ਸੰਤ ਸੀਚੇਵਾਲ ਤੇ ਜਸਟਿਸ ਜਸਵੀਰ ਸਿੰਘ ਦੀ ਦੇਖ ਰੇਖ ‘ਚ IOL ਨੇੜੇ ਸੈਂਪਲ ਲੈਣ ਪਹੁੰਚੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ
ਹਰਿੰਦਰ ਨਿੱਕਾ , ਬਰਨਾਲਾ 23 ਨਵੰਬਰ 2022
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਤੇ ਆਈ.ੳ.ਐਲ. ਫਤਿਹਗੜ੍ਹ ਛੰਨਾ- ਧੌਲਾ ਦੇ ਅੰਦਰ ਅਤੇ ਨੇੜਲੇ ਖੇਤਰ ‘ਚ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਟੀਮ ਨੇ ਰਾਜ ਸਭਾ ਮੈਂਬਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਤੇ ਐਨ.ਜੀ.ਟੀ. ਦੀ ਮੌਨੀਟਰਿੰਗ ਕਮੇਟੀ ਨਵੀਂ ਦਿੱਲੀ ਦੇ ਸੀਨੀਅਰ ਮੈਂਬਰ ਜਸਟਿਸ ਜਸਵੀਰ ਸਿੰਘ ਦੀ ਦੇਖ ਰੇਖ ਵਿੱਚ ਪਾਣੀ ਤੇ ਮਿੱਟੀ ਦੀ ਸੈਂਪਲਿੰਗ ਭਰੇ। ਸਵੇਰੇ ਕਰੀਬ ਗਿਆਰਾਂ ਵਜੇ, ਰੈਸਟ ਹਾਊਸ ਬਰਨਾਲਾ ਵਿੱਚ ਰਾਜ ਸਭਾ ਮੈਂਬਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਤੇ ਐਨ.ਜੀ.ਟੀ. ਦੀ ਮੌਨੀਟਰਿੰਗ ਕਮੇਟੀ ਨਵੀਂ ਦਿੱਲੀ ਦੇ ਸੀਨੀਅਰ ਮੈਂਬਰ ਜਸਟਿਸ ਜਸਵੀਰ ਸਿੰਘ ਵੱਡੇ ਦਲਬਲ ਨਾਲ ਵਾਤਾਵਰਣ ਦੀ ਜਾਂਚ ਕਰਨ ਲਈ ਪਹੁੰਚੇ। ਜਿੰਨ੍ਹਾਂ ਨੇ ਡੀਸੀ ਹਰੀਸ਼ ਨਈਅਰ, ਐਸਐਸਪੀ ਸੰਦੀਪ ਮਲਿਕ ਤੇ ਹੋਰ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉੱਘੇ ਵਾਤਾਵਰਣ ਪ੍ਰੇਮੀ ਤੇ ਆਈੳਅਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਸ਼ਕਾਇਤਕਰਤਾ ਬੇਅੰਤ ਸਿੰਘ ਬਾਜਵਾ ਤੋਂ ਵੀ ਵਿਸ਼ੇਸ਼ ਜਾਣਕਾਰੀ ਲਈ। ਕਰੀਬ ਇੱਕ ਘੰਟਾ ਰੈਸਟ ਹਾਊਸ ਵਿੱਚ ਮੀਟਿੰਗਾਂ ਦੇ ਦੌਰ ਉਪਰੰਤ ਜਸਟਿਸ ਜਸਵੀਰ ਸਿੰਘ ਤੇ ਸੰਤ ਸੀਚੇਵਾਲ ਜਾਂਚ ਨੇ ਟੀਮ ਨੂੰ ਨਾਲ ਲੈ ਕੇ ਆਈ.ੳ.ਐਲ. ਦੇ ਨੇੜਿਉਂ ਲੰਘਦੀ ਬਰਸਾਤੀ ਡਰੇਨ ਵਿੱਚ ਫੈਕਟਰੀ ਵੱਲੋਂ ਪਾਏ ਹੋਏ ਵੱਡੇ ਪਾਈਪਾਂ ਦੇ ਸਬੰਧ ਵਿੱਚ ਫੈਕਟਰੀ ਵਾਲਿਆਂ ਦੀ ਕਾਫੀ ਝਾੜਝੰਬ ਕੀਤੀ ਅਤੇ ਬਰਸਾਤੀ ਨਾਲੇ ਵਿੱਚੋਂ ਸ਼ਾਹ-ਕਾਲੇ ਪਾਣੀ ਦੇ ਸੈਂਪਲ ਭਰਵਾਏ। ਜਾਂਚ ਟੀਮ ਨੇ ਬਰਸਾਤੀ ਨਾਲੇ ਵਿੱਚੋਂ ਕੈਮੀਕਲਾਂ ਦੀ ਘੋਖ ਲਈ ਗਾਰ/ਮਿੱਟੀ ਦੇ ਵੱਖਰੇ ਸੈਂਪਲ ਇਕੱਤਰ ਕੀਤੇ। ਫਿਰ ਡਰੇਨ ਦੇ ਦੋਵੇਂ ਪਾਸੇ ਫੈਲੀ ਆਈ.ੳ.ਐਲ. ਫੈਕਟਰੀ ਦੇ ਦੋਵੇਂ ਯੂਨਿਟਾਂ ਵਿੱਚੋਂ ਵੀ ਪ੍ਰਦੂਸ਼ਣ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ/ ਟਰੀਟਮੈਂਟ ਪਲਾਂਟ ਅਤੇ ਫੈਕਟਰੀਆਂ ਤੇ ਆਲੇ ਦੁਆਲੇ ਦੇ ਹੋਰ ਟਿਊਬਵੈਲਾਂ ਵਿੱਚੋਂ ਪਾਣੀ ਦੇ ਸੈਂਪਲ ਵੀ ਲਏ। ਦਿਨ ਭਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਫੈਕਟਰੀ ਪ੍ਰਬੰਧਕਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਰਹੀਆਂ।
ਸੈਂਪਲ ਲੈਣ ਤੋਂ ਰੋਕਣ ਲਈ ਬੰਦ ਕਰਵਾਈ ਬਿਜ਼ਲੀ !
ਫੈਕਟਰੀ ਵਾਲਿਆਂ ਦਾ ਪ੍ਰਭਾਵ ਜਾਂ ਪ੍ਰਸ਼ਾਸ਼ਨਿਕ ਦਬਦਬਾ ਹੀ ਸਮਝੋ ਕਿ ਜਦੋਂ ਸੰਤ ਸੀਚੇਵਾਲ ਤੇ ਜਸਟਿਸ ਜਸਵੀਰ ਸਿੰਘ, ਹੋਰਨਾਂ ਅਧਿਕਾਰੀਆਂ ਸਣੇ ਨੇੜਲੇ, ਉਨ੍ਹਾਂ ਟਿਊਬਵੈਲਾਂ ਦੇ ਪਾਣੀ ਦੀ ਜਾਂਚ ਕਰਨ ਪਹੁੰਚੇ, ਜਿੰਨ੍ਹਾਂ ਵਿੱਚੋਂ ਕੈਮੀਕਲ ਯੁਕਤ ਪਾਣੀ ਨਿਕਲਦਾ ਹੋਣ ਦੀ ਵੀਡੀਉਜ ਬੇਅੰਤ ਸਿੰਘ ਬਾਜਵਾ ਨੇ ਪੇਸ਼ ਕੀਤੀਆਂ ਸਨ। ਤਾਂ ਉਦੋਂ ਹੈਰਾਨੀ ਦੀ ਹੱਦ ਟੱਪ ਗਈ, ਜਦੋਂ ਉਹ ਖੇਤਾਂ ਵਿੱਚੋਂ ਟਿਊਬਵੈਲ ਹੀ ਗਾਇਬ ਮਿਲੇ। ਪੁੱਛਣ ਤੇ ਪਤਾ ਲੱਗਿਆ ਕਿ ਕੈਮੀਕਲ ਯੁਕਤ ਪਾਣੀ ਵਾਲੀਆਂ ਜਮੀਨਾਂ ਹੀ ਫੈਕਟਰੀ ਵਾਲਿਆਂ ਨੇ ਖਰੀਦ ਕਰਕੇ, ਉੱਥੋਂ ਟਿਊਬਵੈਲ ਖੁਰਦ ਬੁਰਦ ਕਰ ਦਿੱਤੇ। ਜਦੋਂ ਟੀਮ ਹੋਰ ਨੇੜਲੇ ਖੇਤਾਂ ਦੇ ਟਿਊਬਵੈਲਾਂ ਦੇ ਪਾਣੀ ਦੀ ਜਾਂਚ ਕਰਨ ਪਹੁੰਚੇ ਤਾਂ ਬਿਜਲੀ ਗੁੱਲ ਮਿਲੀ। ਸੰਤ ਸੀਚੇਵਾਲ ਅਤੇ ਜਸਟਿਸ ਜਸਵੀਰ ਸਿੰਘ, ਐਨਜੀਟੀ ਦੇ ਮੈਂਬਰ ਬਾਬੂ ਲਾਲ ਹੋਰਾਂ ਨੂੰ ਇੱਕ ਘੰਟੇ ਦੇ ਕਰੀਬ ਬਿਜਲੀ ਦਾ ਇੰਤਜ਼ਾਰ ਕਰਨ ਲਈ, ਮਜਬੂਰ ਹੋਣਾ ਪਿਆ। ਮੌਕੇ ਤੇ ਮੌਜੂਦ ਐਸਡੀਐਮ ਗੋਪਾਲ ਸਿੰਘ ਦੀ ਕਾਫੀ ਜੱਦੋਜਹਿਦ ਤੋਂ ਬਾਅਦ ਬਿਜਲੀ ਆਈ ਤੇ ਉੱਥੋਂ ਕੁੱਝ ਟਿਊਬਵੈਲਾਂ ਦੇ ਪਾਣੀ ਦੇ ਸੈਂਪਲ ਵੀ ਭਰੇ ਗਏ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਗੁਰਬਾਣੀ ਦੇ ਮਹਾਂਵਾਕ ਅਨੁਸਾਰ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ਼ ਸੰਵਾਰੀਐ, ਦੀ ਤਰਾਂ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਫੈਕਟਰੀ ਦੇ ਅਧਿਕਾਰੀਆਂ ਤੇ ਟੀਮ ਵਿੱਚ ਸ਼ਾਮਿਲ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਵਾਤਾਵਰਣ ਹੀ ਸੁੱਧ ਨਾ ਰਿਹਾ ਤਾਂ ਅਸੀਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸਦਾ ਖਾਮਿਆਜਾ ਭੁਗਤਣਾ ਪਵੇਗਾ। ਜਸਟਿਸ ਜਸਵੀਰ ਸਿੰਘ ਨੇ ਵੀ ਫੈਕਟਰੀ ਵਾਲਿਆਂ ਦੀਆਂ ਕਾਫੀ ਕਮੀਆਂ ਤੇ ਉਂਗਲ ਉਠਾਈ, ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨਿਰਪੱਖ ਜਾਂਚ ਯਕੀਨੀ ਬਣਾਉਣਗੇ। ਉੱਧਰ ਐਨਜੀਟੀ ਦੇ ਮੈਂਬਰ ਬਾਬੂ ਰਾਮ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਾਂਚ ਨਿਰਪੱਖ ਹੋਣੀ ਹੀ ਨਹੀਂ, ਬਲਕਿ ਨਿਰਪੱਖਤਾ ਦਿਖਣਾ ਵੀ ਜਰੂਰੀ ਹੈ। ਵਾਤਾਵਰਣ ਪ੍ਰੇਮੀ ਬੇਅੰਤ ਸਿੰਘ ਬਾਜਵਾ ਨੇ ਅੱਜ ਦੀ ਕਾਰਵਾਈ ਤੇ ਅਸੁੰਤਸ਼ੁਟੀ ਜਾਹਿਰ ਕਰਦਿਆਂ ਕਿਹਾ ਕਿ ਉਹ ਭਲ੍ਹਕੇ ਜਾਂਚ ਸਬੰਧੀ ਵੱਡਾ ਤੇ ਅਹਿਮ ਖੁਲਾਸਾ ਕਰਨਗੇ।