ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦਾ ਨਾਮ ਰੌਸ਼ਨ ਕਰਨ ਲਈ ਭਾਰਤੀ ਰਾਸ਼ਟਰੀ ਅੰਡਰ-17 ਫੁੱਟਬਾਲ ਟੀਮ ਦੇ ਦੋ ਖਿਡਾਰੀਆਂ ਦੀ ਸ਼ਲਾਘਾ
ਲੁਧਿਆਣਾ, 12 ਅਕਤੂਬਰ (ਦਵਿੰਦਰ ਡੀ ਕੇ)
ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਜ਼ਿਲ੍ਹੇ ਦੇ ਪਿੰਡ ਕਮਾਲਪੁਰ ਦੇ ਭਾਰਤੀ ਅੰਡਰ-17 ਫੁੱਟਬਾਲ ਟੀਮ ਦੇ ਦੋ ਖਿਡਾਰੀਆਂ ਗੁਰਨਾਜ਼ ਸਿੰਘ ਗਰੇਵਾਲ ਅਤੇ ਬਲਕਰਨ ਸਿੰਘ ਵੱਲੋਂ ਆਪਣੀ ਖੇਡ ਰਾਹੀਂ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਲਈ ਸ਼ਲਾਘਾ ਕੀਤੀ।
ਗੁਰਨਾਜ਼ ਸਿੰਘ ਗਰੇਵਾਲ ਅਤੇ ਬਲਕਰਨ ਸਿੰਘ ਦੋਵੇਂ ਅੰਡਰ-17 ਭਾਰਤੀ ਫੁਟਬਾਲ ਟੀਮ ਦਾ ਹਿੱਸਾ ਸਨ ਜਿਨ੍ਹਾਂ ਹਾਲ ਹੀ ਵਿੱਚ ਸਾਊਦੀ ਅਰਬ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਏਸ਼ੀਅਨ ਫੁਟਬਾਲ ਕਨਫੈਡਰੇਸ਼ਨ (ਏ.ਐਫ.ਸੀ.) ਅੰਡਰ-17 ਏਸ਼ੀਅਨ ਕੱਪ ਲਈ ਜਗ੍ਹਾ ਬਣਾਈ।
ਡਿਪਟੀ ਕਮਿਸ਼ਨਰ ਵੱਲੋਂ ਆਪਣੇ ਦਫ਼ਤਰ ਵਿਖੇ ਦੋਵਾਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਆਪਣੇ ਯਾਦਗਾਰੀ ਪ੍ਰਦਰਸ਼ਨ ਨਾਲ ਆਪਣੇ ਸੂਬੇ ਅਤੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਤਿਆਰੀ ਸਬੰਧੀ ਆਗਾਮੀ ਗੋਆ ਕੈਂਪ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਹਨ।
ਸ੍ਰੀਮਤੀ ਮਲਿਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਮਦਦ ਲਹੀ ਤੱਤਪਰ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਨਸ਼ੇ ਦੇ ਖਿਲਾਫ ਗੁਰਨਾਜ਼ ਅਤੇ ਬਲਕਰਨ ਨੂੰ ਯੰਗ ਆਈਕਨ ਵਜੋਂ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਉਹ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇ ਸਕਣ।
ਗੁਰਨਾਜ਼ (15) ਅਤੇ ਬਲਕਰਨ (16) ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਗੁਰਨਾਜ਼ ਚੰਡੀਗੜ੍ਹ ਫੁੱਟਬਾਲ ਅਕੈਡਮੀ ਵਿੱਚ ਸਿਖਲਾਈ ਲੈ ਰਿਹਾ ਹੈ ਅਤੇ ਬਲਕਰਨ ਆਨੰਦਪੁਰ ਸਾਹਿਬ ਫੁੱਟਬਾਲ ਅਕੈਡਮੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਆਪਣੇ ਕੋਚ ਹਰਜਿੰਦਰ ਸਿੰਘ, ਅੰਕੁਰ ਖੰਨਾ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਜਸਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਦਾ ਵੀ ਧੰਨਵਾਦ ਕੀਤਾ।