ਹਰਿੰਦਰ ਨਿੱਕਾ , ਬਰਨਾਲਾ 25 ਨਵੰਬਰ 2022
ਆਪਣੀ ਜੁਆਨ ਧੀ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਨੌਜਵਾਨ ਦੇ ਘਰ ਉਲਾਂਭਾ ਦੇਣ ਗਏ, ਪਿਉ ਦੀ ਬੇਰਿਹਮੀ ਨਾਲ ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ । ਕੁੱਟਮਾਰ ਕਾਰਣ ਜਖਮੀ ਹੋਏ ਪਿਉ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਹੋਣਾ ਪਿਆ ਤੇ ਪੁਲਿਸ ਨੇ ਨਾਮਜ਼ਦ ਦੋਸ਼ੀ ਨੌਜਵਾਨ ਖਿਲਾਫ ਕੇਸ ਦਰਜ਼ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਹ ਘਿਨਾਉਣੀ ਘਟਨਾ ਲੰਘੀ ਕੱਲ੍ਹ ਪੁਰਾਣਾ ਬਜ਼ਾਰ ਨੇੜੇ ਕਲਗੀਧਰ ਗੁਰੂਦੁਆਰਾ ਸਾਹਿਬ ਬਰਨਾਲਾ ਇਲਾਕੇ ‘ਚ ਵਾਪਰੀ । ਹਸਪਤਾਲ ‘ਚ ਦਾਖਿਲ ਜਖਮੀ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਸਾਜਨ ਕੁਮਾਰ ਪੁੱਤਰ ਕੋਕੀ ਰਾਮ ਵਾਸੀ ਗਲੀ ਨੰਬਰ -2 ਪੁਰਾਣਾ ਬਾਜ਼ਾਰ ਨੇੜੇ ਗੁਰੂਦੁਆਰਾ ਕਲਗੀਧਰ ਸਾਹਿਬ ਬਰਨਾਲਾ, ਉਸਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਜਦੋਂ ਉਸ ਨੇ ਸਾਜਨ ਕੁਮਾਰ ਦੇ ਘਰ ਜਾ ਕੇ ਉਲਾਂਭਾ ਦਿੱਤਾ ਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਸਾਜਨ ਕੁਮਾਰ ਨੇ ਸੁਧਰਨ ਦੀ ਬਜਾਏ, ਮੇਰੀ ਘਰਵਾਲੀ ਨਾਲ ਕਾਫੀ ਗਾਲੀ ਗਲੋਚ ਕੀਤਾ, ਮੇਰੇ ਰੋਕਣ ਪਰ ਉਸ ਨੇ ਮੇਰੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਹੋਇਆ, ਮੌਕਾ ਤੋਂ ਭੱਜ ਗਿਆ। ਮੇਰੇ ਪਰਿਵਾਰਿਕ ਮੈਂਬਰਾਂ ਨੇ ਮੈਨੂੰ ਜਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਸੇਵਾ ਸਿੰਘ ਨੇ ਦੱਸਿਆ ਕਿ ਜਖਮੀ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਨਾਮਜ਼ਦ ਦੋਸ਼ੀ ਸਾਜਨ ਕੁਮਾਰ ਖਿਲਾਫ ਮੁਕੱਦਮਾਂ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।