ਕਤਲ ਦੇ ਜੁਰਮ ਚ, ਪਿੰਡ ਗਹਿਲਾਂ ਦੇ ਸਾਬਕਾ ਸਰਪੰਚ ਸਮੇਤ 10 ਖਿਲਾਫ ਕੇਸ ਦਰਜ਼
ਕਤਲ ਕੇਸ ਦੇ ਮੁਦਈ ਰਾਜਾ ਸਿੰਘ ਤੇ ਉਸਦੇ ਸਾਥੀਆਂ ਵਿਰੁੱਧ ਵੀ ਪੁਲਿਸ ਨੇ ਦਰਜ਼ ਕੀਤਾ ਇਰਾਦਾ ਕਤਲ ਦਾ ਕੇਸ
ਗੁਰਸੇਵਕ ਸਹੋਤਾ ਮਹਿਲ ਕਲਾਂ 18 ਮਈ 2020
ਜਿਲਾ ਦੇ ਪਿੰਡ ਗਹਿਲਾਂ ਵਿਖੇ ਪਿਛਲੀ ਰਾਤ ਦੋ ਧਿਰਾਂ ਵਿਚਕਾਰ ਤਲਵਾਰਾਂ ਚੱਲੀਆਂ। ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂ ਕਿ ਦੋਵੇਂ ਧਿਰਾਂ ਦੇ ਤਿੰਨ ਨੌਜਵਾਨ ਜਖਮੀ ਹੋ ਗਏ ਹਨ। ਜਿੰਨਾਂ ਵਿੱਚੋਂ ਦੋ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਲਿਅੰਦਾ ਗਿਆ ਹੈ ਜਦੋਂਕਿ ਦੂਜੀ ਧਿਰ ਦੇ ਜਖਮੀ ਨੌਜਵਾਨ ਨੂੰ ਪਟਿਆਲਾ ਦਾਖਲ ਕੀਤਾ ਗਿਆ ਹੈ। ਘਟਨਾ ਨੂੰ ਲੈਕੇ ਥਾਣਾ ਟੱਲੇਵਾਲ ਦੀ ਪੁਲਿਸ ਵੱਲੋਂ ਹਮਲਾਵਰ ਧਿਰ ਵਿੱਚ ਪਿੰਡ ਗਹਿਲਾਂ ਦੇ ਸਾਬਕਾ ਸਰਪੰਚ ਸਮੇਤ 10 ਖਿਲਾਫ ਕਤਲ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਦੋਂਕਿ ਦੂਜੀ ਧਿਰ ਦੇ ਇੱਕ ਨਿਹੰਗ ਨੌਜਵਾਨ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਰਨਾਲਾ ਹਸਪਤਾਲ ਵਿਖੇ ਦਾਖਲ ਜਖਮੀ ਰਾਜਾ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਬਿਆਨ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਨਾ ਟੱਲੇਵਾਲ ਦੀ ਇੰਚਾਰਜ ਏਐਸਆਈ ਅਮਨਦੀਪ ਕੌਰ ਨੇ ਦੱਸਿਆ ਕਿ ਕਿਸੇ ਪੁਰਾਣੀ ਰੰਜਸ਼ ਨੂੰ ਲੈਕੇ ਦੋਵੇਂ ਧਿਰਾਂ ਵਿਚਕਾਰ ਲੜਾਈ ਹੋਈ ਹੈ। ਜਿਸ ਦੌਰਾਨ ਦੋਵੇਂ ਧਿਰਾਂ ਵੱਲੋਂ ਤੇਜ ਧਾਰ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ। ਜਿਸਦੇ ਚਲਦਿਆਂ 17 ਸਾਲਾ ਪ੍ਰਿੰਸ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਬਰਨਾਲਾ ਦੀ ਬਰਨਾਲਾ ਤੋਂ ਰੈਫਰ ਕਰਨ ਮਗਰੋਂ ਪਟਿਆਲਾ ਜਾ ਕੇ ਮੌਤ ਹੋ ਗਈ। ਜਦੋਂਕਿ ਪਿੰਸ ਦੇ ਦੋ ਸਾਥੀ ਜਸਪ੍ਰੀਤ ਸਿੰਘ ਅਤੇ ਰਾਜਾ ਸਿੰਘ ਗੰਭੀਰ ਤੌਰ ਤੇ ਜਖਮੀ ਹੋ ਗਏ। ਜਿਸ ਵਿੱਚੋਂ ਜੇਰੇ ਈਲਾਜ ਰਾਜਾ ਸਿੰਘ ਦੇ ਬਿਆਨ ਤੇ ਪਿੰਡ ਗਹਿਲਾਂ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ, ਉੁਸਦੇ ਲੜਕੇ ਅਤੇ 7/8 ਹੋਰ ਅਣਪਛਾਤੇ ਖਿਲਾਫ ਧਾਰਾ 302 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਐਚਓ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਦੂਜੀ ਵਿਰੋਧੀ ਧਿਰ ਵਿੱਚੋਂ ਵੀ ਅੰਮ੍ਰਿਤ ਪਾਲ ਸਿੰਘ ਵਾਸੀ ਬਿਲਾਸਪੁਰ ਜਖਮੀ ਹੋਇਆ ਹੈ, ਜਿਸਦੇ ਤਲਵਾਰ ਵੱਜੀ ਹੈ। ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਹੈ। ਉਸਦੇ ਬਿਆਨਾਂ ਦੇ ਅਧਾਰ ਤੇ ਨਿਹੰਗ ਨੌਜਵਾਨ ਰਾਜਾ ਸਿੰਘ ਪੁੱਤਰ ਕੁਲਵੰਤ ਸਿੰਘ ਖਿਲਾਫ ਖਿਲਾਫ ਧਾਰਾ 307 ਆਈਪੀਸੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜੇਰੇ ਈਲਾਜ ਰਾਜਾ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਰਿੰਸ ਸਮੇਤ ਤਿੰਨੇ ਜਣੇ ਤੂੜੀ ਖਰੀਦਣ ਜਾ ਰਹੇ ਸਨ। ਜਿਸ ਵਾਰੇ ਵਿਰੋਧੀ ਧਿਰ ਨੂੰ ਸੂਚਨਾ ਮਿਲੀ ਉਹਨਾਂ ਘੇਰੇ ‘ਚ ਲੈਕੇ ਉਹਨਾਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ।