ਸਿੱਖਿਆ ਮੁਨਾਫ਼ਾ ਕਮਾਉਣ ਦਾ ਜ਼ਰੀਆ ਨਹੀਂ ਤੇ ਟਿਊਸ਼ਨ ਫੀਸ ਹਮੇਸ਼ਾ ਘੱਟ ਹੋਣੀ ਚਾਹੀਦੀ ਹੈ-SC
ਐਸ.ਕੇ. ਜੱਲ੍ਹਣ , ਨਵੀਂ ਦਿੱਲੀ, 8 ਨਵੰਬਰ 2022
ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਟਿਊਸ਼ਨ ਫੀਸ ਵਧਾਉਣ ਦੇ ਮਾਮਲੇ ਤੇ ਕਾਫੀ ਸਖਤ ਰੁਖ ਅਖਤਿਆਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਿੱਖਿਆ ਮੁਨਾਫਾ ਕਮਾਉਣ ਦਾ ਜ਼ਰੀਆ ਨਹੀਂ ਹੈ ਅਤੇ ਟਿਊਸ਼ਨ ਫੀਸ ਹਮੇਸ਼ਾ ਸਸਤੀ ਹੀ ਹੋਣੀ ਚਾਹੀਦੀ ਹੈ। ਅਜਿਹੀ ਤਿੱਖੀ ਟਿੱਪਣੀ ਦੇ ਨਾਲ ਹੀ ਮਾਨਯੋਗ ਸਰਵਉੱਚ ਅਦਾਲਤ ਨੇ ਮੈਡੀਕਲ ਕਾਲਜਾਂ ਵਿੱਚ ਟਿਊਸ਼ਨ ਫੀਸ 24 ਲੱਖ ਰੁਪਏ ਸਾਲਾਨਾ ਕਰਨ ਦੇ ਆਂਧਰਾ ਪ੍ਰਦੇਸ਼ ਸਰਕਾਰ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਨੂੰ ਹੀ ਬਰਕਰਾਰ ਰੱਖਿਆ ਹੈ । ਜਸਟਿਸ ਐੱਮ.ਆਰ. ਸ਼ਾਹ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਪਟੀਸ਼ਨਰ ਨਰਾਇਣ ਮੈਡੀਕਲ ਕਾਲਜ ਅਤੇ ਆਂਧਰਾ ਪ੍ਰਦੇਸ਼ ‘ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤੀ ਹੁਕਮ ਅਨੁਸਾਰ ਇਹ ਰਕਮ 6 ਹਫ਼ਤਿਆਂ ਦੇ ਅੰਦਰ ਅੰਦਰ ਅਦਾਲਤ ਦੇ ਰਜਿਸਟਰਾਰ ਦਫਤਰ ਵਿੱਚ ਜਮ੍ਹਾਂ ਕਰਾਉਣੀ ਹੋਵੇਗੀ।