ਸਬਸਿਡੀ ਵਾਲੀ ਯੂਰੀਆ ਤੇ ਡੀ.ਏ.ਪੀ. ਖਾਦ ਵੇਚਣ ਸਮੇਂ ਖਾਦ ਵਿਕਰੇਤਾਵਾਂ ਵੱਲੋਂ ਹੋਰ ਵਾਧੂ ਖੇਤੀ ਸਮੱਗਰੀ ਦੀ ਜਬਰਨ ਟੈਗਿੰਗ ਕਰਨ ‘ਤੇ ਪਾਬੰਦੀ ਦੇ ਹੁਕਮ ਜਾਰੀ
ਪਟਿਆਲਾ, 12 ਅਕਤੂਬਰ (ਰਾਜੇਸ਼ ਗੌਤਮ)
ਵਧੀਕ ਡਿਪਟੀ ਕਮਿਸ਼ਨਰ (ਜ), ਪਟਿਆਲਾ ਗੁਰਪ੍ਰੀਤ ਸਿੰਘ ਥਿੰਦ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਵਾਨਗੀ ਨਾਲ ਇੱਕ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਅੰਦਰ ਖਾਦ ਵਿਕਰੇਤਾਵਾਂ ਵੱਲੋਂ ਸਬਸਿਡੀ ਉਪਰ ਦਿੱਤੀ ਜਾਣ ਵਾਲੀ ਯੂਰੀਆ ਖਾਦ ਅਤੇ ਡੀ.ਏ.ਪੀ. ਖਾਦ ਵੇਚਣ ਸਮੇਂ ਹੋਰ ਖੇਤੀ ਸਮੱਗਰੀ (ਜਿਵੇਂ ਕਿ ਕੀੜੇਮਾਰ ਦਵਾਈਆਂ ਤੇ ਬਾਇਓ ਖਾਦਾਂ ਆਦਿ) ਦੀ ਕਿਸਾਨਾਂ ਨੂੰ ਜਬਰਨ ਟੈਗਿੰਗ ਕਰਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਏ.ਡੀ.ਸੀ. ਨੇ ਕਿਹਾ ਕਿ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁਝ ਖਾਦ ਡੀਲਰਾਂ ਵੱਲੋਂ ਕਿਸਾਨਾਂ ਦੀ ਲੋੜ ਤੋਂ ਬਗੈਰ ਕੀੜੇਮਾਰ ਦਵਾਈਆਂ ਤੇ ਬਾਇਓ ਖਾਦਾਂ ਆਦਿ ਨੂੰ ਯੂਰੀਆ ਤੇ ਡੀ.ਏ.ਪੀ. ਖਾਦ ਦੇ ਨਾਲ ਜਬਰੀ ਥੋਪਿਆ ਜਾਂਦਾ ਹੈ।
ਗੁਰਪ੍ਰੀਤ ਸਿੰਘ ਥਿੰਦ ਨੇ ਇਸ ਲਈ ਸਮੂਹ ਖਾਦ ਵਿਕਰੇਤਾ ਡੀਲਰਾਂ ਅਤੇ ਸਹਿਕਾਰੀ ਸਭਾਵਾਂ ਨੂੰ ਇਹ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਵੱਲੋਂ ਕਿਸੇ ਵੀ ਕਿਸਾਨ ਨੂੰ ਖਾਦ ਦੇ ਨਾਲ ਕਿਸੇ ਹੋਰ ਖੇਤੀ ਸਮੱਗਰੀ ਬਿਨ੍ਹਾਂ ਲੋੜ ਜਾਂ ਕਿਸਾਨ ਦੀ ਮੰਗ ਤੋਂ ਬਗੈਰ ਵੇਚੀ ਜਾਂ ਦਿੱਤੀ ਜਾਂਦੀ ਹੈ ਤਾਂ ਅਜਿਹਾ ਕਰਨ ਦੀ ਸੂਰਤ ਵਿੱਚ ਸਬੰਧਤ ਡੀਲਰ, ਸਹਿਕਾਰੀ ਸਭਾਵਾਂ, ਦੁਕਾਨਦਾਰਾਂ ਵਿਰੁੱਧ ਖਾਦ ਕੰਟਰੋਲ ਆਰਡਰ, 1985 ਅਧੀਨ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਏ.ਡੀ.ਸੀ. ਨੇ ਹਾੜੀ ਸੀਜਨ 2022-23 ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਇਹ ਵੀ ਹਦਾਇਤ ਕੀਤੀ ਕਿ ਪ੍ਰਤੀ ਕਿਸਾਨ ਨੂੰ ਪ੍ਰਤੀ ਦਿਨ ਡੀ.ਏ.ਪੀ. ਦੇ 25 ਥੈਲੇ ਤੋਂ ਵੱਧ ਨਾ ਵੇਚੇ ਜਾਣ ਤਾਂ ਜੋ ਕਿਸਾਨਾਂ ਵਿੱਚ ਡੀ.ਏ.ਪੀ. ਦੀ ਬਰਾਬਰ ਵੰਡ ਕੀਤੀ ਜਾ ਸਕੇ।ਉਨ੍ਹਾਂ ਨੇ ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਸਮੂਹ ਖਾਦ ਵਿਕਰੇਤਾ ਅਤੇ ਸਹਿਕਾਰੀ ਸਭਾਵਾਂ ਨੂੰ ਆਪਣੇ ਪੱਧਰ ‘ਤੇ ਵੀ ਸੂਚਿਤ ਕਰਨ ਲਈ ਪਾਬੰਦ ਕੀਤਾ ਗਿਆ ਹੈ।