ਸਾਰੇ ਪੁਆੜਿਆਂ ਦੀ ਜੜ੍ਹ ਕਾਂਗਰਸੀਆਂ ਨੂੰ ਪੰਜਾਬ ਦੇ ਮੁੱਦਿਆਂ ਤੇ ਬੋਲਣ ਦਾ ਕੋਈ ਹੱਕ ਨਹੀਂ ਹੈ : ਪ੍ਰੋ. ਬਡੂੰਗਰ
ਪਟਿਆਲਾ, 13 ਅਕਤੂਬਰ (ਰਿਚਾ ਨਾਗਪਾਲ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ 14 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਹੋਣ ਜਾ ਰਹੀ ਮੀਟਿੰਗ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਲ ਪਾਰਟੀ ਦੀ ਮੀਟਿੰਗ ਸੱਦੇ ਜਾਣ ਦੇ ਦਿੱਤੇ ਬਿਆਨ ਤੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਮੁੱਢ ਤੋਂ ਹੀ ਪੰਜਾਬ ਨਾਲ ਵੱਡਾ ਵਿਤਕਰਾ ਕੀਤਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਨਾਲ ਵਾਰ-ਵਾਰ ਧੱਕਾ, ਧੋਖਾ ਅਤੇ ਬੇਈਮਾਨੀ ਕਾਂਗਰਸ ਸਰਕਾਰ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਕਾਂਗਰਸੀਆਂ ਨੂੰ ਪੰਜਾਬ ਦੇ ਮੁੱਦਿਆਂ ਤੇ ਬੋਲਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਸਾਰੇ ਪੁਆੜੇ ਕਾਂਗਰਸ ਪਾਰਟੀ ਵੱਲੋਂ ਹੀ ਪਾ ਕੇ ਰੱਖੇ ਗਏ ਹਨ ।
ਉਨ੍ਹਾਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ (ਐਸ.ਵਾਈ.ਐਲ) ਦਾ 4 ਅਗਸਤ 1982 ਨੂੰ ਦੇਸ਼ ਦੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਆਪ ਖ਼ੁਦ ਆ ਕੇ ਕਪੂਰੀ ਵਿਖੇ ਟੱਕ ਲਗਾਇਆ ਗਿਆ ਸੀ ਤੇ ਸਰਕਾਰ ਦੇ ਜ਼ੋਰ ਤੇ ਸਤਲੁਜ ਯਮਨਾ ਲਿੰਕ ਨਹਿਰ ਬਣਵਾ ਲਈ ਗਈ ਸੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਫੈਸਲੇ ਨੂੰ ਪੂਰਨ ਤੌਰ ਤੇ ਰੱਦ ਕੀਤਾ ਗਿਆ ਸੀ ਤੇ ਜਿਨ੍ਹਾਂ-ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਇਸ ਬਣੀ ਹੋਈ ਹੈ ਨਹਿਰ ਵਿਚ ਆ ਰਹੀ ਸੀ ਉਹ ਜ਼ਮੀਨ ਨੂੰ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਗਈ ਸੀ । ਉਨ੍ਹਾਂ ਕਿਹਾ ਕਿ ਨਾ ਹੀ ਪੰਜਾਬ ਕੋਲ ਕਿਸੇ ਬਾਹਰੀ ਸੂਬੇ ਨੂੰ ਪਾਣੀ ਦੇਣ ਲਈ ਵਾਧੂ ਪਾਣੀ ਹੈ ਤੇ ਨਾ ਹੀ ਪੰਜਾਬ ਦਾ ਪਾਣੀ ਬਾਹਰ ਜਾਣ ਦਿੱਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਦੌਰਾਨ ਦੇਸ਼ ਵਿੱਚ ਬਾਕੀ ਥਾਵਾਂ ਤੇ ਭਾਸ਼ਾ ਦੇ ਆਧਾਰ ‘ਤੇ ਸੂਬੇ ਤਾਂ ਬਣਾ ਦਿੱਤੇ ਗਏ ਪਰ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਦੇ ਆਧਾਰ ਤੇ ਹੀ ਪੰਜਾਬੀ ਸੂਬਾ ਨਹੀਂ ਬਣਾਇਆ ਗਿਆ ।
ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਸੰਵਿਧਾਨ ਤੋਂ ਉਲਟ ਪੰਜਾਬੀ ਸੂਬਾ ਬਣਾਉਣ ਵਿੱਚ ਵੀ ਕਾਂਗਰਸ ਪਾਰਟੀ ਵੱਲੋਂ ਰੋਕਾਂ ਲਗਾਈਆਂ ਗਈਆਂ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਵਾਰ-ਵਾਰ ਮੋਰਚੇ ਲਗਾਉਣੇ ਪਏ ਅਤੇ ਇਨ੍ਹਾਂ ਮੋਰਚਿਆਂ ਵਿਚ ਵੱਡੇ ਪੱਧਰ ਤੇ ਅਕਾਲੀ ਵਰਕਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ।
ਉਨ੍ਹਾਂ ਕਿਹਾ ਕਿ ਇਸ ਸਭ ਦੇ ਉਲਟ ਕਾਂਗਰਸ ਸਰਕਾਰ ਵੱਲੋਂ ਪੰਜਾਬ ਸੂਬਾ ਬਣਾਇਆ ਗਿਆ ਤਾਂ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਗਏ ਅਤੇ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਹਿਮਾਚਲ ਬਣਾ ਦਿੱਤੇ ਗਏ ਤੇ ਪੰਜਾਬ ਨੂੰ ਆਪਣੀ ਰਾਜਧਾਨੀ ਅਤੇ ਹਾਈਕੋਰਟ ਨਾ ਦੇ ਕੇ ਇਸ ਨੂੰ ਸਾਂਝੇ ਰੱਖ ਲਿਆ ਗਿਆ ।
ਉਨ੍ਹਾਂ ਕਿਹਾ ਕਿ ਅਨੇਕਾਂ ਮੋਰਚਿਆਂ ਤੇ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਵਿੱਚ ਹੁੱਡਾ ਦੀ ਕਾਂਗਰਸੀ ਸਰਕਾਰ ਨੇ ਐਕਟ ਬਣਾ ਕੇ ਦੋ ਫਾੜ ਕਰਨ ਦਾ ਕੋਝਾ ਯਤਨ ਕੀਤਾ ।