Bjp ਆਗੂ ਨੀਰਜ ਜਿੰਦਲ ਤੇ ਅਕਾਲੀ ਆਗੂ ਸੋਨੀ ਜਾਗਲ ਤੇ ਕਿਉਂ ਹੋਈ ਐਫਆਈਆਰ
ਹਰਿੰਦਰ ਨਿੱਕਾ ,ਬਰਨਾਲਾ 27 ਅਕਤੂਬਰ 2022
ਇਸ ਨੂੰ ਸੂਬੇ ਦੀ ਸੱਤਾਧਾਰੀ ਧਿਰ ਦਾ ਥਾਪੜਾ ਸਮਝੋ ਜਾਂ ਕੁੱਝ ਹੋਰ,ਇੱਕ ਵਾਰ ਤਾਂ ਨਗਰ ਕੌਂਸਲ ਦਾ ਕਾਰਜਸਾਧਕ ਅਫਸਰ, ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਤੇ ਇਕੱਲਾ ਹੀ ਭਾਰੀ ਪੈ ਗਿਆ। ਯਾਨੀ ਪੁਲਿਸ ਨੇ ਈ.ਓ. ਸੁਨੀਲ ਦੱਤ ਵਰਮਾ ਦੀ ਸ਼ਕਾਇਤ ਦੇ ਆਧਾਰ ਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਆਗੂ ਅਤੇ ਕੌਸਲਰ ਦੇ ਬੇਟੇ ਨੀਰਜ਼ ਜਿੰਦਲ ਅਤੇ ਯੂਥ ਅਕਾਲੀ ਆਗੂ ਅਤੇ ਕੌਸਲਰ ਦੇ ਬੇਟੇ ਤੇਜਿੰਦਰ ਸਿੰਘ ਸੋਨੀ ਜਾਗਲ ਦੇ ਖਿਲਾਫ ਈ.ਓ. ਨੂੰ ਦਫਤਰ ਵਿੱਚ ਬੰਦ ਕਰਕੇ ਕੁੱਟਮਾਰ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਆਦਿ ਜੁਰਮਾਂ ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਚੁੱਪ-ਗੜੁੱਪ ਤਰੀਕੇ ਨਾਲ ਕੇਸ ਦਰਜ ਕਰ ਦਿੱਤਾ ਹੈ। ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਦੋਸ਼ ਲਾਇਆ ਕਿ ਲੰਘੀ ਕੱਲ੍ਹ ਉਹ ਦਫਤਰ ਵਿੱਚ ਡਿਊਟੀ ਤੇ ਮੌਜੂਦ ਸੀ, ਇਸੇ ਦੌਰਾਨ ਨੀਰਜ ਜਿੰਦਲ, ਤੇਜਿੰਦਰ ਸਿੰਘ ਸੋਨੀ ਜਾਗਲ ,ਕੌਸਲਰ ਭੁਪਿੰਦਰ ਸਿੰਘ ਭਿੰਦੀ ਅਤੇ ਕੌਸਲਰ ਧਰਮਿੰਦਰ ਸਿੰਘ ਸੈਂਟੀ ਨੇ ਉਸ ਨੂੰ ਦਫਤਰ ਅੰਦਰ ਘੇਰ ਲਿਆ, ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਅਜਿਹਾ ਕਰਕੇ, ਉਕਤ ਸਾਰਿਆਂ ਨੇ ਉਸ ਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਪੁਲਿਸ ਨੇ ਦੋਸ਼ਾਂ ਦੀ ਬਿਨਾਂ ਕਿਸੇ ਪੜਤਾਲ ਤੋਂ ਸਿਰਫ ਸ਼ਕਾਇਤ ਦੇ ਆਧਾਰ ਤੇ ਹੀ, ਦੁਰਖਾਸਤ ਵਿੱਚ ਦਰਜ ਵਿਅਕਤੀਆਂ ਵਿਚੋਂ ਦੋ ਨੀਰਜ ਜਿੰਦਲ ਅਤੇ ਸੋਨੀ ਜਾਗਲ ਦੇ ਖਿਲਾਫ ਐਫਆਈਆਰ ਨੰਬਰ 473 ਜੁਰਮ 353/186/323/506/34 ਆਈਪੀਸੀ ਦੇ ਤਹਿਤ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਜਦੋਂ ਕਿ ਦੋਵੇਂ ਕੌਸਲਰਾਂ ਭੁਪਿੰਦਰ ਸਿੰਘ ਭਿੰਦੀ ਅਤੇ ਧਰਮਿੰਦਰ ਸਿੰਘ ਸ਼ੈਂਟੀ ਨੂੰ ਫਿਲਹਾਲ ਕੇਸ ਵਿੱਚ ਦੋਸ਼ੀ ਨਾਮਜਦ ਨਹੀਂ ਕੀਤਾ ਗਿਆ। ਵਰਨਣਯੋਗ ਹੈ ਕਿ ਭਿੰਦੀ ਐਮ.ਸੀ. ਨੇ ਆਪ ਉਮੀਦਵਾਰ ਦੇ ਤੌਰ ਤੇ ਚੋਣ ਜਿੱਤੀ ਸੀ,ਜਿਸ ਨੂੰ ਬਾਅਦ ਵਿੱਚ ਪਾਰਟੀ ‘ਚੋਂ ਕੱਢ ਦਿੱਤਾ ਗਿਆ ਸੀ,ਜਦਕਿ ਧਰਮਿੰਦਰ ਸ਼ੈਂਟੀ ਨੇ ਕਾਂਗਰਸੀ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਤੇ ਉਹ ਆਪ ਸਰਕਾਰ ਬਣਦਿਆਂ ਹੀ ਆਮ ਆਦਮੀ ਪਾਰਟੀ ਵਿੱਚ ਛੜੱਪਾ ਮਾਰ ਗਿਆ ਸੀ। ਥਾਣਾ ਸਿਟੀ 1 ਬਰਨਾਲਾ ਦੇ ਐਸ ਐਚ ਓ ਬਲਜੀਤ ਸਿੰਘ ਢਿੱਲੋਂ ਦਾ ਪੱਖ ਜਾਣਨ ਲਈ ਫੋਨ ਕੀਤਾ, ਜਿਹੜਾ ਕਿਸੇ ਹੋਰ ਪੁਲਿਸ ਮੁਲਾਜ਼ਮ ਨੇ ਸੁਣਦਿਆਂ ਕਿਹਾ ਕਿ ਐਸ ਐਚ ਓ ਸਾਬ੍ਹ ,ਦੂਜੇ ਫੋਨ ਤੇ ਵਿਜ਼ੀ ਹਨ। ਉੱਧਰ ਭਾਜਪਾ ਆਗੂ ਨੀਰਜ ਜਿੰਦਲ ਨੇ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਵਿੱਚ ਈਓ ਸੁਨੀਲ ਦੱਤ ਵਰਮਾ ਨੇ ਕੌਸਲਰ ਭੁਪਿੰਦਰ ਸਿੰਘ ਭਿੰਦੀ ਨੂੰ ਜਾਤੀ ਤੌਰ ਤੇ ਅਪਮਾਨਿਤ ਕੀਤਾ ਸੀ,ਜਿਸ ਸਬੰਧੀ ਮੈਂ ਅਤੇ ਸੋਨੀ ਜਾਗਲ ਨੇ ਗਵਾਹੀ ਪਾਈ ਹੈ, ਸਾਨੂੰ ਗਵਾਹੀ ਤੋਂ ਰੋਕਣ ਲਈ ਦਬਾਅ ਪਾਉਣ ਹਿੱਤ ਝੂਠੀ ਕਹਾਣੀ ਘੜ੍ਹਕੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਪੱਖਪਾਤੀ ਰਵੱਈਏ ਦੀ ਨਿੰਦਿਆ ਕਰਦਿਆਂ ਕਿਹਾ ਕਿ ਪੁਲਿਸ ਨੇ ਪੜਤਾਲ ਤੋਂ ਬਿਨਾਂ ਹੀ ਕੇਸ ਦਰਜ ਕੀਤਾ ਹੈ,ਜਦੋਂ ਕਿ ਦਲਿਤ ਸਮਾਜ ਦੇ ਚੁਣੇ ਹੋਏ ਕੌਸਲਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਸਬੰਧੀ ਦਿੱਤੀ ਸ਼ਕਾਇਤ ਤੇ ਕਾਰਜਸਾਧਕ ਅਫਸਰ ਖਿਲਾਫ ਕੋਈ ਕਾਨੂੰਨੀ ਕਾਰਵਾਈ ਹਾਲੇ ਤੱਕ ਅਮਲ ਵਿਚ ਨਹੀਂ ਲਿਆਂਦੀ ਗਈ। ਜਿਸ ਤੋਂ ਸਾਫ ਪਤਾ ਲੱਗਦਾ ਹੈ।ਕਿ ਪੁਲਿਸ ਅਧਿਕਾਰੀ ਦਲਿਤ ਵਿਰੋਧੀ ਹੈ।