ਸਿਵਲ ਹਸਪਤਾਲ ਪਾਰਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਬਰਨਾਲਾ ਤੱਕ ‘ਹਰੇ ਘਾਹ ਦੇ ਜੰਗਲ ‘ ਦੀਆਂ ਸੜਕਾਂ ਗੂੰਜ ਉੱਠੀਆਂ
ਰਵੀ ਸੈਣ , ਬਰਨਾਲਾ 23 ਮਾਰਚ 2023
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ, ਯੁੱਗ ਕਵੀ ਅਵਤਾਰ ਪਾਸ਼ ਦੀ ਯਾਦ ਨੂੰ ਸਮਰਪਿਤ ਇਨਕਲਾਬੀ ਕੇਂਦਰ,ਪੰਜਾਬ ਵੱਲੋਂ ਸਿਵਲ ਹਸਪਤਾਲ ਪਾਰਕ ਬਰਨਾਲਾ ਵਿੱਚ ਰੈਲੀ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਚੌਂਕ ਤੱਕ ਜੋਸ਼ੀਲਾ ਇਨਕਲਾਬੀ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਸਮਾਜ ਦੇ ਚੇਤੰਨ ਹਿੱਸਿਆਂ ਕਿਸਾਨਾਂ,ਮਜਦੂਰਾਂ, ਨੌਜਵਾਨਾਂ,ਜਮਹੂਰੀ ਕਾਮਿਆਂ, ਮੁਲਾਜ਼ਮਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਪੂਰੀ ਸ਼ਿੱਦਤ ਨਾਲ ਭਾਗ ਲਿਆ। ਅਕਾਸ਼ ਗੁਜਾਊ ਨਾਹਰਿਆਂ ” ਅਮਰ ਸ਼ਹੀਦਾਂ ਦਾ ਪੈਗਾਮ-ਬਦਲ ਦਿਓ ਇਹ ਲੁਟੇਰਾ ਨਿਜਾਮ, ਲੁਟੇਰਾ ਤੇ ਜਾਬਰ ਰਾਜ ਪ੍ਰਬੰਧ-ਮੁਰਦਾਬਾਦ, ਇਨਕਲਾਬ-ਜਿੰਦਾਬਾਦ, ਸਾਮਰਾਜਬਾਦ-ਮਰਦਾਬਦਾ, ਸ਼ਹੀਦੋਂ ਥੋਡੀ ਸੋਚ ਤੇ -ਪਹਿਰਾ ਦਿਆਂਗੇ ਠੋਕ ਕੇ, ਸ਼ਹੀਦੋ ਥੋਡਾ ਕਾਜ਼ ਅਧੂਰਾ-ਲਾਕੇ ਜ਼ਿੰਦਗੀਆਂ ਕਰਾਂਗੇ ਪੂਰਾ” ਆਦਿ ਨਾਹਰਿਆਂ ਨਾਲ ਯੁੱਗ ਕਵੀ ਪਾਸ਼ ਦੀ ਰਚਨਾ ‘ ਹਰੇ ਘਾਹ ਦੇ ਜੰਗਲ’ ਬਰਨਾਲਾ ਦੀਆਂ ਸੜਕਾਂ ਗੂੰਜ ਉੱਠੀਆਂ। ਸ਼ਹੀਦ ਭਗਤ ਸਿੰਘ ਚੌਂਕ ਪਹੁੰਚ ਕੇ ਇਨਕਲਾਬੀ ਨਾਹਰਿਆਂ ਦੀ ਗੂੰਜ ਨਾਲ ਨੌਜਵਾਨ ਕਾਰਕੁਨਾਂ ਮਹਿਕਦੀਪ, ਜਸਲੀਨ ਅਤੇ ਪਰਮਿੰਦਰ ਕੌਰ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਫੁੱਲ ਪੱਤੀਆਂ ਭੇਂਟ ਕੀਤੀਆਂ। ਬੁਲਾਰਿਆਂ ਵਜੋਂ ਇਨਕਲਾਬੀ ਕੇਂਦਰ, ਪੰਜਾਬ ਦੀ ਨੌਜਵਾਨ ਕਾਰਕੁੰਨ ਮਹਿਕਦੀਪ ਨੇ ਕਿਹਾ ਸ਼ਹੀਦ ਭਗਤ ਸਿੰਘ ਨੇ ਵਿਗਿਆਨਕ ਵਿਸ਼ਲੇਸ਼ਣ ਕਰਦਿਆਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਕੇ ਨਵਾਂ ਲੋਕ ਪੱਖੀ ਜਮਹੂਰੀ ਪ੍ਰਬੰਧ ਸਿਰਜਣ ਦਾ ਸੰਕਲਪ ਉਭਾਰਿਆ ਸੀ। 