ਰਘਵੀਰ ਹੈਪੀ, ਬਰਨਾਲਾ 7 ਨਵੰਬਰ 2022
ਬਠਿੰਡਾ- ਚੰਡੀਗੜ੍ਹ ਕੌਮੀ ਸੜਕ ਮਾਰਗ ਤੇ ਸਥਿਤ ਸਟੈਂਡਰਡ ਚੌਂਕ ਬਰਨਾਲਾ ਵਾਲੇ ਪੁਲ ਤੇ ਵਾਈਐਸ ਸਕੂਲ ਹੰਡਿਆਇਆ ਦੀ ਸਕੂਲ ਵੈਨ ਨੂੰ ਭਿਆਨਕ ਅੱਗ ਲੱਗ ਗਈ। ਪਰੰਤੂ ਚੰਗੀ ਗੱਲ ਇਹ ਰਹੀ ਕਿ ਵੈਨ ਵਿੱਚ ਉਦੋਂ ਕੋਈ ਸਕੂਲੀ ਬੱਚਾ ਨਹੀਂ ਸੀ ਤੇ ਵੈਨ ਦਾ ਡਰਾਈਵਰ ਤੇ ਉਸ ਦਾ ਸਹਾਇਕ ਵੈਨ ਦੇ ਅੱਗ ਦੀਆਂ ਲਪਟਾਂ ਵਿੱਚ ਘਿਰ ਜਾਣ ਤੋਂ ਪਹਿਲਾਂ ਹੀ ਬਾਹਰ ਨਿੱਕਲ ਕੇ ਖੜ੍ਹ ਗਏ ਸਨ। ਦੇਖਦੇ ਹੀ ਦੇਖਦੇ ਵੈਨ ਦਾ ਬਹੁਤਾ ਹਿੱਸਾ ਸੜਕ ਕੇ ਸੁਆਹ ਹੋ ਗਿਆ। ਅੱਗ ਦੀਆਂ ਲਾਟਾਂ ਵੇਖ ਕੇ ਪਨੇਸਰ ਕੰਬਾਈਨ ਦੇ ਮਾਲਿਕ ਜਗਜੀਤ ਸਿੰਘ ਪਨੇਸਰ, ਜਗਮੀਤ ਸਿੰਘ ਪਨੇਸਰ , ਸਟੈਂਡਰਡ ਕੰਬਾਇਨ ਦੇ ਮਾਲਿਕ ਸ਼ਾਹਜੀ ਦਾ ਬੇਟਾ ਪਰਮਿੰਦਰ ਸਿੰਘ ਭਰੀ ਤੇ ਢਾਬੇ ਦਾ ਮੁਲਾਜ਼ਮ ਪਾਲਾ ਸਿੰਘ ਅਤੇ ਹੋਰ ਨੇੜਲੇ ਲੋਕ ਅੱਗ ਬੁਝਾਉਣ ਦੇ ਯਤਨਾਂ ਵਿੱਚ ਲੱਗ ਗਏ। ਪਨੇਸਰ ਕੰਬਾਈਨ ਵਾਲਿਆਂ ਨੇ ਪਾਣੀ ਦਾ ਤੇ ਸਟੈਂਡਰਡ ਕੰਬਾਇਨ ਵਾਲਿਆਂ ਨੇ ਅੱਗ ਬੁਝਾਊ ਗੈਸ ਦੇ ਸਿਲੰਡਰਾਂ ਦਾ ਇੰਤਜਾਮ ਕੀਤਾ। ਇਸੇ ਦੌਰਾਨ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ, ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਉੱਥੇ ਪਹੁੰਚ ਗਈ। ਕਾਫੀ ਯਤਨਾਂ ਤੋਂ ਬਾਅਦ ਵੈਨ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਗਿਆ। ਥਾਣਾ ਸਿਟੀ 2 ਬਰਨਾਲਾ ਦੇ ਐਸਐਚੳ. ਐਸਆਈ ਸੁਖਜੀਤ ਸਿੰਘ, ਏਐਸਆਈ ਟੇਕ ਚੰਦ ਅਤੇ ਪੁਲਿਸ ਚੌਂਕੀ ਹੰਡਿਆਇਆ ਦਾ ਇੰਚਾਰਜ ਐਸਆਈ ਸਰਬਜੀਤ ਸਿੰਘ ਵੀ ਪੁਲਿਸ ਪਾਰਟੀ ਸਣੇ, ਮੌਕੇ ਵਾਲੀ ਥਾਂ ਪਹੁੰਚ ਗਿਆ। ਜਿੰਨ੍ਹਾਂ ਬਚਾਉ ਕੰਮਾਂ ਨੂੰ ਨੇਪਰੇ ਚਾੜ੍ਹਦਿਆਂ ਆਵਾਜਾਈ ਦੀ ਵਿਵਸਥਾ ਨੂੰ ਦਰੁਸਤ ਕਰਵਾਇਆ। ਮੌਕੇ ਤੋਂ ਇਕੱਤਰ ਸੂਚਨਾ ਮੁਤਾਬਿਕ ਅੱਜ ਬਾਅਦ ਦੁਪਿਹਰ ਸਕੂਲ ਵੈਨ ਨੰਬਰ ਪੀਬੀ-31 ਪੀ. 4880 ਦਾ ਡਰਾਇਵਰ ਮੋਨੂੰ ਆਪਣੇ ਸਹਾਇਕ ਸਮੇਤ ਬਰਨਾਲਾ ਤੋਂ ਵਾਈਐਸ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਨੂੰ ਲੈਣ ਲਈ ਜਾ ਰਿਹਾ ਸੀ। ਅਚਾਣਕ ਹੀ ਪਨੇਸਰ ਕੰਬਾਇਨ ਦੇ ਸਾਹਮਣੇ, ੳਵਰਬ੍ਰਿਜ ਦੇ ਖਤਮ ਹੋਣ ਵਾਲੀ ਥਾਂ ਸੜਕ ਤੇ ਵੈਨ ਦਾ ਸ਼ਾਰਟ ਸਰਕਟ ਹੋ ਗਿਆ, ਜਿਸ ਨੂੰ ਵੇਖਣ ਲਈ, ਡਰਾਈਵਰ ਤੇ ਸਹਾਇਕ ਵੈਨ ਵਿੱਚੋਂ ਉਤਰਕੇ ਵੈਨ ਚੈਕ ਕਰਨ ਲੱਗੇ ਤਾਂ ਅਚਾਣਕ ਹੀ ਵੈਨ ਨੂੰ ਅੱਗ ਲੱਗ ਗਈ। ਦੋਵਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਥਾਣਾ ਸਿਟੀ 2 ਬਰਨਾਲਾ ਦੇ ਐਸਐਚੳ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ, ਅਗਲੀ ਕਾਨੁੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ 20 ਕੁ ਦਿਨ ਪਹਿਲਾਂ ਇਸੇ ਸੜਕ ਤੇ ਖੁੱਡੀ ਖੁਰਦ ਨੇੜੇ ਵੀ ਇੱਕ ਚਲਦੀ ਕਾਰ ਨੁੰ ਅੱਗ ਲੱਗ ਗਈ ਸੀ ਤੇ ਉਦੋਂ ਵੀ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ।