ਕੈਬਨਿਟ ਮੰਤਰੀ ਦੇ ਕਰੀਬੀ ਇੱਕ ਸ਼ਹਿਰੀ ਆਪ ਆਗੂ ਨੇ ਨਿਭਾਈ ਮਾਮਲਾ ਠੰਡੇ ਬਸਤੇ ‘ਚ ਪਾਉਣ ਲਈ ਮੁੱਖ ਭੂਮਿਕਾ
ਪੂਰਾ ਮਾਮਲਾ ਧਿਆਨ ਵਿੱਚ ਆਉਣ ਦੇ ਬਾਵਜੂਦ ਅਧਿਕਾਰੀਆਂ ਵਲੋਂ ਧਾਰੀ ਚੁੱਪ ‘ਸੱਕ’ ਦੇ ਘੇਰੇ ਚ
ਹਰਿੰਦਰ ਨਿੱਕਾ , ਬਰਨਾਲਾ 3 ਜਨਵਰੀ 2023
ਵਾਹ ਬਾਈ ਜੀ ਵਾਹ, ਗੱਲਾਂ ਵੱਡੀਆਂ ਤੇ ਕੰਮ ਹੁੰਦੈ ਆਹ ! ਜੀ ਹਾਂ , ਜਿਲ੍ਹਾ ਕਚਿਹਰੀ ਕੰਪਲੈਕਸ ‘ਚ ਬਹਿੰਦੇ ਇੱਕ ਟਾਈਪਿਸਟ ਦੁਆਰਾ ਸਬ ਰਜਿਸਟਰਾਰ ਦੇ ਕਥਿਤ ਤੌਰ ਤੇ ਜਾਅਲ੍ਹੀ ਦਸਤਖ਼ਤਾਂ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਜਾਅਲ੍ਹੀ ‘ ਭਾਰ ਮੁਕਤ ਸਰਟੀਫਿਕੇਟ ( EC ) ਅਤੇ ਵਸੀਕਿਆਂ ਦੀਆਂ ਪੁਰਾਣੀਆਂ ਨਕਲਾਂ ਜਾਰੀ ਹੋਣ ਦਾ ਗੰਭੀਰ ਮਾਮਲਾ ਅੰਦਰ ਹੀ ਅੰਦਰ ਧੁੱਖ ਰਿਹਾ ਹੈ। ਕਈ ਹਫਤੇ ਪਹਿਲਾਂ ਸਬ-ਰਜਿਸਟਰਾਰਾਂ ਦੇ ਜਾਲ੍ਹੀ ਦਸਤਖਤ ਤੇ ਮੋਹਰਾਂ ਲਾ ਕੇ ਤਿਆਰ ਕੀਤੇ ਜਾ ਰਹੇ ਅਜਿਹੇ ਸਰਕਾਰੀ ਦਸਤਾਵੇਜਾਂ ਦਾ ਮਾਮਲਾ ਸਬ ਰਜਿਸਟਰਾਰ ਦੇ ਧਿਆਨ ਵਿੱਚ ਆਉਣ ਦੇ ਬਾਵਜੂਦ ਵੀ ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਤਾਂ ਦੂਰ, ਪੜਤਾਲ ਕਰਵਾਉਣ ਦੀ ਵੀ ਕੋਈ ਲੋੜ ਨਹੀਂ ਸਮਝੀ ਗਈ। ਸਗੋਂ ਮਾਲ ਮਹਿਕਮੇ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਇਹ ਮਾਮਲਾ ਠੰਡੇ ਬਸਤੇ ਵਿੱਚ ਪਾਇਆ ਜਾਣਾ ਵੀ ‘ਸੱਕ’ ਦੇ ਘੇਰੇ ਵਿੱਚ ਹੈ।
ਕੀ ਹੈ ਪੂਰਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕਾਂ ਤੋਂ ਲੋਨ-ਲਿਮਟ ਆਦਿ ਲੈਣ ਲਈ ਐਲ.ਏ. ਦੀ ਰਿਪੋਰਟ ਦੇ ਨਾਲ ਸਬ ਰਜਿਸਟਰਾਰ ਵੱਲੋਂ ਜਾਰੀ ਕੀਤਾ ਪ੍ਰੋਪਰਟੀ/ ਜ਼ਮੀਨ ਦਾ 30 ਸਾਲ ਪੁਰਾਣਾ ਭਾਰ ਮੁਕਤ ਸਰਟੀਫਿਕੇਟ (ਈਸੀ) ਲਗਾਉਣਾ ਵੀ ਜ਼ਰੂਰੀ ਹੁੰਦਾ ਹੈ। ਭਾਰ ਮੁਕਤ ਸਰਟੀਫਿਕੇਟ ਲੈਣ ਲਈ ਬੈਕਾਂ ਦੇ ਪੈਨਲ ਵਾਲੇ ਵਕੀਲ ਵੱਲੋਂ ਤਿਆਰ ਕੀਤੀ ਗਈ ਫਾਇਲ ਦੀ ਸੇਵਾ ਕੇਂਦਰ ਰਾਹੀਂ ਫ਼ੀਸ ਭਰਨ ਤੋਂ ਬਾਅਦ ਸਬ ਰਜਿਸਟਰਾਰ ਦਫ਼ਤਰ ਤੋਂ ਕੁੱਝ ਦਿਨਾਂ ਬਾਅਦ ਇਹ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਇਹ ਪੂਰੇ ਪ੍ਰੋਸੈੱਸ ਨੂੰ ਲਗਭਗ ਇੱਕ ਹਫ਼ਤੇ ਦਾ ਸਮਾਂ ਅਕਸਰ ਲੱਗਦਾ ਹੈ। ਪਰ ਬੈਂਕਾਂ ਤੋਂ ਲੋਨ -ਲਿਮਟਾਂ ਕਰਵਾਉਣ ਵਾਲੇ ਏਜੰਟਾਂ ਵੱਲੋਂ ਛੇਤੀ-ਛੇਤੀ ਕੰਮ ਕਰਵਾਉਣ ਦੀ ਦੌੜ ਲੱਗੀ ਰਹਿੰਦੀ ਹੈ । ਇਸ ਕਾਹਲ ਦਾ ਕਚਿਹਰੀ ਕੰਪਲੈਕਸ ‘ਚ ਕੰਮ ਕਰਦੇ ਇੱਕ ਕਾਫੀ ਮਸ਼ਹੂਰ ਟਾਈਪਿਸਟ ਵਲੋਂ ਉਕਤ ਏਜੰਟਾਂ ਤੋਂ ਮਾਲ ਮਹਿਕਮੇ ਦੇ ਅਧਿਕਾਰੀਆਂ ਦੇ ਨਾਂ ਤੇ ਕਥਿਤ ਮੋਟੀ ਰਕਮ ਲੈ ਕੇ ਤਹਿਸੀਲ ਦਫ਼ਤਰ ਦੇ ਕੁੱਝ ਕਰਿੰਦਿਆਂ ਨਾਲ ਮਿਲੀ ਭੁਗਤ ਕਰਕੇ ਹਫ਼ਤੇ ‘ਚ ਮਿਲਣ ਵਾਲੇ ਭਾਰ ਮੁਕਤ ਸਰਟੀਫਿਕੇਟ ਅਤੇ ਰਜਿਸਟਰੀਆਂ ਦੀਆਂ ਨਕਲਾਂ ਮਿੰਟਾਂ/ ਸਕਿੰਟਾਂ ਵਿੱਚ ਹੀ ਤਿਆਰ ਕਰਕੇ ਸਬ-ਰਜਿਸਟਰਾਰ ਦੇ ਕਥਿਤ ਜਾਲ੍ਹੀ ਦਸਤਖਤਾਂ ਹੇਠ ਜਾਰੀ ਈ.ਸੀ. ਤੇ ਰਜਿਸਟਰੀਆਂ ਦੀਆਂ ਨਕਲਾਂ ਫਾਈਲਾਂ ਵਿੱਚ ਲਾ ਕੇ ਬੈਕਾਂ ਨੂੰ ਭੇਜੀਆਂ ਜਾਂਦੀਆਂ ਹਨ। ਪਤਾ ਇਹ ਵੀ ਲੱਗਿਆ ਹੈ ਕਿ ਕੱਚਾ ਕਾਲਜ ਰੋਡ ਤੇ ਸਥਿਤ ਇੱਕ ਬੈਂਕ ਚੋਂ ਬੀਤੇ ਸਮੇਂ ਦੌਰਾਨ ਹੋਈਆਂ ਲਿਮਟਾਂ/ ਲੋਨ ਆਦਿ ਵਿੱਚ ਜ਼ਿਆਦਾਤਰ ਭਾਰ ਮੁਕਤ ਸਰਟੀਫਿਕੇਟ (ਈਸੀ) ਕਥਿਤ ਜਾਅਲ੍ਹੀ ਦਸਤਖ਼ਤਾਂ ਹੇਠ ਜਾਰੀ ਹੋਏ ਹੀ ਲਗਾਏ ਗਏ ਹਨ।
ਕਿਵੇਂ ਹੋਇਆ ਜਾਲ੍ਹਸਾਜੀ ਦਾ ਖੁਲਾਸਾ
ਪਤਾ ਲੱਗਿਆ ਹੈ ਕਿ ਕਈ ਹਫਤੇ ਪਹਿਲਾਂ ਸ਼ਹਿਰ ਦੇ ਇੱਕ ਪੱਤਰਕਾਰ ਵਲੋਂ ਇੱਕ ਪੁਰਾਣੇ ਵਸੀਕੇ /ਰਜਿਸਟਰੀ ਦੀ ਨਕਲ ਦੀ ਕਾਪੀ ਲੈਣ ਤੋਂ ਬਾਅਦ ਇਹ ਗੜਬੜ ਘੁਟਾਲੇ ਦਾ ਖੁਲਾਸਾ ਹੋਇਆ ਸੀ, ਉਦੋਂ ਇਹ ਮਾਮਲੇ ਦੀ ਗੂੰਜ ਸਬ ਰਜਿਸਟਰਾਰ ਦਫਤਰ ਵਿੱਚ ਕਾਫੀ ਪੈਂਦੀ ਸੁਣਾਈ ਦਿੱਤੀ ਸੀ। ਇੱਥੋਂ ਤੱਕ ਕੇ ਕਥਿਤ ਜਾਲ੍ਹੀ ਸਰਟੀਫਿਕੇਟਾਂ ਅਤੇ ਵਸੀਕੇ ਦੀ ਨਕਲ ਤੇ ਮੌਜੂਦਾ ਸਬ-ਰਜਿਸਟਰਾਰ ਦੇ ਵੀ ਜਾਲ੍ਹੀ ਦਸਤਖਤ ਕੀਤੇ ਹੋਏ ਸਾਹਮਣੇ ਆਏ ਸਨ। ਫਿਰ ਵੀ, ਅੱਖੀਂ ਤੱਕ ਕੇ ਮੱਖੀ ਨਿਗਲ ਲਈ ਗਈ। ਯਾਨੀ ਨਾ ਕੋਈ ਪੜਤਾਲ ਕੀਤੀ ਗਈ ਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ । ਜਾਣਕਾਰ ਇਹ ਵੀ ਦੱਸਦੇ ਹਨ, ਕਿ ਪੂਰੇ ਮਾਮਲੇ ਵਿੱਚ ਉਲਝਦੇ ਟਾਈਪਿਸਟ ਨੂੰ ਬਚਾਉਣ ਤੇ ਮਾਮਲੇ ਨੂੰ ਰਫਾ ਦਫਾ ਕਰਵਾਉਣ ਵਿੱਚ ਕੈਬਨਿਟ ਮੰਤਰੀ ਦੇ ਇੱਕ ਕਰੀਬੀ ਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਆਗੂ ਦਾ ਨਾਂ ਵੀ ਬੋਲਦਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦੇਣ ‘ਚ ਕਈ ਹੋਰ ਰਸੂਖਦਾਰਾਂ ਵਲੋਂ ਕੀਤੀ ਵਿਚੋਲਗੀ ਦੀ ਵੀ ਚਰਚਾ ਚੱਲ ਰਹੀ ਹੈ।