ਆਰਮਜ਼ ਐਕਟ ਦੇ ਵਾਧੇ ਨਾਲ ਹੋਰ ਵਧੀਆਂ ਮੂਸੇਵਾਲੇ ਦੀਆਂ ਮੁਸ਼ਕਿਲਾਂ
ਅਗਾਉਂ ਜਮਾਨਤ ਲਈ ਬਰਨਾਲਾ ਅਦਾਲਤ ਚ, ਅਰਜ਼ੀ ਦੇਣ ਦੀ ਤਿਆਰੀ ਸ਼ੁਰੂ
ਹਰਿੰਦਰ ਨਿੱਕਾ ਬਰਨਾਲਾ 18 ਮਈ 2020
ਕਰਫਿਊ ਦੇ ਦੌਰਾਨ ਪੁਲਿਸ ਕਰਮਚਾਰੀ ਦੀ ਏ.ਕੇ. 47 ਰਾਇਫਲ ਨਾਲ ਜਿਲ੍ਹੇ ਦੇ ਪਿੰਡ ਬਡਬਰ ਅਤੇ ਜਿਲ੍ਹਾ ਸੰਗਰੂਰ ਦੇ ਪਿੰਡ ਲੱਡਾ ਚ, ਗਾਇਕ ਸਿੱਧੂ ਮੂਸੇਵਾਲਾ ਦੀਆਂ ਸ਼ੌਂਕ ਪੂਰਾ ਕਰਨ ਲਈ ਚਲਾਈਆਂ ਗੋਲੀਆਂ ਆਖਿਰ ਕੇਸ ਦਰਜ਼ ਹੋਣ ਤੋਂ 2 ਹਫਤਿਆਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸਿਰ ਚੜ੍ਹ ਕੇ ਬੋਲ ਹੀ ਪਈਆਂ। ਪਟਿਆਲਾ ਰੇਂਜ ਦੇ ਆਈਜੀ ਜਤਿੰਦਰ ਸਿੰਘ ਔਲਖ ਨੇ ਹਾਈਕੋਰਟ ਵਿੱਚ ਦਾਇਰ ਇੱਕ ਪੀਆਈਐਲ ਦੇ ਸਬੰਧ ਚ, 18 ਮਈ ਨੂੰ ਹੋਈ ਸੁਣਵਾਈ ਦੌਰਾਨ ਪੇਸ਼ ਕੀਤੇ ਹਲਫਨਾਮੇ ਚ, ਦੱਸਿਆ ਕਿ ਬਰਨਾਲਾ ਅਤੇ ਸੰਗਰੂਰ ਪੁਲਿਸ ,ਸਿੱਧੂ ਮੂਸੇਵਾਲਾ ਤੇ ਉਸਦੇ ਹੋਰ ਸਾਥੀਆਂ ਖਿਲਾਫ ਦਰਜ਼ ਕੇਸਾਂ ਵਿੱਚ ਅਰਮਜ਼ ਐਕਟ ਦਾ ਵਾਧਾ ਪਹਿਲਾਂ ਹੀ ਕਰ ਚੁੱਕੀ ਹੈ। ਇਸ ਤਰਾਂ ਜੁਰਮ ਚ, ਅਚਾਣਕ ਹੋਏ ਵਾਧੇ ਨਾਲ ਹੁਣ ਸਿੱਧੂ ਮੂਸੇਵਾਲਾ ਤੇ ਉਸਦੇ ਸਾਥੀਆਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ। ਮਾਮਲਾ ਗੈਰ ਜਮਾਨਤ ਯੋਗ ਹੋਣ ਕਾਰਣ ਹੁਣ ਸਿੱਧੂ ਮੂਸੇਵਾਲਾ ਦੇ ਸਿਰ ਗਿਰਫਤਾਰੀ ਦੀ ਤਲਵਾਰ ਲਟਕ ਗਈ ਹੈ। ਉੱਧਰ ਸਿੱਧੂ ਮੂਸੇਵਾਲਾ ਅਤੇ ਉਸਦੇ ਸਹਿਦੋਸ਼ੀਆਂ ਨੇ ਗਿਰਫਤਾਰੀ ਤੋਂ ਬਚਣ ਲਈ ਆਪਣੇ ਵਕੀਲਾਂ ਨਾਲ ਰਾਇ ਮਸ਼ਵਰਾ ਕਰਕੇ ਅਗਾਊਂ ਜਮਾਨਤ ਲੈਣ ਦੀ ਤਿਆਰੀ ਵਿੱਢ ਦਿੱਤੀ ਹੈ।
-ਅਸਲਾ ਐਕਟ ਅਤੇ ਅਪਰਾਧਿਕ ਸਾਜ਼ਿਸ਼ ਦਾ ਜੁਰਮ ਆਇਦ-ਐਸਪੀ ਭਾਰਦਵਾਜ਼
ਮਾਮਲੇ ਦੇ ਜਾਂਚ ਅਧਿਕਾਰੀ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ਼ ਨੇ ਦੱਸਿਆ ਕਿ ਉਨਾਂ ਸਫਾ ਮਿਸਲ ਤੇ ਆਏ ਤੱਥਾਂ ਅਤੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਸਿੱਧੂ ਮੂਸੇਵਾਲਾ ਅਤੇ ਉਸਦੇ ਸਹਿਦੋਸ਼ੀਆਂ ਖਿਲਾਫ 25/30/ 54 , 1959 ਆਰਮਜ਼ ਐਕਟ ਅਤੇ ਅਪਰਾਧਿਕ ਸਾਜਿਸ਼ ਦੀ ਧਾਰਾ 120 ਬੀ ਆਈਪੀਸੀ ਦੇ ਜੁਰਮ ਦਾ ਵਾਧਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਸ ਦੀ ਤਫਤੀਸ਼ ਜਾਰੀ ਹੈ। ਘਟਨਾ ਚ, ਸ਼ਾਮਿਲ ਹੋਰ ਦੋਸ਼ੀਆਂ ਨੂੰ ਵੀ ਕੇਸ ਵਿੱਚ ਨਾਮਜਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਕਿੰਨ੍ਹਾਂ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ ਉਸ ਨੂੰ ਬਖਸ਼ਿਆ ਨਹੀਂ ਜ਼ਾਵੇਗਾ। ਉੱਧਰ ਥਾਣਾ ਧੂਰੀ ਸਦਰ ਵਿਖੇ ਸਿੱਧੂ ਮੂਸੇਵਾਲਾ ਤੇ ਉਸਦੇ ਸਾਥੀਆਂ ਵਿਰੁੱਧ ਦਰਜ਼ ਕੇਸ ਦੀ ਜਾਂਚ ਕਰ ਰਹੇ ਐਸਪੀ ਪੀਬੀਆਈ ਸੰਗਰੂਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੀ ਕੇਸ ਚ, 25/29/30 ,54 /59 ਆਰਮਜ਼ ਐਕਟ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਹੈ।
-ਐਸਪੀ ਭਾਰਦਵਾਜ਼ ਅੱਗੇ ਨਾ ਚੱਲਿਆ ਮੂਸੇਵਾਲੇ ਦਾ ਧੱਕਾ
ਸਿੱਧੂ ਮੂਸੇਵਾਲਾ ਦੇ ਪ੍ਰਸਿੱਧ ਗੀਤ, ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ, ਦੇ ਬੋਲਾਂ ਨੂੰ ਐਸਪੀ ਰੁਪਿੰਦਰ ਭਾਰਦਵਾਜ਼ ਨੇ ਆਪਣੀ ਕਲਮ ਨਾਲ ਰੋਕ ਕੇ ਇਹ ਸਾਬਿਤ ਕਰ ਦਿੱਤਾ ਕਿ ਕਾਨੂੰਨ ਅੱਗੇ ਕਿਸੇ ਦਾ ਵੀ ਧੱਕਾ ਨਹੀਂ ਚੱਲਦਾ। ਵਰਨਣਯੋਗ ਹੈ ਕਿ ਥਾਣਾ ਧਨੌਲਾ ਚ, ਗਾਇਕ ਸਿੱਧੂ ਮੂਸੇਵਾਲਾ , ਤਤਕਾਲੀਨ ਡੀਐਸਪੀ ਸੰਗਰੂਰ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ ਪਟਿਆਲਾ, ਕਰਮ ਸਿੰਘ ਲਹਿਲ ਸੰਗਰੂਰ, ਇੰਦਰ ਗਰੇਵਾਲ ਅਤੇ ਸੰਗਰੂਰ ਦੇ ਏਐਸਆਈ ਬਲਕਾਰ ਸਿੰਘ, ਹੌਲਦਾਰ ਗਗਨਦੀਪ ਸਿੰਘ , ਹੌਲਦਾਰ ਗੁਰਜਿੰਦਰ ਸਿੰਘ ,ਸਿਪਾਹੀ ਜਸਵੀਰ ਅਤੇ ਹਰਵਿੰਦਰ ਸਿੰਘ ਸੰਗਰੂਰ ਦੇ ਖਿਲਾਫ ਅਧੀਨ ਜੁਰਮ 188 ਆਈਪੀਸੀ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਸੀ।
ਕਟਹਿਰੇ ਚ, ਖੜ੍ਹ ਸਕਦੇ ਨੇ ਡੀਐਸਪੀ ਛਿੱਬਰ ਤੇ ਐਸਐਚਉ ਮੇਜਰ ਸਿੰਘ
ਭਾਂਵੇ ਐਸਪੀ ਭਾਰਦਵਾਜ਼ ਦੀ ਰਿਪੋਰਟ ਦੇ ਅਧਾਰ ਤੇ ਗਾਇਕ ਸਿੱਧੂ ਮੂਸੇਵਾਲਾ ਤੇ ਉਸ ਦੇ ਸਹਿਦੋਸ਼ੀਆਂ ਦੇ ਖਿਲਾਫ ਦਰਜ਼ ਕੇਸ ਚ, ਜੁਰਮ ਦਾ ਵਾਧਾ ਹੋ ਜਾਣ ਤੋਂ ਬਾਅਦ ਹਾਈਕੋਰਟ ਚ, ਫਿਲਹਾਲ ਪੁਲਿਸ ਨੂੰ ਰਾਹਤ ਮਿਲ ਗਈ ਹੈ। ਪਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਜੁਰਮ ਘਟਾ ਕੇ ਕੇਸ ਦਰਜ਼ ਕਰਨ ਵਾਲੇ ਅਧਿਕਾਰੀਆਂ ਨੂੰ ਖੁਦ ਵੀ ਅਗਲੇ ਦਿਨਾਂ ਚ, ਇਸ ਕੇਸ ਨੂੰ ਲੈ ਕੇ ਕਟਿਹਰੇ ਚ, ਖੜ੍ਹ ਕੇ ਜੁਆਬ ਦੇਣਾ ਪੈ ਸਕਦਾ ਹੈ। ਇਨ੍ਹਾਂ ਅਧਿਕਾਰੀਆਂ ਚ, ਕੇਸ ਦਰਜ਼ ਕਰਨ ਵਾਲੇ ਐਸਐਚਉ ਧਨੌਲਾ ਮੇਜਰ ਸਿੰਘ ਅਤੇ ਡੀਐਸਪੀ ਸਰਕਲ ਬਰਨਾਲਾ ਰਾਜੇਸ਼ ਛਿੱਬਰ ਪ੍ਰਮੁੱਖ ਤੌਰ ਤੇ ਸ਼ਾਮਿਲ ਹੋ ਸਕਦੇ ਹਨ। ਇੱਕ ਰਿਟਾਇਰ ਆਈਪੀਐਸ ਅਧਿਕਾਰੀ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਥਾਣਾ ਧਨੌਲਾ ਚ, ਦਰਜ਼ ਉਕਤ ਕੇਸ ਦੀ ਐਫਆਈਆਰ ਚ, ਸਾਫ ਜਿਕਰ ਹੈ ਕਿ ਸਿੱਧੂ ਮੂਸੇਵਾਲਾ ਨੇ ਬਡਬਰ ਪਿੰਡ ਚ, ਸ਼ਰੇਆਮ ਏ.ਕੇ. 47 ਰਾਈਫਲ ਨਾਲ ਫਾਇਰਿੰਗ ਕੀਤੀ। ਜਦੋਂ ਕਿਸੇ ਵੀ ਘਟਨਾ ਸਮੇਂ ਗੋਲੀਆਂ ਚੱਲਣ ਦਾ ਜਿਕਰ ਹੋਵੇ ਤਾਂ ਸਧਾਰਣ ਜਾਣਕਾਰੀ ਰੱਖਣ ਵਾਲਾ ਪੁਲਿਸ ਕਰਮਚਾਰੀ ਵੀ ਇਹ ਭਲੀਭਾਂਤ ਸਮਝਦਾ ਹੈ ਕਿ ਕੇਸ ਚ, ਆਰਮਜ਼ ਐਕਟ ਦਾ ਜੁਰਮ ਲਾਇਆ ਹੀ ਜਾਣਾ ਹੈ। ਪਰੰਤੂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਦੇ ਹੋਏ ਵੀ ਆਰਮਜ਼ ਐਕਟ ਕਿਉਂ ਨਹੀਂ ਲਾਇਆ। ਇਸ ਦਾ ਜੁਆਬ ਲਾਪਰਵਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਦੇਣਾ ਹੀ ਪਵੇਗਾ।