ਸ਼ੱਕ ਦੇ ਘੇਰੇ ‘ਚ ਆਉਣ ਤੋਂ ਬਾਅਦ ( Destroye )ਕੀਤੇ 250 ਸੈਂਪਲ
ਕੋਤਾਹੀ ਕਰਨ ਵਾਲੇ ਅਧਿਕਾਰੀਆਂ ਤੇ ਲਟਕੀ ਕਾਰਵਾਈ ਦੀ ਤਲਵਾਰ !
ਹਰਿੰਦਰ ਨਿੱਕਾ , ਬਰਨਾਲਾ 24 ਨਵੰਬਰ 2022
ਜਿਲ੍ਹੇ ਦੇ ਪਿੰਡ ਧੌਲਾ ਨੇੜਲੇ ਕਈ ਇਲਾਕਿਆਂ ਦਾ ਪੌਣ-ਪਾਣੀ ਅਤੇ ਮਿੱਟੀ ਨੂੰ ਦੂਸ਼ਿਤ ਕਰਨ ਸਬੰਧੀ ਉੱਘੇ ਵਾਤਾਵਰਣ ਪ੍ਰੇਮੀ ਬੇਅੰਤ ਸਿੰਘ ਬਾਜਵਾ ਦੀ ਸ਼ਕਾਇਤ ਦੇ ਅਧਾਰ ਤੇ ਸੈਂਪਲ ਲੈਣ ਲਈ ਪਹੁੰਚੀ ਟੀਮ ਦੀ ਘੰਟਿਆਂ ਬੱਧੀ ਕੀਤੀ ਘਾਲਣਾ ,ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ੱਕੀ ਭੂਮਿਕਾ ਕਾਰਣ ਮਿੱਟੀ ਵਿੱਚ ਮਿਲ ਗਈ। ਜਿਸ ਕਾਰਣ ਸੈਂਪਲਿੰਗ ਟੀਮ ਦੇ ਤਕਨੀਕੀ ਮਾਹਿਰ ਬਾਬੂ ਰਾਮ ਦੀ ਨਿਗਰਾਨੀ ਹੇਠ, ਕਰੀਬ ਢਾਈ ਸੌ ਦੇ ਕਰੀਬ ਸੈਂਪਲ ਨਸ਼ਟ ਕਰ ਦਿੱਤੇ ਗਈ। ਅਜਿਹੀ ਕੋਤਾਹੀ ਦੇ ਠੋਸ ਤੱਥ ਸਾਹਮਣੇ ਆਉਣ ਤੋਂ ਬਾਅਦ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸ਼ੁਰੂ ਤੋਂ ਸ਼ੱਕੀ ਭੂਮਿਕਾ ਤੇ ਇੱਕ ਵਾਰ ਫਿਰ ਮੋਹਰ ਲੱਗ ਗਈ। ਹੁਣ ਸ਼ਕਾਇਤ ਕਰਤਾ ਬੇਅੰਤ ਸਿੰਘ ਬਾਜਵਾ ਦੀ ਮੰਗ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਫਿਰ ਤੋਂ ਆਈ.ੳ.ਐਲ ਕੈਮੀਕਲਜ ਫੈਕਟਰੀ ਧੌਲਾ-ਫਤਿਹਗੜ੍ਹ ਛੰਨਾ ਦੇ ਕਥਿਤ ਪ੍ਰਦੂਸ਼ਣ ਤੋਂ ਪ੍ਰਭਾਵਿਤ ਖੇਤਰ ਵਿੱਚੋਂ ਸੈਂਪਲ ਲਏ ਜਾਣਗੇ। ਵਰਣਨਯੋਗ ਹੈ ਕਿ ਲੰਘੀ ਕੱਲ੍ਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਜਸਵੀਰ ਸਿੰਘ ਦੀ ਅਗਵਾਈ ਵਿੱਚ ਕਾਇਮ ਟੀਮ ਅਤੇ ਰਾਜ ਸਭਾ ਮੈਂਬਰ ਤੇ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਜ਼ੇਰ-ਏ- ਨਿਗਰਾਣੀ ਆਈ.ੳ.ਐਲ ਕੈਮੀਕਲਜ ਫੈਕਟਰੀ ਧੌਲਾ-ਫਤਿਹਗੜ੍ਹ ਛੰਨਾ ਸਣੇ ਉਕਤ ਖੇਤਰ ਵਿੱਚੋਂ ਪਾਣੀ ਅਤੇ ਮਿੱਟੀ ਦੇ ਸੈਂਪਲ ਭਰੇ ਗਏ ਸਨ। ਇਹ ਸੈਂਪਲ ਭਰਨ ਸਮੇਂ, ਐਸਡੀਐਮ ਗੋਪਾਲ ਸਿੰਘ ,ਨਹਿਰੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ ਵੀ ਸ਼ਾਮਿਲ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤ ਕਰਤਾ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਐੱਲ ਓ ਆਈ ਵੱਲੋਂ ਬੀਤੇ ਸਮੇਂ ਦੌਰਾਨ ਦੂਸ਼ਿਤ ਪਾਣੀ ਨੂੰ ਕਥਿਤ ਤੌਰ ਤੇ ਧਰਤੀ ਹੇਠ ਸੁੱਟੇ ਜਾਣ ਕਾਰਨ ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਹੈ ਅਤੇ ਫੈਕਟਰੀ ਦੀਆਂ ਚਿਮਨੀਆ ਵਿੱਚੋਂ ਨਿਕਲਣ ਵਾਲੇ ਕਥਿਤ ਹਾਨੀਕਾਰਕ ਕੈਮੀਕਲ ਯੁਕਿਤ ਧੂੰਏਂ ਕਾਰਨ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀ ਸਿਹਤ ਤੇ ਬੜੇ ਮਾੜੇ ਪ੍ਰਭਾਵ ਪੈ ਰਹੇ ਹਨ। ਲੋਕਾਂ ਦੀ ਵਿਗੜਦੀ ਸਿਹਤ ਅਤੇ ਧਰਤੀ ਹੇਠਲੇ ਪਾਣੀ ਦੇ ਦੂਸ਼ਿਤ ਹੋਣ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਸਿਕਾਇਤ ਦਰਜ਼ ਕਰਵਾਈ ਸੀ।ਜਿਸ ਤੇ ਕਾਰਵਾਈ ਕਰਦਿਆਂ ਬੁੱਧਵਾਰ ਸਵੇਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕਾਇਮ ਮੌਨੀਟਰਿੰਗ ਕਮੇਟੀ ਦੇ ਚੇਅਰਮੈਨ ਜਸਟਿਸ ਜਸਵੀਰ ਸਿੰਘ,ਪੀਪੀਸੀਬੀ ਦੇ ਮੈਂਬਰ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਬਾਬੂ ਰਾਮ ਟੈਕਨੀਕਲ ਐਕਸਪਰਟ ਆਦਿ ਦੀ ਅਗਵਾਈ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵਲੋਂ ਆਈ ਓ ਐੱਲ ਤੇ ਹੋਰ ਖੇਤਰ ਚੋਂ ਸੈਂਪਲ ਭਰੇ ਗਏ ਸਨ।
ਵਜ਼੍ਹਾ ਕੀ ਹੋਈ, ਸੈਂਪਲ ਨਸ਼ਟ ਕਰਨ ਦੀ,,
ਬੇਅੰਤ ਬਾਜਵਾ ਨੇ ਕਿਹਾ ਕਿ ਜਿਸ ਜਗ੍ਹਾ ਤੇ ਸੈਂਪਲਾਂ ਵਾਲੀ ਗੱਡੀ ਖੜ੍ਹੀ ਕੀਤੀ ਗਈ ਸੀ,ਉਸ ਜਗ੍ਹਾ ਤੇ ਤਾਇਨਾਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਲਾਜ਼ਮਾਂ ਦੀ ਆਈ ਓ ਐੱਲ ਦੇ ਮੁਲਾਜ਼ਮਾਂ ਵੱਲੋਂ ਖਾਤਿਰਦਾਰੀ ਕੀਤੀ ਜਾ ਰਹੀ ਸੀ। ਮੌਕੇ ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਫੈਕਟਰੀ ਦੀ ਖਾਤਿਰਦਾਰੀ ਕਬੂਲ ਕਰਨ ਨੂੰ ਦੇਖਦਿਆਂ ਇਹ ਗੱਲ ਸ਼ੱਕ ਦੇ ਘੇਰੇ ਵਿੱਚ ਹੈ ਕਿ ਗੱਡੀ ਵਿੱਚ ਪਏ ਸੈਂਪਲ ਫੈਕਟਰੀ ਅਧਿਕਾਰੀਆਂ ਵਲੋਂ ਬਦਲੇ ਗਏ ਹੋਣ । ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਹ ਮਾਮਲਾ ਸੈਂਪਲਿੰਗ ਟੀਮ ਦੇ ਤਕਨੀਕੀ ਮੈਂਬਰ ਬਾਬੂ ਰਾਮ ਅਤੇ ਐੱਸ ਡੀ ਐੱਮ ਬਰਨਾਲਾ ਗੋਪਾਲ ਸਿੰਘ ਦੇ ਧਿਆਨ ਵਿੱਚ ਲਿਆ ਕੇ ਗੱਡੀ ਵਿੱਚ ਪਏ ਸੈਂਪਲਾਂ ਤੇ ਸ਼ੱਕ ਜ਼ਾਹਿਰ ਕੀਤਾ ਗਿਆ। ਉਨ੍ਹਾਂ ਦੀ ਅਸਿਹਮਤੀ ਤੋਂ ਬਾਅਦ ਸ੍ਰੀ ਬਾਬੂ ਰਾਮ ਵਲੋਂ ਇਹ ਮਾਮਲਾ ਜਸਟਿਸ ਜਸਵੀਰ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਟੀਮ ਵੱਲੋਂ ਭਰੇ ਸੈਂਪਲ ਉਨ੍ਹਾਂ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਰੈਸਟ ਹਾਊਸ ਬਰਨਾਲਾ ਵਿਖੇ ‘ਡੋਲ’ ਦਿੱਤੇ ਗਏ। ਇਸ ਮੌਕੇ ਐਨਜ਼ੀਟੀ ਦੀ ਟੀਮ ਦੇ ਤਕਨੀਕੀ ਮੈਂਬਰ ਬਾਬੂ ਰਾਮ ਨੇ ਕਿਹਾ ਕਿ ਮੇਰੀ ਤਾਇਨਾਤੀ ਦੇ ਹੁਣ ਤੱਕ ਦੇ ਸਮੇਂ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ ਹੈ। ਜਦੋਂ ਸ਼ਕਾਇਤ ਕਰਤਾ ਨੇ, ਫੈਕਟਰੀ ਵਾਲਿਆਂ ਵੱਲੋਂ ਨਿਗਰਾਨ ਟੀਮ ਦੇ ਮੈਂਬਰਾਂ ਦੀਆਂ ਖਾਤਿਰਦਾਰੀ ਕਬੂਲ ਕਰਨ ਦੇ ਤੱਥ ਫੋਟੋਆਂ ਸਣੇ ਪੇਸ਼ ਕੀਤੇ ਗਏ ਤਾਂ ਨਿਰਪੱਖਤਾ ਬਣਾਈ ਰੱਖਣ ਲਈ, ਸੈਂਪਲ ਨਸ਼ਟ ਕਰਨਾ ਲਾਜ਼ਿਮੀ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ, ਉਹ ਆਪਣੀ ਰਿਪੋਰਟ ਜਸਟਿਸ ਜਸਵੀਰ ਸਿੰਘ ਅਤੇ ਐਨਜੀਟੀ ਨਵੀਂ ਦਿੱਲੀ ਨੂੰ ਸੌਂਪੀ ਜਾਵੇਗੀ। ਸ਼ਕਾਇਤਕਰਤਾ ਦੀ ਤਸੱਲੀ ਲਈ ਹੁਣ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਦੁਬਾਰਾ ਸੈਂਪਲਿੰਗ ਕਰੇਗੀ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਹੀਂ ਭਰੋਸਾ
ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਫੀ ਅਧਿਕਾਰੀ ਤੇ ਕਰਮਚਾਰੀ ਫੈਕਟਰੀ ਵਾਲਿਆਂ ਨਾਲ ਕਥਿਤ ਤੌਰ ਤੇ ਮਿਲੇ ਹੋਏ ਹਨ। ਜਿਸ ਕਾਰਨ ਉਹਨਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਭਰੇ ਜਾਣ ਵਾਲੇ ਸੈਂਪਲਾਂ ਤੇ ਹੁਣ ਭਰੋਸਾ ਨਹੀਂ ਰਿਹਾ ਹੈ । ਬਾਜਵਾ ਨੇ ਦੱਸਿਆ ਕਿ ਉਨ੍ਹਾਂ ਇੱਕ ਦਰਖ਼ਾਸਤ ਦੇ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਮੰਗ ਕੀਤੀ ਹੈ ਕਿ ਫੈਕਟਰੀ ਦੇ ਸੈਂਪਲ ਭਰਨ ਲਈ ਪੰਜਾਬ ਤੋਂ ਬਾਹਰੀ ਕੇਂਦਰੀ ਟੀਮ ਗਠਤ ਕਰਕੇ ਮਿੱਟੀ,ਪਾਣੀ ਅਤੇ ਹਵਾ ਦੇ ਸੈਂਪਲ ਭਰੇ ਜਾਣ ਤਾਂ ਜੋ ਇਲਾਕੇ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਅਤੇ ਇੱਥੋਂ ਦੇ ਪਾਣੀ,ਮਿੱਟੀ,ਹਵਾ ਆਦਿ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।