਅਤੇ ਪੂਰੀ ਸਾਜ਼ਿਸ਼ ਨੂੰ ਨੰਗਾ ਕਰੇ। ਮੈਂ ਸੰਗਤਾਂ ਨੂੰ ਕਹਿੰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਓ ਅਤੇ ਵਧ ਚੜ੍ਹ ਕੇ ਗੁਰੂ ਘਰ ਆਓ।”