ਬਰਨਾਲਾ ਪੁਲਿਸ ਦੇ ਰਵੱਈਏ ਤੋਂ ਖਫਾ ਕੌਂਸਲਰ ਭਿੰਦੀ ਨੇ ਹਾਈਕੋਰਟ ਤੋਂ ਲਾਈ ਇਨਸਾਫ ਦੀ ਗੁਹਾਰ
ਪੁਲਿਸ ਪ੍ਰਸ਼ਾਸ਼ਨ EO ਵਰਮਾ ਖਿਲਾਫ ਦਿੱਤੀ ਸ਼ਕਾਇਤ ਵਾਪਿਸ ਲੈਣ ਅਤੇ ਆਪ ‘ਚ ਸ਼ਾਮਿਲ ਹੋਣ ਲਈ ਪਾ ਰਿਹੈ ਦਬਾਅ- ਕੌਂਸਲਰ ਭਿੰਦੀ
ਜੇ.ਐਸ. ਚਹਿਲ, ਬਰਨਾਲਾ 7 ਨਵੰਬਰ 2022
ਐਸ.ਐਸ.ਪੀ. ਬਰਨਾਲਾ ਹਾਜ਼ਿਰ ਹੋ, ਅਜਿਹੀਆਂ ਅਵਾਜਾਂ ਹੁਣ ਛੇਤੀ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਨ ਨੂੰ ਮਿਲਣਗੀਆਂ । ਜੀ ਹਾਂ ! ਇਸ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਲੰਘੇ ਦਿਨੀਂ ਨਗਰ ਕੌਂਸਲ ਦੇ ਈ.ਓ. ਸੁਨੀਲ ਦੱਤ ਵਰਮਾ ਅਤੇ ਕੌਂਸਲਰਾਂ ਦਰਮਿਆਨ ਪੈਦਾ ਹੋਏ ਝਗੜੇ ਦੀ ਗੂੰਜ ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪਵੇਗੀ। ਪੁਲਿਸ ਪ੍ਰਸ਼ਾਸ਼ਨ ਦੇ ਕਥਿਤ ਤੌਰ ਤੇ ਪੱਖਪਾਤੀ ਰਵੱਈਏ ਤੋਂ ਖਫਾ ਹੋਏ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੇ ਅੱਜ ਹਾਈਕੋਰਟ ਵਿੱਚ ਸਟੇਟ ਗੌਰਮਿੰਟ ਤੇ ਹੋਰਨਾਂ ਦੇ ਖਿਲਾਫ ਹਾਈਕੋਰਟ ਦੇ ਪ੍ਰਸਿੱਧ ਵਕੀਲ ਤੇ ਬਹੁਚਰਚਿਤ ਐਸ.ਪੀ. (ਰਿਟਾ:) ਸਵਰਨ ਸਿੰਘ ਖੰਨਾ ਰਾਹੀਂ ਰਿੱਟ ਦਾਇਰ ਕਰ ਦਿੱਤੀ ਹੈ।
ਕਾਰਜ਼ ਸਾਧਕ ਅਫ਼ਸਰ ਖਿਲਾਫ ਦਿੱਤੀ ਸ਼ਿਕਾਇਤ ਤੇ ਪੁਲਿਸ ਵਲੋਂ ਕਰੀਬ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਕਾਰਵਾਈ ਨਾ ਕਰਨ ਤੋਂ ਨਿਰਾਸ਼ ਹੋਏ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਕਰੀਬ ਦੋ ਹਫਤਿਆਂ ਦੀ ਉਡੀਕ ਤੋਂ ਬਾਅਦ ਆਖਿਰ ਮਾਨਯੋਗ ਹਾਈਕੋਰਟ ਕੋਰਟ ਦਾ ਦਰਵਾਜ਼ਾ ਜਾ ਖੜਕਾਇਆ। ਮਾਨਯੋਗ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੇ ਕਿਹਾ ਕਿ 26 ਅਕਤੂਬਰ ਨੂੰ ਜਦੋਂ ਮੈਂ ਲੋਕ ਹਿੱਤ ਕੰਮਾਂ ਲਈ ਈਓ ਸੁਨੀਲ ਦੱਤ ਵਰਮਾ ਦੇ ਦਫ਼ਤਰ ਗਿਆ ਤਾਂ ਉਹਨਾਂ ਦੇ ਜਾਣ ਪਹਿਲਾਂ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ, ਭਾਜਪਾ ਆਗੂ ਨੀਰਜ਼ ਜਿੰਦਲ ਈਓ ਦੇ ਦਫ਼ਤਰ ਮੌਜੂਦ ਸਨ। ਜਦੋਂ ਉਹਨਾਂ ਵਲੋਂ ਆਪਣੇ ਵਾਰਡ ਦੇ ਕੰਮਾਂ ਸੰਬੰਧੀ ਈਓ ਸੁਨੀਲ ਦੱਤ ਵਰਮਾ ਨਾਲ ਗੱਲ ਕਰਨੀ ਚਾਹੀ ਤਾਂ ਈਓ ਵਲੋਂ ਮੌਕੇ ਤੇ ਦਫ਼ਤਰ ਮੌਜੂਦ ਸੋਨੀ ਜਾਗਲ, ਨੀਰਜ਼ ਜਿੰਦਲ ਆਦਿ ਦੀ ਹਾਜ਼ਰੀ ‘ਚ ਮੈਨੂੰ ਜਾਤੀਸੂਚਕ ਸ਼ਬਦਾਂ ਨਾਲ ਸੰਬੋਧਨ ਕਰਕੇ ਜਲੀਲ ਕੀਤਾ। ਮੌਕੇ ਤੇ ਮੌਜੂਦ ਸੋਨੀ ਜਾਗਲ ਅਤੇ ਨੀਰਜ਼ ਜਿੰਦਲ ਨੇ ਈਓ ਨੂੰ ਜਾਤੀਸੂਚਕ ਸ਼ਬਦਾਂ ਦਾ ਪ੍ਰਯੋਗ ਕਰਨ ਤੋਂ ਵਰਜਿਆ । ਪਰ ਉਸ ਨੇ ਕਿਸੇ ਦੀ ਪ੍ਰਵਾਹ ਨਾ ਕਰਦੇ ਲਗਾਤਾਰ ਉਸ ਨੂੰ ਅਪਸ਼ਬਦਾਂ ਅਤੇ ਜਾਤੀਸੂਚਕ ਸ਼ਬਦਾਂ ਨਾਲ ਸੰਬੋਧਨ ਕੀਤਾ। ਇਸ ਸੰਬੰਧ ਵਿੱਚ ਉਸੇ ਦਿਨ 26 ਅਕਤੂਬਰ ਨੂੰ ਉਸ ਵਲੋਂ ਈਓ ਸੁਨੀਲ ਦੱਤ ਵਰਮਾ ਖਿਲਾਫ਼ ਬਰਨਾਲਾ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਪਰ ਬਰਨਾਲਾ ਪੁਲਿਸ ਵਲੋਂ ਉਹਨਾ ਦੀ ਸ਼ਿਕਾਇਤ ਤੇ ਕਰੀਬ ਦੋ ਹਫ਼ਤੇ ਬੀਤ ਜਾਣ ਦੇ ਬਾਵਜੂਦ ਈਓ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਈਓ ਸੁਨੀਲ ਦੱਤ ਵਰਮਾ ਵਲੋਂ ਉਸ ਦੇ ਕੇਸ ਚ ਮੌਜੂਦ ਦੋਵੇਂ ਗਵਾਹ ਤੇਜਿੰਦਰ ਸਿੰਘ ਸੋਨੀ ਜਾਗਲ ਅਤੇ ਨੀਰਜ਼ ਜਿੰਦਲ ਖਿਲਾਫ਼ ਕਥਿਤ ਝੂਠੇ ਦੋਸ਼ਾਂ ਤਹਿਤ ਪੁਲਿਸ ਥਾਣਾ ਸਿਟੀ -1 ਬਰਨਾਲਾ ਵਿਖੇ ਦਿੱਤੀ ਦਰਖਾਸਤ ਤੇ ਬਰਨਾਲਾ ਪੁਲਿਸ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਦੋਵਾਂ ਆਗੂਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਨੀਰਜ ਜਿੰਦਲ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ,ਜਿਸ ਵਿੱਚ ਨੀਰਜ਼ ਜਿੰਦਲ ਕਰੀਬ ਇੱਕ ਹਫ਼ਤਾ ਜੇਲ ਕੱਟ ਕਿ ਜ਼ਮਾਨਤ ਤੇ ਰਿਹਾਅ ਹੋ ਕੇ ਬੀਤੀ ਕੱਲ ਘਰ ਪਰਤੇ ਹਨ।
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਪਾਇਆ ਜਾ ਰਿਹੈ ਦਬਾਅ
ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੇ ਹਲਫੀਆ ਬਿਆਨ ਦੇ ਕਰ ਦੋਸ਼ ਲਾਇਆ ਹੈ ਬਰਨਾਲਾ ਪੁਲਿਸ ਵਲੋਂ ਉਹਨਾਂ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਕਰਨ ਦੀ ਬਜਾਏ , ਉਲਟਾ ਮੇਰੇ ਪਰ ਹੀ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਵਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਾਂ ਤਾਂ ਈਓ ਖਿਲਾਫ ਦਿੱਤੀ ਸ਼ਿਕਾਇਤ ਵਾਪਿਸ ਲੈ ਲਾ, ਨਹੀਂ ਤਾਂ ਤੇਰੇ ਤੇ ਵੀ ਕੋਈ ਪਰਚਾ ਪਾ ਕੇ ਜੇਲ੍ਹ ਭੇਜ ਦਿੱਤਾ ਜਾਵੇਗਾ। ਮਾਨਯੋਗ ਹਾਈਕੋਰਟ ਕੋਰਟ ਵਿੱਚ ਪਾਈ ਪਟੀਸਨ ਵਿੱਚ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਵਲੋਂ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਗਈ ਹੈ ਕਿ ਸਰਕਾਰ ਦੇ ਇਸ਼ਾਰੇ ਤੇ ਬਰਨਾਲਾ ਪੁਲਿਸ ਵਲੋਂ ਉਸ ਖਿਲਾਫ ਕੋਈ ਕਥਿਤ ਝੂਠਾ ਮਾਮਲਾ ਦਰਜ ਕਰਕੇ ਉਸ ਨੂੰ ਕਿਸੇ ਮੌਕੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਦੋਵਾਂ ਆਗੂਆਂ ਖਿਲਾਫ਼ ਦਰਜ਼ ਮਾਮਲਾ ਝੂਠਾ ਅਤੇ ਬੇਬੁਨਿਆਦ
ਕੌਂਸਲਰ ਭਿੰਦੀ ਨੇ ਆਪਣੀ ਪਟੀਸਨ ਵਿੱਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਈਓ ਦੀ ਸ਼ਿਕਾਇਤ ਤੇ ਬਰਨਾਲਾ ਪੁਲਿਸ ਵਲੋਂ ਤੇਜਿੰਦਰ ਸਿੰਘ ਸੋਨੀ ਜਾਗਲ ਅਤੇ ਨੀਰਜ਼ ਜਿੰਦਲ ਖਿਲਾਫ਼ ਦਰਜ਼ ਕੀਤਾ ਮਾਮਲਾ ਝੂਠਾ ਅਤੇ ਬੇਬੁਨਿਆਦ ਹੈ। ਉਸ ਨੇ ਕਿਹਾ ਕਿ ਇਸ ਸਾਰੇ ਵਾਕਿਆਤ ਮੌਕੇ ਮੈਂ ਮੌਜੂਦ ਸੀ। ਮੇਰੀ ਮੌਜੂਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁੱਟਮਾਰ ਆਦਿ ਨਹੀਂ ਹੋਈ । ਉਹਨਾਂ ਤੋਂ ਇਲਾਵਾ ਦਫ਼ਤਰ ਦਾ ਹੋਰ ਕੋਈ ਵੀ ਮੁਲਾਜ਼ਮ ਜਾਂ ਅਧਿਕਾਰੀ ਘਟਨਾ ਸਮੇਂ ਮੌਜੂਦ ਨਹੀਂ ਸੀ। ਉਹਨਾਂ ਕਿਹਾ ਕਿ ਈ.ਓ ਵਲੋਂ ਦਿੱਤੀ ਸ਼ਿਕਾਇਤ ਵਿੱਚ ਜਿਸ ਮੁਲਾਜਮ ਨੂੰ ਮੌਕੇ ਦੇ ਗਵਾਹ ਵਜੋਂ ਰੱਖਿਆ ਗਿਆ ਹੈ,ਉਹ ਮੌਕੇ ਤੇ ਮੌਜੂਦ ਹੀ ਨਹੀਂ ਸੀ। ਜਿਸ ਦਾ ਸਬੂਤ 40 ਮਿੰਟ ਦੀ ਵੀਡੀਉ ਵੀ ਮੇਰੇ ਕੋਲ ਹੈ। ਭਿੰਦੀ ਨੇ ਕਿਹਾ ਕਿ ਝੂਠੀ ਗਵਾਹੀ ਦੇਵ ਵਾਲੇ ਖਿਲਾਫ ਵੀ, ਤੱਥਾਂ ਸਹਿਤ ਮਾਨਯੋਗ ਹਾਈਕੋਰਟ ਵਿੱਚ ਇੱਕ ਹੋਰ ਰਿਟ ਦਾਇਰ ਕਰ ਰਿਹਾ ਹਾਂ।