1947 ਦੇ ਬਰਤਾਨਵੀ ਸਾਮਰਾਜੀਆਂ ਦੇ ਪਰਦੇ ਪਿੱਛੇ ਅਲੋਪ ਹੋਣ ਅਤੇ ਸਤਾ ਦੀ ਵਾਂਗਡੋਰ ਕਾਲੇ ਅੰਗਰੇਜ਼ਾਂ ਨੂੰ ਸੰਭਾਲ ਜਾਣ ਨੂੰ ਸ਼ਹੀਦ ਭਗਤ ਸਿੰਘ ਨੇ ਭਾਰਤੀ ਲੋਕਾਂ ਨਾਲ ਵੱਡਾ ਧੋਖਾ ਕਿਹਾ ਸੀ। ਸਿੱਟਾ ਇਹ ਨਿੱਕਲਿਆ ਹੈ ਕਿ ਅਖੌਤੀ ਆਜ਼ਾਦੀ ਦੇ 76 ਸਾਲ ਬੀਤ ਜਾਣ ਬਾਅਦ ਵੀ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਰਿਸ਼ਵਤਖੋਰੀ ਸਭ ਹੱਦਾਂ ਬੰਨ੍ਹੇ ਪਾਰ ਕਰ ਗਈ ਹੈ। ਨੌਜਵਾਨ ਆਗੂ ਜਸਲੀਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨੌਜਵਾਨਾਂ ਬਾਰੇ ਮੰਨਣਾ ਸੀ ਕਿ ਪਾਰਟੀ ਨੂੰ ਕਾਮਿਆਂ ਦੀ ਜ਼ਰੂਰਤ ਪਵੇਗੀ ਜਿਹੜੇ ਨੌਜਵਾਨ ਲਹਿਰਾਂ ਵਿੱਚੋਂ ਹੀ ਭਰਤੀ ਕੀਤੇ ਜਾ ਸਕਦੇ ਹਨ। ਇਸ ਕਰਕੇ ਨੌਜਵਾਨ ਲਹਿਰ ਸਭ ਤੋਂ ਪਹਿਲੀ ਗੱਲ ਹੈ ਜਿੱਥੋਂ ਸਾਡਾ ਪ੍ਰੋਗਰਾਮ ਸ਼ੁਰੂ ਹੋਵੇਗਾ। ਨੌਜਵਾਨ ਲਹਿਰ ਨੂੰ ਅਧਿਐਨ ਕੇਂਦਰ ਖੋਲ੍ਹਣੇ ਚਾਹੀਦੇ ਹਨ। ਜਮਾਤਾਂ ਵਿੱਚ ਲੈਕਚਰ, ਲੀਫਲੈਟ,ਪੈਂਫਲੈਟ, ਕਿਤਾਬਾਂ, ਰਸਾਲੇ ਛਾਪਣੇ ਚਾਹੀਦੇ ਹਨ। ਇਹ ਰਾਜਨੀਤਕ ਕਾਮਿਆਂ ਲਈ ਸਭ ਤੋਂ ਚੰਗੀ ਭਰਤੀ ਕਰਨ ਅਤੇ ਟ੍ਰੇਨਿੰਗ ਦੇਣ ਦੀ ਥਾਂ ਹੋਵੇਗੀ। ਇਨਕਲਾਬੀ ਕੇਂਦਰ,ਪੰਜਾਬ ਦੇ ਨੌਜਵਾਨ ਆਗੂ ਹਰਪ੍ਰੀਤ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਆਪਣੀਆਂ ਲਿਖਤਾਂ ਵਿੱਚ ਬੜਾ ਸਾਫ ਲਿਖਦੇ ਹਨ ਕਿ ਮੇਰਾ ਭਾਵ ਇਹ ਕਦੀ ਨਹੀਂ ਹੈ ਕਿ ਬੰਬ ਅਤੇ ਪਿਸਤੌਲ ਬੇਫਾਇਦਾ ਹਨ,ਸਗੋਂ ਇਸ ਦੇ ਉਲਟ ਲਾਭਦਾਇਕ ਹਨ। ਪਰ ਮੇਰਾ ਭਾਵ ਇਹ ਹੈ ਕਿ ਸਿਰਫ ਬੰਬ ਸੁੱਟਣੇ ਬੇਫਾਇਦਾ ਹੀ ਨਹੀਂ ਸਗੋਂ ਕਈ ਵਾਰ ਨੁਕਸਾਨ ਕਰਦੇ ਹਨ। ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਏਂਗਲਜ ਅਤੇ ਮਾਰਕਸ ਦੀ ਰਚਨਾ ਕਮਿਊਨਿਸਟ ਮੈਨੀਫੈਸਟੋ ਅਤੇ ਕਾ. ਲੈਨਿਨ ਦੀ ਜੀਵਨੀ ਆਦਿ ਸਾਹਿਤ ਨੂੰ ਨਾਂ ਸਿਰਫ ਪੜ੍ਹਦੇ ਸੀ ਸਗੋਂ ਉਹ ਆਪਣੇ ਸਾਥੀਆਂ ਨੂੰ ਮਾਰਕਸਵਾਦ ਦੀ ਟ੍ਰੇਨਿੰਗ ਹਾਸਲ ਕਰਨ ਲਈ ਮਾਸਕੋ ਵੀ ਭੇਜਣ ਦੀ ਇੱਛਾ ਰੱਖਦੇ ਸਨ। 7 ਨਵੰਬਰ 1930 ਨੂੰ ਅਦਾਲਤ ਵਿੱਚ ਪੇਸ਼ੀ ਪੇਸ਼ੀ ਦੌਰਾਨ ਲਾਲ ਸਕਾਰਫ ਪਹਿਨਕੇ ਜਾਣਾ ਅਤੇ ਜੱਜ ਨੂੰ ਕਹਿਣਾ ਕਿ ਉਨ੍ਹਾਂ ਦੀਆਂ ਇਨਕਲਾਬੀ ਸ਼ੁਭ ਇੱਛਾਵਾਂ ਤੀਜੀ ਕੌਮਾਂਤਰੀ ਦੇ ਰਾਸ਼ਟਰਪਤੀ ਨੂੰ ਭੇਜੀਆਂ ਜਾਣ, ਬਹੁਤ ਮਹੱਤਵਪੂਰਨ ਅਤੇ ਕੌਮਾਂਤਰੀ ਕਮਿਊਨਿਸਟ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ। ਸ਼ਹੀਦ ਭਗਤ ਸਿੰਘ ਨੇ ਨੌਜਵਾਨਾਂ ਨੂੰ ਅਰਥ ਭਰਪੂਰ ਜ਼ਿੰਦਗੀ ਜਿਉਣ ਦੇ ਵਿਗਿਆਨਕ ਨਜ਼ਰੀਆ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਸੀ। ਇਹ ਵਿਗਿਆਨ ਅੱਜ ਵੀ ਵਿਕਸਤ ਹੋ ਰਿਹਾ ਹੈ। ਇਸ ਸਮੇਂ ਲਖਵਿੰਦਰ ਠੀਕਰੀਵਾਲ ਨੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇਨਕਲਾਬੀ ਗੀਤ ਪੇਸ਼ ਕੀਤੇ। ਸਟੇਜ ਦੀ ਭੁਮਿਕਾ ਕੇਵਲਜੀਤ ਕੌਰ ਨੇ ਬਾਖੂਬੀ ਨਿਭਾਈ । ਸਿਵਲ ਹਸਪਤਾਲ ਪਾਰਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਕੀਤੇ ਗਏ ਇਨਕਲਾਬੀ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਇਨਕਲਾਬੀ ਕੇਂਦਰ, ਪੰਜਾਬ ਦੇ ਆਗੂ ਜਸਪਾਲ ਸਿੰਘ ਚੀਮਾ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਨਰਾਇਣ ਦੱਤ,ਡਾ ਰਜਿੰਦਰ ਪਾਲ, ਬਾਬੂ ਸਿੰਘ ਖੁੱਡੀ ਕਲਾਂ, ਸੁਖਵਿੰਦਰ ਸਿੰਘ ਠੀਕਰੀਵਾਲਾ, ਪ੍ਰੇਮਪਾਲ ਕੌਰ, ਅਮਰਜੀਤ ਕੌਰ,ਭੂਰੀ,ਨੀਲਮ ਰਾਣੀ, ਬਿੱਕਰ ਸਿੰਘ ਔਲਖ, ਅੰਮ੍ਰਿਤ ਪਾਲ, ਰਮੇਸ਼ ਹਮਦਰਦ ਆਦਿ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।