ਮੈਡੀਕਲ ਹੈਲਥ ਸਾਇੰਸ ਗਰੀਵੀਐਂਸ ਰਿਡਰੈਸਲ ਫੈਡਰੇਸ਼ਨ ਪੰਜਾਬ ਨੇ ਚੁੱਕਿਆ ਮੈਡੀਕਲ ਖੋਜ ਵਿਚ ਧਾਂਦਲੀਆਂ ਦਾ ਮੁੱਦਾ
ਡੀਆਰਐਮਈ ਮਨ ਮਰਜ਼ੀ ਨਾਲ ਕਰਦਾ ਹੈ ਮੈਡੀਕਲ ਫੈਕਲਟੀ ਨੂੰ ਪ੍ਰੇਸ਼ਾਨ : ਪ੍ਰਧਾਨ ਡਾ. ਇਕਬਾਲ ਸਿੰਘ
ਰਾਜੇਸ਼ ਗੋਤਮ , ਪਟਿਆਲਾ, 6 ਫਰਵਰੀ 2023
ਮੈਡੀਕਲ ਹੈਲਥ ਸਾਇੰਸ ਗਰੀਵੀਐਂਸ ਰਿਡਰੈਸਲ ਫੈਡਰੇਸ਼ਨ ਪੰਜਾਬ ਨੇ ਅੱਜ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਵਿਚ ਹੋ ਰਹੀਆਂ ਧਾਂਦਲੀਆਂ ਤੇ ਬੇਨਿਯਮੀਆਂ ਵਿਰੁੱਧ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੋਰਨਾਂ ਵਿਭਾਗਾਂ ਵਾਂਗ ਮੈਡੀਕਲ ਸਿੱਖਿਆ ਵੱਲ ਵੀ ਖ਼ਾਸ ਤਵੱਜੋ ਦੇਵੇ। ਅੱਜ ਫੈਡਰੇਸ਼ਨ ਦੀ ਮੀਟਿੰਗ ਪ੍ਰਧਾਨ ਡਾ. ਇਕਬਾਲ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਜਿਸ ਦੌਰਾਨ ਮੀਤ ਪ੍ਰਧਾਨ ਡਾ. ਬਿਮਲਾ ਕੌਸ਼ਲ ਨੇ ਕਈ ਵਿਸ਼ੇਸ਼ ਮੁੱਦਿਆਂ ਦੇ ਸਬੰਧ ਵਿਚ ਫੈਡਰੇਸ਼ਨ ਦਾ ਧਿਆਨ ਖਿੱਚਿਆ। ਡਾ. ਬਿਮਲਾ ਕੌਸ਼ਲ ਨੇ ਮੀਟਿੰਗ ਦੌਰਾਨ ਕਿਹਾ ਕਿ ਡੀਆਰਐਮਈ ਵੱਲੋਂ ਮੈਡੀਕਲ ਸਿੱਖਿਆ ਅਤੇ ਖੋਜ ਦੇ ਸਿਰਫ਼ ਮੈਡੀਕਲ ਫੈਕਲਟੀ ਦੀ ਹੀ ਸੇਵਾ ਮੁਕਤੀ ਉਮਰ ਪਹਿਲਾਂ 58 ਸਾਲ ਤੋਂ 60 ਸਾਲ ਤੇ ਫੇਰ 62 ਸਾਲ ਕਰਵਾਈ ਤੇ ਹੁਣ ਇਸ ਨੂੰ ਹੋਰ ਵਧਾ ਕੇ 65 ਸਾਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਦ ਕਿ ਬਾਕੀ ਸਟਾਫ਼ ਜਿਵੇਂ ਕਿ ਨਰਸਿੰਗ ਅਤੇ ਫਾਰਮੇਸੀ ਦੀ ਸੇਵਾ ਮੁਕਤੀ ਉਮਰ ਹੱਕ 58 ਸਾਲ ਹੀ ਹੈ। ਦੱਸਣਾ ਬਣਦਾ ਹੈ ਕਿ ਡਾਕਟਰਾਂ ਦੀ ਸੇਵਾ ਮੁਕਤੀ ਤੋਂ ਬਾਅਦ ਰੀਇੰਪਲਾਈਮੈਂਟ ਦੀ ਉਮਰ 70 ਸਾਲ ਹੈ, ਜੋ ਕਿ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ,ਕਿਉਂਕਿ ਜੋ ਡਾਕਟਰ ਆਪਣੀ ਸਾਰੀ ਉਮਰ ਦੀ ਡਿਊਟੀ ਦੌਰਾਨ ਕੁਝ ਖ਼ਾਸ ਨਹੀਂ ਕਰ ਸਕਿਆ ਉਹ 70 ਸਾਲਾਂ ਤੱਕ ਕੀ ਖੋਜ ਕਰੇਗਾ। ਇਸ ਤੋਂ ਇਲਾਵਾ ਮਨਮਰਜ਼ੀ ਨਾਲ ਡੀਆਰਐਮਈ ਵੱਲੋਂ ਮੈਡੀਕਲ ਫੈਕਲਟੀ ਦੇ ਕੁਝ ਅਧਿਆਪਕਾਂ ਦੀਆਂ ਤਰੱਕੀਆਂ ਰੋਕਣ ਲਈ ਏਸੀਆਰ ਨੂੰ ਇਕ ਮਾਰੂ ਹਥਿਆਰ ਦੀ ਤਰ੍ਹਾਂ ਵਰਤਿਆ ਜਾਂਦਾ ਰਿਹਾ ਹੈ,ਜੋ ਅਜੇ ਵੀ ਜਾਰੀ ਹੈ, ਜਿਸ ਕਰਕੇ 15-16 ਸਾਲਾਂ ਤੋਂ ਉਨ੍ਹਾਂ ਦੀਆਂ ਤਰੱਕੀਆਂ ਨਹੀਂ ਹੋਈਆਂ। ਇਸ ਬਾਰੇ ਫੈਡਰੇਸ਼ਨ ਦੇ ਪ੍ਰਧਾਨ ਡਾ. ਇਕਬਾਲ ਸਿੰਘ ਨੇ ਕਿਹਾ ਕਿ ਉਕਤ ਮੁੱਦੇ ਬੜੇ ਅਹਿਮ ਹਨ ਤੇ ਇਸ ਵੱਲ ਸਿਹਤ ਮੰਤਰੀ ਨੂੰ ਖ਼ਾਸ ਤਵੱਜੋ ਦੇਣ ਦੀ ਲੋੜ ਹੈ। ਉਨ੍ਹਾਂ ਸਿਹਤ ਮੰਤਰੀ ਨੂੰ ਇਹ ਵੀ ਕਿਹਾ ਕਿ ਸੇਵਾ ਮੁਕਤੀ ਦੀ ਹੱਕ ਸਭ ਦੀ ਇੱਕੋ ਸਾਰ ਹੋਣੀ ਚਾਹੀਦੀ ਹੈ, ਰੀਇੰਪਲਾਈਮੈਂਟ ਦੀ ਨੀਤੀ ਤੁਰੰਤ ਖ਼ਾਰਜ ਹੋਵੇ ਇਹ ਸਰਕਾਰੀ ਖ਼ਜ਼ਾਨੇ ਤੇ ਵਾਧੂ ਭਾਰ ਹੈ, ਇਸ ਤੋਂ ਇਲਾਵਾ ਮੈਡੀਕਲ ਫੈਕਲਟੀ ਦੀਆਂ ਤਰੱਕੀਆਂ ‘ਟਾਈਮ-ਬੌਂਡ’ ਕਰਨ ਦੀ ਨੀਤੀ ਬਣਾਈ ਜਾਵੇ ਤਾਂ ਕਿ ਕਿਸੇ ਨਾਲ ਕੋਈ ਵੀ ਧੋਖਾ ਨਾ ਕਰ ਸਕੇ। ਇਸ ਮੌਕੇ ਆਯੁਰਵੈਦਿਕ, ਫਾਰਮੇਸੀ, ਨਰਸਿੰਗ ਅਤੇ ਮੈਡੀਕਲ ਦੇ ਫੈਕਲਟੀ ਮੈਂਬਰ ਡਾ. ਵੰਦਨਾ ਸਿੰਗਲਾ, ਡਾ. ਕਾਨਵ ਗਰਗ, ਸਾਹ ਨਿਵਾਜ ਖ਼ਾਨ, ਸੀਨਮ ਤੇ ਹੋਰ ਮੁਲਾਜ਼ਮ ਹਾਜ਼ਰ ਸਨ।